ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਚਲਾਈ ਤਲਾਸ਼ੀ ਮੁਹਿੰਮ

-ਦੇਰ ਸ਼ਾਮ ਤੱਕ ਸਕੂਲਾਂ ਦੇ ਬਾਹਰ ਤਾਇਨਾਤ ਰਹੀਆ ਪੁਲਿਸ ਦੀਆ ਟੀਮਾਂ
-ਡੀਸੀ ਤੇ ਸੀਪੀ ਨੇ ਕਿਹਾ, ਕੋਈ ਵੀ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਕਰ ਸਕਦਾ
ਪੰਜਾਬੀ ਜਾਗਰਣ ਟੀਮ, ਜਲੰਧਰ : ਮਹਾਨਗਰ ਵਿਚ ਸੋਮਵਾਰ ਸਵੇਰੇ 11 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਕਾਂ ’ਚ ਹਫੜਾ-ਦਫੜੀ ਮਚ ਗਈ। ਹਰ ਸਕੂਲ ਵੱਲੋਂ ਮਾਪਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਨਾਲ ਐਮਰਜੈਂਸੀ ਛੁੱਟੀ ਦਾ ਮੈਸੇਜ ਭੇਜਿਆ ਗਿਆ ਪਰ ਛੁੱਟੀ ਤੋਂ ਪਹਿਲਾਂ ਹੀ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਕਾਰਨ ਸ਼ਹਿਰ ’ਚ ਸਾਰਾ ਦਿਨ ਸਕੂਲਾਂ ਦੀ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਰਹੀ। ਜਦੋਂ ਸਕੂਲਾਂ ਵੱਲੋਂ ਪੁਲਿਸ ਨੂੰ ਸ਼ਿਕਾਇਤਾਂ ਮਿਲੀਆਂ ਤਾਂ ਡੀਸੀਪੀ ਨਰੇਸ਼ ਡੋਗਰਾ, ਏਡੀਸੀਪੀ ਸਿਟੀ ਵਨ, ਏਸੀਪੀ, ਥਾਣਾ ਇੰਚਾਰਜ, ਸਾਈਬਰ ਕਰਾਈਮ ਟੀਮਾਂ ਅਤੇ ਡੌਗ ਸਕੁਐਡ ਸਮੇਤ ਮੌਕੇ ’ਤੇ ਪਹੁੰਚੇ। ਡੀਸੀਪੀ ਸਿਕਿਉਰਿਟੀ ਨਰੇਸ਼ ਡੋਗਰਾ ਨੇ ਡੌਗ ਸਕੁਐਡ ਅਤੇ ਵੱਖ-ਵੱਖ ਟੀਮਾਂ ਨਾਲ ਮਿਲ ਕੇ ਦੇਰ ਸ਼ਾਮ ਤੱਕ ਅਲੱਗ-ਅਲੱਗ ਸਕੂਲਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਪਰ ਕਿਸੇ ਵੀ ਸਕੂਲ ਤੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ।
ਦੁਪਹਿਰ ਇਕ ਵਜੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਕੋਈ ਵੀ ਸ਼ਹਿਰ ਦਾ ਮਾਹੌਲ ਖ਼ਰਾਬ ਨਹੀਂ ਕਰ ਸਕਦਾ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ 11 ਸਕੂਲਾਂ ਵੱਲੋਂ ਈ-ਮੇਲ ਰਾਹੀਂ ਧਮਕੀਆਂ ਮਿਲਣ ਦੀ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਹਰ ਸਕੂਲ ਵਿੱਚ ਵੱਖ-ਵੱਖ ਥਾਣਿਆਂ ਦੀ ਪੁਲਿਸ ਟੀਮਾਂ ਦੇ ਨਾਲ ਸਾਇਬਰ ਕਰਾਈਮ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਹਰ ਸਕੂਲ ਨੂੰ ਵੱਖ-ਵੱਖ ਈ-ਮੇਲ ਆਈਡੀ ਅਤੇ ਆਈਪੀ ਐਡਰੈੱਸ ਤੋਂ ਮੇਲ ਭੇਜੀ ਗਈ ਹੈ। ਸਾਈਬਰ ਟੀਮਾਂ ਇਹ ਪਤਾ ਲਗਾਉਣ ਵਿਚ ਜੁੱਟੀਆਂ ਹੋਈਆਂ ਹਨ ਕਿ ਇਹ ਈ-ਮੇਲ ਕਿੱਥੋਂ ਭੇਜੀ ਗਈ ਹੈ। ਪ੍ਰਾਥਮਿਕ ਜਾਂਚ ਦੌਰਾਨ ਸਾਰੀਆਂ ਈ-ਮੇਲਾਂ ਫ਼ਰਜ਼ੀ ਲੱਗ ਰਹੀਆਂ ਹਨ ਪਰ ਫਿਰ ਵੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸਕੂਲਾਂ ਦੇ ਬਾਹਰ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
---
ਸਾਈਬਰ ਕਰਾਈਮ, ਬੰਬ ਨਿਰੋਧਕ ਦਸਤਾ, ਤਿੰਨ ਡੌਗ ਸਕੁਐਡ ਅਤੇ ਥਾਣਿਆਂ ਦੀਆਂ ਟੀਮਾਂ ਸਮੇਤ 150 ਪੁਲਿਸ ਕਰਮਚਾਰੀ ਰਹੇ ਤਾਇਨਾਤ
ਸਕੂਲਾਂ ਨੂੰ ਧਮਕੀ ਭਰੀਆਂ ਈ-ਮੇਲਾਂ ਮਿਲਣ ਤੋਂ ਬਾਅਦ ਸਾਇਬਰ ਕਰਾਈਮ ਟੀਮਾਂ, ਬੰਬ ਨਿਰੋਧਕ ਦਸਤਾ, ਤਿੰਨ ਡੌਗ ਸਕੁਆਡ ਅਤੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਦੇ ਨਾਲ ਲਗਭਗ 150 ਪੁਲਿਸ ਕਰਮਚਾਰੀ ਸਕੂਲਾਂ ਵਿੱਚ ਤਾਇਨਾਤ ਰਹੇ, ਜਿਨ੍ਹਾਂ ਵੱਲੋਂ ਵਿਸਥਾਰ ਨਾਲ ਸਰਚ ਅਭਿਆਨ ਚਲਾਇਆ ਗਿਆ। ਪੁਲਿਸ ਵੱਲੋਂ ਸਕੂਲ ਪ੍ਰਬੰਧਨਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਡੀਸੀਪੀ ਸਿਕਿਉਰਿਟੀ ਨਰੇਸ਼ ਡੋਗਰਾ ਨੇ ਕਿਹਾ ਕਿ ਸਕੂਲ ਆਉਣ ਵਾਲੇ ਬੱਚੇ ਆਪਣਾ ਆਈਡੀ ਕਾਰਡ ਜ਼ਰੂਰ ਗਲ ਵਿੱਚ ਪਾ ਕੇ ਆਉਣ। ਉਨ੍ਹਾਂ ਕਿਹਾ ਕਿ ਪੁਲਿਸ ਸੁਰੱਖਿਆ ਹਰ ਥਾਂ ਤਾਇਨਾਤ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੋਂ ਬਚਣ ਦੀ ਲੋੜ ਹੈ।
---
ਵਾਟਰ ਪਾਰਕ ਵੰਡਰਲੈਂਡ ਤੇ ਰੇਲਵੇ ਸਟੇਸ਼ਨ ਨੂੰ ਵੀ ਪਹਿਲਾਂ ਮਿਲ ਚੁੱਕੀ ਹੈ ਬੰਬ ਨਾਲ ਉਡਾਉਣ ਦੀ ਧਮਕੀ
ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਲਈ ਇਹ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ 31 ਦਸੰਬਰ 2024 ਨੂੰ ਵਾਟਰ ਪਾਰਕ ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਮੀਡੀਆ ਸੰਸਥਾ ਨੂੰ ਭੇਜੀ ਗਈ ਚਿੱਠੀ ਵਿੱਚ ਲਿਖਿਆ ਗਿਆ ਸੀ ਕਿ 31 ਦਸੰਬਰ ਦੀ ਰਾਤ ਵੰਡਰਲੈਂਡ ਵਿੱਚ ਹੋਣ ਵਾਲੀ ਪਾਰਟੀ ਦੌਰਾਨ ਧਮਾਕਾ ਕੀਤਾ ਜਾਵੇਗਾ। ਨਾਲ ਹੀ ਚਿੱਠੀ ਵਿੱਚ ਜਲੰਧਰ ਪ੍ਰਸ਼ਾਸਨ ਨੂੰ ਖੁੱਲੀ ਚੁਣੌਤੀ ਦਿੰਦਿਆਂ ਲਿਖਿਆ ਗਿਆ ਸੀ “ਰੋਕ ਸਕਦੇ ਹੋ ਤਾਂ ਰੋਕ ਲਓ।” ਇਸ ਤੋਂ ਕੁਝ ਸਮੇਂ ਬਾਅਦ ਜਲੰਧਰ ਰੇਲਵੇ ਸਟੇਸ਼ਨ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।
---
ਇਨ੍ਹਾਂ ਸਕੂਲਾਂ ਨੂੰ ਮਿਲੀ ਧਮਕੀ, ਪੁਲਿਸ ਜਾਂਚ ’ਚ ਲੱਗੀ
ਪੁਲਿਸ ਜਾਂਚ ਅਨੁਸਾਰ ਪਠਾਨਕੋਟ ਚੌਕ ਨੇੜੇ ਸਥਿਤ ਸੰਸਕ੍ਰਿਤੀ ਕੇਐਮਬੀ ਸਕੂਲ, ਕਰੋਲ ਬਾਗ ਦਾ ਡਿਪਸ ਸਕੂਲ, ਮਕਸੂਦਾਂ ਦਾ ਸਿਟੀ ਪਬਲਿਕ ਸਕੂਲ, ਹੋਸ਼ਿਆਰਪੁਰ ਰੋਡ ‘ਤੇ ਆਈ ਵੀ ਵਾਈ ਸਕੂਲ, ਡਿਫੈਂਸ ਕਾਲੋਨੀ ਦਾ ਸੈਂਟ ਜੋਸੇਫ ਸਕੂਲ, ਮਹਾਵੀਰ ਮਾਰਗ ਦਾ ਏਪੀਜੇ ਸਕੂਲ, ਮਾਡਲ ਟਾਊਨ ਦਾ ਏਪੀਜੇ ਸਕੂਲ, ਧੰਨੋਵਾਲੀ ਦਾ ਦਿੱਲੀ ਪਬਲਿਕ ਸਕੂਲ, ਫੇਜ਼-ਵਨ ਪਿਮਸ ਹਸਪਤਾਲ ਨੇੜੇ ਕੈਂਬਰਿਜ ਸਕੂਲ ਅਤੇ ਮੇਅਰ ਵਰਲਡ ਸਕੂਲ ਨੂੰ ਧਮਕੀ ਭਰੀ ਈ-ਮੇਲ ਮਿਲੀ ਹੈ। ਦੇਰ ਸ਼ਾਮ ਤੱਕ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਰੀਆਂ ਈ-ਮੇਲਾਂ ਵੱਖ-ਵੱਖ ਨੰਬਰਾਂ ਅਤੇ ਆਈਡੀ ਤੋਂ ਭੇਜੀਆਂ ਗਈਆਂ ਹਨ ਅਤੇ ਕਿਸੇ ਵੀ ਗੈਂਗ ਜਾਂ ਏਜੰਸੀ ਦਾ ਨਾਮ ਦਰਜ ਨਹੀਂ ਹੈ। ਸਾਇਬਰ ਕਰਾਈਮ ਟੀਮਾਂ ਈ-ਮੇਲਾਂ ਦੇ ਆਈਪੀ ਐਡਰੈੱਸ ਟ੍ਰੈਕ ਕਰਨ ਵਿੱਚ ਜੁੱਟੀਆਂ ਹੋਈਆਂ ਹਨ, ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਨਹੀਂ ਕੀਤੀ ਗਈ।
---
ਸੁਰੱਖਿਆ ਚਿੰਤਾਵਾਂ ਦੇ ਵਿਚਕਾਰ ਵਿਦਿਆਰਥੀਆਂ ਦੀ ਹੁੱਲੜਬਾਜ਼ੀ
ਜਦ ਪੁਲਿਸ ਤੇ ਪ੍ਰਸ਼ਾਸਨ ਇਸ ਗੰਭੀਰ ਸੁਰੱਖਿਆ ਚੁਣੌਤੀ ਨੂੰ ਹੱਲ ਕਰਨ ਵਿੱਚ ਰੁੱਝੇ ਹੋਏ ਸਨ ਤਾਂ ਅਚਾਨਕ ਸਕੂਲ ਬੰਦ ਹੋਣ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ 'ਤੇ ਵਿਦਿਆਰਥੀਆਂ ਦੀਆਂ ਕੁਝ ਹੈਰਾਨ ਕਰਨ ਵਾਲੀਆਂ ਅਤੇ ਕਾਨੂੰਨ ਵਿਵਸਥਾ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ। ਸਿਵਲ ਹਸਪਤਾਲ ਦੇ ਪਿਛਲੇ ਪਾਸੇ ਤੇ ਈਐਸਆਈ ਹਸਪਤਾਲ ਦੇ ਬਾਹਰ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਵਾਹਨਾਂ ਵਿਚ ਗੈਰ-ਜ਼ਿੰਮੇਵਾਰਾਨਾ ਹੰਗਾਮਾ ਕਰਦੇ ਦੇਖਿਆ ਗਿਆ। ਵਿਦਿਆਰਥੀਆਂ ਦੀ ਲਾਪਰਵਾਹੀ ਅਤੇ ਸੜਕਾਂ 'ਤੇ ਵਾਹਨਾਂ ਦੇ ਨਾਲ ਸ਼ੋਰ ਨੇ ਸਥਾਨਕ ਨਿਵਾਸੀਆਂ ਵਿੱਚ ਦਹਿਸ਼ਤ ਅਤੇ ਗੁੱਸਾ ਪੈਦਾ ਕਰ ਦਿੱਤਾ। ਹੁਣ ਸਾਰਿਆਂ ਦੀਆਂ ਨਜ਼ਰਾਂ ਜਲੰਧਰ ਪੁਲਿਸ ਅਤੇ ਸਬੰਧਤ ਸਕੂਲ ਪ੍ਰਬੰਧਨ 'ਤੇ ਹਨ ਕਿ ਉਹ ਇਨ੍ਹਾਂ ਵਿਦਿਆਰਥੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਜੋ ਸੜਕਾਂ 'ਤੇ ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾ ਰਹੇ ਹਨ। ਅਜਿਹੀਆਂ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਨਾ ਸਿਰਫ਼ ਵਿਦਿਆਰਥੀਆਂ ਲਈ ਸਗੋਂ ਰਾਹਗੀਰਾਂ ਲਈ ਵੀ ਖ਼ਤਰਾ ਪੈਦਾ ਕਰਦੀਆਂ ਹਨ।
ਕੇ.ਐਮ.ਵੀ. ਕਾਲਜ ਨੇ ਕੁਝ ਸਮਾਚਾਰ ਚੈਨਲਾਂ ਵੱਲੋਂ ਗਲਤ ਢੰਗ ਨਾਲ ਰਿਪੋਰਟ ਕੀਤੇ ਗਏ ਸੁਰੱਖਿਆ ਖਤਰੇ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੇ.ਐਮ.ਵੀ. ਕਾਲਜ ਨੂੰ ਕਿਸੇ ਵੀ ਮਾਧਿਅਮ ਰਾਹੀਂ ਸੁਰੱਖਿਆ ਸੰਬੰਧੀ ਕੋਈ ਖਤਰਾ ਪ੍ਰਾਪਤ ਨਹੀਂ ਹੋਇਆ। ਇਸ ਲਈ ਵਿਦਿਆਰਥਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਕੇ.ਐਮ.ਵੀ. ਪੂਰੀ ਤਰ੍ਹਾਂ ਸੁਚਾਰੂ ਢੰਗ ਨਾਲ ਕਾਰਜ ਕਰ ਰਿਹਾ ਹੈ
---
ਕੇਐੱਮਵੀ ਨੂੰ ਕੋਈ ਈਮੇਲ ਨਹੀਂ ਆਈ
ਕੇਐੱਮਵੀ ਨੇ ਸੰਸਥਾ ਨਾਲ ਜੁੜੇ ਸੁਰੱਖਿਆ ਖਤਰੇ ਬਾਰੇ ਇੰਟਰਨੈੱਟ ਮੀਡੀਆ ’ਚ ਚੱਲੀਆ ਖਬਰਾਂ ਦਾ ਸਪੱਸ਼ਟ ਤੌਰ ‘ਤੇ ਖੰਡਨ ਕੀਤਾ ਹੈ। ਸੰਸਥਾ ਦੇ ਅਧਿਕਾਰੀਆਂ ਨੇ ਸਾਫ਼ ਕੀਤਾ ਕਿ ਕਾਲਜ ਦੀ ਸੁਰੱਖਿਆ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਕਿਸੇ ਵੀ ਮਾਧਿਅਮ ਰਾਹੀਂ ਪ੍ਰਾਪਤ ਨਹੀਂ ਹੋਇਆ। ਅਧਿਕਾਰੀਆਂ ਨੇ ਵਿਦਿਆਰਥਿਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ, ਕਿਉਂਕਿ ਕੈਂਪਸ ਵਿਚ ਸਥਿਤੀ ਪੂਰੀ ਤਰ੍ਹਾਂ ਆਮ ਵਰਗੀ ਹੈ।