ਸੈਂਟਰਲ ਜੀਐੱਸਟੀ ’ਚ ਪੁੱਜਾ ਅਗਰਵਾਲ ਢਾਬੇ ਦਾ ਮਾਲਕ
ਸੈਂਟਰਲ ਜੀਐਸਟੀ ’ਚ ਪੁੱਜਾ ਅਗਰਵਾਲ ਢਾਬਾ ਸੰਚਾਲਕ, ਰੋਜ਼ਾਨਾ ਸੇਲ ਤੇ ਬੈਂਕ ਦਾ ਰਿਕਾਰਡ ਦਿੱਤਾ
Publish Date: Fri, 21 Nov 2025 08:07 PM (IST)
Updated Date: Fri, 21 Nov 2025 08:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ੁੱਕਰਵਾਰ ਨੂੰ ਅਗਰਵਾਲ ਢਾਬਾ ਸੰਚਾਲਕ ਨਰੇਸ਼ ਕੁਮਾਰ ਸੈਂਟਰਲ ਜੀਐੱਸਟੀ ਅਧਿਕਾਰੀਆਂ ਕੋਲ ਰਿਕਾਰਡ ਲੈ ਕੇ ਪੁੱਜਾ। ਰਿਕਾਰਡ ਵਿੱਚ ਢਾਬੇ ਦੀ ਰੋਜ਼ਾਨਾ ਸੇਲ ਤੇ ਬੈਂਕ ਖਾਤਿਆਂ ਦਾ ਵੇਰਵਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਢਾਬੇ ਦੀ ਰੋਜ਼ਾਨਾ ਸੇਲ ਇੱਕ ਲੱਖ ਤੋਂ ਉੱਪਰ ਹੈ। ਸੈਂਟਰਲ ਜੀਐੱਸਟੀ ਅਧਿਕਾਰੀ ਢਾਬਾ ਸੰਚਾਲਕ ਦੇ ਖਾਤਿਆਂ ਤੇ ਪਿਛਲੇ ਮਹੀਨਿਆਂ ਦੀ ਸੇਲ ਦਾ ਰਿਕਾਰਡ ਖੰਘਾਲਣਗੇ। ਢਾਬਾ ਸੰਚਾਲਕ ਤੋਂ ਬਰਾਮਦ ਕੀਤੀ 2.84 ਕਰੋੜ ਰੁਪਏ ਦੀ ਨਕਦੀ ਉਸ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਕੇ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਹੈ। ਕੇਸ ਦੀ ਜਾਂਚ ਕਰ ਰਹੇ ਵਿਭਾਗ ਦੇ ਇੰਸਪੈਕਟਰ ਤਕਦੀਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਰਿਕਾਰਡ ਦੀ ਜਾਂਚ ਹੋਵੇਗੀ ਤੇ ਰਿਕਾਰਡ ਚੈੱਕ ਕੀਤਾ ਜਾਵੇਗਾ। ਅਜੇ ਉਨ੍ਹਾਂ ਕੋਲ ਸਮਾਂ ਹੈ। ਮੰਗਲਵਾਰ ਨੂੰ ਕੂਲ ਰੋਡ ਸਥਿਤ ਅਗਰਵਾਲ ਢਾਬੇ ’ਤੇ ਸੈਂਟਰਲ ਜੀਐੱਸਟੀ ਵਿਭਾਗ ਦੀਆਂ ਦੋ ਟੀਮਾਂ ਨੇ ਛਾਪੇਮਾਰੀ ਕੀਤੀ ਸੀ ਤੇ ਇਸ ਦੌਰਾਨ 2.84 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਵਿਭਾਗ ਨੇ ਢਾਬਾ ਸੰਚਾਲਕ ਨਰੇਸ਼ ਕੁਮਾਰ ਨੂੰ ਤਿੰਨ ਦਿਨ ਦਾ ਸਮਾਂ ਦੇ ਕੇ ਨਕਦੀ ਦਾ ਹਿਸਾਬ ਮੰਗਿਆ ਸੀ। ਵਿਭਾਗ ਨੇ ਉਸ ਤੋਂ ਪ੍ਰਾਪਰਟੀ ਦਸਤਾਵੇਜ਼, ਢਾਬੇ ਦੀ ਸੇਲ ਦੇ ਬਿੱਲ ਆਦਿ ਰਿਕਾਰਡ ਕਬਜ਼ੇ ’ਚ ਲਿਆ ਹੈ। ਵਿਭਾਗ ਨੇ ਇਹ ਛਾਪੇਮਾਰੀ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਸੀ। ਸੈਂਟਰਲ ਵਿਭਾਗ ਦੇ ਇੰਸਪੈਕਟਰ ਤਕਦੀਰ ਸਿੰਘ ਗਿੱਲ ਨੇ ਕਿਹਾ ਕਿ ਢਾਬਾ ਸੰਚਾਲਕ ਸ਼ੁੱਕਰਵਾਰ ਨੂੰ ਆਏ ਸਨ। ਹੁਣ ਵਿਭਾਗ ਆਪਣੀ ਜਾਂਚ ਕਰ ਰਿਹਾ ਹੈ। ਟੈਕਸ ਨਾ ਭਰਨਾ ਇਕ ਆਰਥਿਕ ਅਪਰਾਧ ਹੈ, ਇਸ ਤੋਂ ਬਚਣਾ ਮੁਸ਼ਕਲ ਹੈ। ਕੋਈ ਵੀ ਵਪਾਰੀ ਇਸ ਤੋਂ ਬਿਨਾਂ ਜਵਾਬ ਦਿੱਤੇ ਨਹੀਂ ਬਚ ਸਕਦਾ। ਆਮ ਤੌਰ ’ਤੇ ਕਾਰੋਬਾਰੀ ਸਹਿਯੋਗ ਕਰਦੇ ਹਨ ਪਰ ਜੇ ਕਿਸੇ ਕੇਸ ਵਿੱਚ ਅਜਿਹਾ ਹੋ ਵੀ ਜਾਂਦਾ ਹੈ ਤਾਂ ਵਿਭਾਗ ਉਸ ਦੀ ਭਾਲ ਕਰਦਾ ਹੈ, ਇਹ ਵੀ ਅਪਰਾਧ ਦੀ ਸ਼੍ਰੇਣੀ ’ਚ ਆਉਂਦਾ ਹੈ। ਅਗਰਵਾਲ ਢਾਬੇ ਦੇ ਮਾਮਲੇ ’ਚ ਫਿਲਹਾਲ ਅਜਿਹਾ ਕੁਝ ਨਹੀਂ ਹੈ। ਜਿੱਥੋਂ ਇੰਨੀ ਨਕਦੀ ਮਿਲੇ, ਉੱਥੇ ਆਮਦਨ ਕਰ ਵਿਭਾਗ ਦੀ ਭੂਮਿਕਾ ਵੀ ਜੁੜ ਜਾਂਦੀ ਹੈ। ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨਾ ਟੈਕਸ ਨਹੀਂ ਭਰਿਆ ਗਿਆ। ਜੇ ਟੈਕਸ ਨਹੀਂ ਭਰਿਆ ਜਾਂਦਾ ਤਾਂ ਉਨ੍ਹਾਂ ਦੀ ਪ੍ਰਾਪਰਟੀ ਵੀ ਅਟੈਚ ਕੀਤੀ ਜਾ ਸਕਦੀ ਹੈ।