ਅਲਟੀਮੇਟਮ ਤੋਂ ਬਾਅਦ ਪੁਲਿਸ ਦਾ ਨੀਂਹ ਪੱਥਰ ’ਤੇ ਪਹਿਰਾ, 'ਆਪ' ਆਗੂ ਵੀ ਡਟੇ, ਨਹੀਂ ਆਏ ਕਾਂਗਰਸੀ

'ਆਪ' ਆਗੂ ਵੀ ਡਟੇ, ਨਹੀਂ ਆਏ ਕਾਂਗਰਸੀ
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਵਿਰੋਧੀ ਧਿਰ ਦੇ ਕੌਂਸਲਰਾਂ ਦੇ ਨਾਮ ਨਾ ਲਗਾਉਣ ਦੇ ਵਿਰੋਧ ’ਚ ਉਦਘਾਟਨੀ ਪੱਥਰ ਤੋੜਨ ਦੀ ਕਾਂਗਰਸ ਵੱਲੋਂ ਕੀਤੀ ਗਈ ਘੋਸ਼ਣਾ ਤੋਂ ਬਾਅਦ ਰੇਰੂ ਪਿੰਡ ’ਚ ਲੱਗੇ ਨੀਂਹ ਪੱਥਰ 'ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ। ਆਮ ਆਦਮੀ ਪਾਰਟੀ ਦੇ ਨਾਰਥ ਹਲਕਾ ਇੰਚਾਰਜ ਦਿਨੇਸ਼ ਢੱਲ, ਕੌਂਸਲਰ ਅਮਿਤ ਢੱਲ ਵੀ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਸਮੇਤ ਮੌਕੇ 'ਤੇ ਪਹੁੰਚ ਗਏ। ਪੁਲਿਸ ਤਾਂ ਸੁਰੱਖਿਆ ਲਈ ਪਹਿਲਾਂ ਹੀ ਮੌਜੂਦ ਸੀ ਪਰ ਆਮ ਵਰਕਰਾਂ ਦੇ ਪਹੁੰਚਣ ਨਾਲ ਟਕਰਾਅ ਦੀ ਸੰਭਾਵਨਾ ਬਣ ਗਈ ਸੀ। ਆਪ ਵਰਕਰਾਂ ਨੇ ਨੀਂਹ ਪੱਥਰ ਨੂੰ ਘੇਰ ਲਿਆ ਸੀ ਪਰ ਕਾਂਗਰਸੀ ਵਰਕਰ ਮੌਕੇ 'ਤੇ ਨਹੀਂ ਪਹੁੰਚੇ ਤੇ ਟਕਰਾਅ ਟਲ ਗਿਆ। ਬੁੱਧਵਾਰ ਨੂੰ ਕਾਂਗਰਸ ਨੇ ਨਿਗਮ ਮੁੱਖ ਦਫ਼ਤਰ 'ਚ ਦਿੱਤੇ ਧਰਨੇ ਦੌਰਾਨ ਐਲਾਨ ਕੀਤਾ ਸੀ ਕਿ ਆਮ ਆਦਮੀ ਪਾਰਟੀ ਕੰਮਾਂ ’ਚ ਭੇਦਭਾਵ ਕਰ ਰਹੀ ਹੈ, ਇਸ ਕਰ ਕੇ ਜਿਨ੍ਹਾਂ ਉਦਘਾਟਨੀ ਪੱਥਰਾਂ 'ਤੇ ਕਾਂਗਰਸ ਕੌਂਸਲਰਾਂ ਦੇ ਨਾਮ ਨਹੀਂ ਹਨ, ਉਹ ਪੱਥਰ ਤੋੜੇ ਜਾਣਗੇ।
ਵੀਰਵਾਰ ਨੂੰ ਵਾਰਡ ਨੰਬਰ 2 ਦੇ ਰੇਰੂ ਪਿੰਡ ’ਚ ਲੱਗੇ ਪੱਥਰ ਨੂੰ ਤੋੜਨਾ ਸੀ। ਆਪ ਪਾਰਟੀ ਦੇ ਨਾਰਥ ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਪਹਿਲਾਂ ਹੀ ਕਾਂਗਰਸ ਨੀਤਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਅਹੰਕਾਰ ’ਚ ਕੋਈ ਗਲਤੀ ਨਾ ਕਰਨ। ਜੇ ਕੋਈ ਗੜਬੜ ਕੀਤੀ ਜਾਂਦੀ ਹੈ ਤਾਂ ਆਪ ਵਰਕਰ ਜਵਾਬ ਦੇਣ ਲਈ ਤਿਆਰ ਹਨ। ਕਾਂਗਰਸ ਨੇ ਸਵੇਰੇ 11 ਵਜੇ ਪੱਥਰ ਤੋੜਨ ਦੀ ਘੋਸ਼ਣਾ ਕੀਤੀ ਸੀ ਪਰ ਇਸ ਤੋਂ ਬਾਅਦ ਕਾਂਗਰਸੀ ਨੇਤਾ ਚੁੱਪ ਹੋ ਗਏ। ਪੁਲਿਸ-ਪ੍ਰਸ਼ਾਸਨ ਪੂਰਾ ਦਿਨ ਅਲਰਟ ਰਿਹਾ। ਸਵੇਰੇ 10 ਵਜੇ ਹੀ ਪੁਲਿਸ ਨੇ ਰੇਰੂ ਇਲਾਕੇ ਦੀ ਘੇਰਾਬੰਦੀ ਕਰ ਲਈ ਤੇ ਆਪ ਵਰਕਰ ਵੀ ਮੌਕੇ 'ਤੇ ਪਹੁੰਚ ਗਏ। ਪੁਲਿਸ ਤੇ ਆਪ ਆਗੂ ਕਈ ਘੰਟਿਆਂ ਤੱਕ ਕਾਂਗਰਸੀ ਆਗੂਆਂ ਦੀ ਉਡੀਕ ਕਰਦੇ ਰਹੇ ਪਰ ਦੁਪਹਿਰ ਬਾਅਦ ਤੱਕ ਵੀ ਕੋਈ ਨਹੀਂ ਆਇਆ। ਕਾਂਗਰਸ ਵਰਕਰ ਕਾਂਗਰਸ ਭਵਨ ਤਾਂ ਪਹੁੰਚੇ ਪਰ ਪੱਥਰ ਤੋੜਨ ਲਈ ਕੋਈ ਰਣਨੀਤੀ ਨਹੀਂ ਬਣਾਈ। ਉਧਰ ਉਦਘਾਟਨੀ ਪੱਥਰਾਂ ਦੀ ਰਾਜਨੀਤੀ ਅਗਲੇ ਸਮੇਂ ’ਚ ਵੀ ਗਰਮ ਰਹਿਣ ਦੀ ਸੰਭਾਵਨਾ ਹੈ। ਨਗਰ ਨਿਗਮ ਦੇ ਨਵੇਂ ਹਾਊਸ ਨੂੰ ਬਣੇ 11 ਮਹੀਨੇ ਹੀ ਹੋਏ ਹਨ ਪਰ ਉਦਘਾਟਨੀ ਪੱਥਰਾਂ ’ਤੇ ਵਿਰੋਧੀ ਧਿਰ ਦੇ ਜਿੱਤੇ ਕੌਂਸਲਰਾਂ ਦੀ ਬਜਾਏ ਹਾਰੇ ਹੋਏ ਆਪ ਨੇਤਾਵਾਂ ਦੇ ਨਾਮ ਲਗਾਉਣ ਨੂੰ ਲੈ ਕੇ ਕਈ ਵਾਰ ਵਿਵਾਦ ਹੋ ਚੁੱਕਾ ਹੈ।
ਕਾਂਗਰਸੀ ਵਰਕਰਾਂ ਨੇ ਸ਼੍ਰੀ ਰਾਮ ਚੌਕ ਵਿਖੇ ਚਲਾਇਆ ਸਫਾਈ ਅਭਿਆਨ
ਕਾਂਗਰਸ ਵਰਕਰਾਂ ਨੇ ਰੇਰੂ ਪਿੰਡ ’ਚ ਉਦਘਾਟਨੀ ਪੱਥਰ ਤਾਂ ਨਹੀਂ ਤੋੜਿਆ ਪਰ ਗਾਂਧੀਗਿਰੀ ਦਿਖਾਉਂਦੇ ਹੋਏ ਨਗਰ ਨਿਗਮ ਮੁੱਖ ਦਫ਼ਤਰ ਦੇ ਪ੍ਰਵੇਸ਼ ਦੁਆਰ 'ਤੇ ਸ੍ਰੀ ਰਾਮ ਚੌਕ ਦੀ ਸਫ਼ਾਈ ਕੀਤੀ। ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ ’ਚ ਕਾਂਗਰਸ ਵਰਕਰ ਸ਼ਾਮ ਦੇ ਦੇਰ ਸ੍ਰੀ ਰਾਮ ਚੌਕ ਪਹੁੰਚੇ ਤੇ ਸਫ਼ਾਈ ਸ਼ੁਰੂ ਕਰ ਦਿੱਤੀ। ਰੇਰੂ ਪਿੰਡ ’ਚ ਪੱਥਰ ਤੋੜਨ ਲਈ ਨਾ ਜਾਣ 'ਤੇ ਰਜਿੰਦਰ ਬੇਰੀ ਨੇ ਕਿਹਾ ਕਿ ਕਾਂਗਰਸ ਦਾ ਕੰਮ ਸਰਕਾਰ ਨੂੰ ਜਗਾਉਣਾ ਸੀ। ਕਾਂਗਰਸ ਦੀ ਇਕ ਚੇਤਾਵਨੀ ਨਾਲ ਹੀ ਪੁਲਿਸ-ਪ੍ਰਸ਼ਾਸਨ ਪੂਰਾ ਦਿਨ ਉੱਥੇ ਤਾਇਨਾਤ ਰਿਹਾ। ਕਾਂਗਰਸ ਨੇ ਆਪਣਾ ਕੰਮ ਕਰ ਦਿੱਤਾ ਹੈ। ਇਹ ਸਾਬਤ ਹੋ ਗਿਆ ਕਿ ਪੂਰੀ ਸਰਕਾਰ ਗਲਤ ਕੰਮ ਨੂੰ ਬਚਾਉਣ ਲਈ ਰੇਰੂ ਪਿੰਡ ’ਚ ਡਟੀ ਰਹੀ। ਕਾਂਗਰਸ ਅਹਿੰਸਾ ਦੇ ਸਿਧਾਂਤ 'ਤੇ ਚਲਦੀ ਹੈ ਤੇ ਚੌਕ ’ਚ ਸਫ਼ਾਈ ਕਰਕੇ ਆਪਣੇ ਸਿਧਾਂਤਾਂ ’ਤੇ ਅਮਲ ਕੀਤਾ ਹੈ। ਪਰ ਨਾਲ ਹੀ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਮਾਂ ਆਉਣ ’ਤੇ ਕਾਂਗਰਸ ਸ਼ਹਿਰ ਦੀ ਧੱਕੇਸ਼ਾਹੀ ਦਾ ਮੁੰਹਤੋੜ ਜਵਾਬ ਦੇਣ ਦੀ ਸਮਰੱਥਾ ਰੱਖਦੀ ਹੈ।
ਇਸ ਮੌਕੇ ’ਤੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਘਰ ਦੇ ਭਾਗ ਦਿਓਢੀ ਤੋਂ ਹੀ ਦਿੱਖ ਜਾਂਦੇ ਹਨ। ਸ਼ਹਿਰ ’ਚ ਵੱਡੇ-ਵੱਡੇ ਚੌਕ ਬਣਾਏ ਜਾ ਰਹੇ ਹਨ, ਜਿੰਨਾ ਚੌਕਾਂ ਦੇ ਠੇਕੇ ਮੇਅਰ ਤੇ ਹਲਕਾ ਇੰਚਾਰਜਾ ਵੱਲੋਂ ਆਪਣੇ ਚਹੇਤਿਆ ਨੂੰ ਦਿੱਤੇ ਜਾ ਰਹੇ ਹਨ ਪਰ ਸ਼ਾਇਦ ਇਹ ਚੌਕ ਨੂੰ ਮੇਅਰ ਸਾਹਿਬ ਭੁੱਲ ਗਏ, ਹਾਲਾਂ ਕਿ ਮੇਅਰ ਤੇ ਕਮਿਸ਼ਨਰ ਰੋਜ਼ਾਨਾ ਇਸੇ ਗੇਟ ਰਾਹੀ ਆਪਣੇ ਦਫ਼ਤਰ ਜਾਂਦੇ ਹਨ ਤੇ ਇਹ ਚੌਂਕ ਗੇਟ ਦੇ ਬਿਲਕੁਲ ਨਾਲ ਹੈ। ਸਗੋਂ ਸਾਰੇ ਚੌਂਕਾਂ ਦੀ ਰੈਨੋਵੇਸ਼ਨ ਕਰਨ ਤੋਂ ਪਹਿਲਾਂ ਇਸ ਚੌਕ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ, ਕਿਉਕਿ ਇਹ ਚੌਕ ਬਿਲਕੁਲ ਨਗਰ ਨਿਗਮ ਦੇ ਬਾਹਰ ਹੈ। ਇਸ ਮੌਕੇ ਨਰੇਸ਼ ਵਰਮਾ, ਰੋਹਨ ਚੱਢਾ, ਕਰਨ ਕੌਸ਼ਲ, ਕਰਨ ਸੁਮਨ, ਆਲਮ, ਵਿਪਨ ਕੁਮਾਰ, ਅਮਨ ਖੰਨਾ, ਰਾਹੁਲ ਧੀਰ, ਮੁਨੀਸ਼ ਪਾਹਵਾ, ਰਜਿੰਦਰ ਸਹਿਗਲ, ਆਨੰਦ ਬਿੱਟੂ, ਬ੍ਰਹਮ ਦੇਵ ਸਹੋਤਾ, ਰਾਜੇਸ਼ ਜਿੰਦਲ, ਐਡਵੋਕੇਟ ਵਿਕਰਮ ਦੱਤਾ, ਗੌਰਵ ਜੱਸਲ ਮੌਜੂਦ ਸਨ।