ਢਾਬਾ ਮਾਲਕ ਤੋਂ ਮੰਗਿਆ ਤਿੰਨ ਕਰੋੜ ਦਾ ਹਿਸਾਬ, ਤਿੰਨ ਦਿਨ ਦਾ ਸਮਾਂ ਮਿਲਿਆ
ਅਗਰਵਾਲ ਢਾਬਾ ਮਾਲਕ ਤੋਂ ਮੰਗਿਆ ਤਿੰਨ ਕਰੋੜ ਦਾ ਹਿਸਾਬ, ਤਿੰਨ ਦਿਨ ਦਾ ਸਮਾਂ ਮਿਲਿਆ
Publish Date: Wed, 19 Nov 2025 09:27 PM (IST)
Updated Date: Thu, 20 Nov 2025 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜੀਐੱਸਟੀ ਵੱਲੋਂ ਅਗਰਵਾਲ ਢਾਬਾ ਮਾਲਕ ਤੋਂ ਮਿਲੇ ਤਿੰਨ ਕਰੋੜ ਰੁਪਏ ਦਾ ਹਿਸਾਬ ਮੰਗਿਆ ਗਿਆ ਹੈ। ਮੰਗਲਵਾਰ ਨੂੰ ਅਗਰਵਾਲ ਢਾਬੇ ਤੇ ਨਾਲ ਹੀ ਸਥਿਤ ਉਨ੍ਹਾਂ ਦੇ ਨਿਵਾਸ ’ਤੇ ਜੀਐੱਸਟੀ ਨੇ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਸੀ। ਹੁਣ ਵਿਭਾਗ ਨੇ ਬਰਾਮਦ ਕੀਤੇ ਗਏ ਤਿੰਨ ਕਰੋੜ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਹੈ। ਸਰੋਤਾਂ ਅਨੁਸਾ, ਉਸਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਢਾਬਾ ਮਾਲਕ ਪ੍ਰਾਪਰਟੀ ਦਾ ਕੰਮ ਵੀ ਕਰਦਾ ਸੀ। ਵਿਭਾਗ ਉਸਦੀ ਪ੍ਰਾਪਰਟੀ ਨਾਲ ਸਬੰਧਤ ਕਾਗਜ਼ਾਤ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ ਸੈਂਟ੍ਰਲ ਜੀਐੱਸਟੀ ਵਿਭਾਗ ਦੇ ਅਧਿਕਾਰੀ ਇਸ ਮਾਮਲੇ ’ਤੇ ਇਸ ਵੇਲੇ ਬੋਲਣ ਨੂੰ ਤਿਆਰ ਨਹੀਂ ਹਨ। ਵਿਭਾਗ ਨੂੰ ਪਹਿਲਾਂ ਤੋਂ ਹੀ ਢਾਬਾ ਸੰਚਾਲਕ ’ਤੇ ਟੈਕਸ ਚੋਰੀ ਕਰਨ ਦੀ ਸੂਚਨਾ ਸੀ। ਜੀਐੱਸਟੀ ਵਿਭਾਗ ਦੇ ਅਧਿਕਾਰੀਆਂ ਨੇ ਇਸਨੂੰ ਸਿੱਧਾ ਟੈਕਸ ਚੋਰੀ ਦਾ ਮਾਮਲਾ ਦੱਸਿਆ ਹੈ। ਛਾਪੇਮਾਰੀ ਦੌਰਾਨ ਟੈਕਸ ਚੋਰੀ ਨਾਲ ਜੁੜੀਆਂ ਕੁਝ ਖਾਮੀਆਂ ਮਿਲੀਆਂ। ਢਾਬੇ ਤੋਂ ਮਿਲੇ ਦਸਤਾਵੇਜ਼ਾਂ ’ਚ ਅਨਿਯਮਿਤਤਾਵਾਂ ਸਾਹਮਣੇ ਆਈਆਂ ਹਨ। ਬੁੱਧਵਾਰ ਨੂੰ ਵੀ ਵਿਭਾਗ ਉਸਦੇ ਲੈਣ-ਦੇਣ ਦਾ ਡਾਟਾ ਖੰਗਾਲਦਾ ਰਿਹਾ। ਅਗਰਵਾਲ ਢਾਬਾ ਮਾਲਕ ਉਹ ਵੇਲੇ ਵੀ ਸੁ੍ਰਖ਼ੀਆਂ ’ਚ ਰਿਹਾ ਸੀ ਜਦੋਂ ਉਸਨੇ ਵਿਧਾਇਕ ਰਮਨ ਅਰੋੜਾ ਤੇ ਨਗਰ ਨਿਗਮ ਦੇ ਐੱਮਟੀਪੀ ’ਤੇ 10 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ।