ਐੱਫਆਈਆਰ ਦੀ ਚਿੱਠੀ ਮਗਰੋਂ ਵਿਗਿਆਪਨ ਐੱਲਈਡੀ ਹਟਾਈ
ਜਾਸ, ਜਲੰਧਰ : ਮਾਡਲ
Publish Date: Mon, 17 Nov 2025 09:04 PM (IST)
Updated Date: Mon, 17 Nov 2025 09:07 PM (IST)

ਜਾਸ, ਜਲੰਧਰ : ਮਾਡਲ ਟਾਊਨ ’ਚ ਬਿਨਾਂ ਮਨਜ਼ੂਰੀ ਲਾਈ ਗਈ ਐੱਲਈਡੀ ਆਖਰਕਾਰ ਹਟਾ ਦਿੱਤੀ ਗਈ ਹੈ। ਇਸ ਐੱਲਈਡੀ ਨੂੰ ਹਟਾਉਣ ਲਈ ਨਗਰ ਨਿਗਮ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪਰ ਨਿਗਮ ਦੀ ਹਾਈਡ੍ਰੋਲਿਕ ਲਿਫਟ ਦੀ ਉਚਾਈ ਘੱਟ ਹੋਣ ਕਾਰਨ ਇਹ ਨਹੀਂ ਹਟਾਈ ਜਾ ਸਕੀ ਸੀ। ਐੱਲਈਡੀ ਲਾਉਣ ਵਾਲੀ ਏਜੰਸੀ ਤੇ ਬਿਲਡਿੰਗ ਮਾਲਕ ਵੀ ਇਸ ਨੂੰ ਹਟਾਉਣ ’ਚ ਅੜਿੱਕਾ ਡਾਹ ਰਹੇ ਸਨ। ਇਸ ਸਬੰਧੀ ਮੇਅਰ ਵਨੀਤ ਧੀਰ ਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸੁਪਰਡੈਂਟ ਅਮਿਤ ਕਾਲੀਆ ਨੂੰ ਨਿਰਦੇਸ਼ ਦਿੱਤੇ ਸਨ ਕਿ ਏਜੰਸੀ ਤੇ ਬਿਲਡਿੰਗ ਮਾਲਕ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਇਸ ਲਈ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਸੀ। ਇਸ ਦਾ ਅਸਰ ਹੋਇਆ ਤੇ ਸੋਮਵਾਰ ਨੂੰ ਸੁਪਰਡੈਂਟ ਅਮਿਤ ਕਾਲੀਆ ਤੇ ਇੰਸਪੈਕਟਰ ਵਿਕੀ ਸਹੋਤਾ ਨੇ ਨਾਜਾਇਜ਼ ਢੰਗ ਨਾਲ ਲੱਗੀ ਐੱਲਈਡੀ ਸਕ੍ਰੀਨ ਨੂੰ ਹਟਾ ਦਿੱਤਾ। ਮੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਕਿਸਮ ਦਾ ਨਾਜਾਇਜ਼ ਵਿਗਿਆਪਨ ਢਾਂਚਾ ਨਾ ਲਗਾਉਣ। ਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਖਤ ਕਾਰਵਾਈ ਕੀਤੀ ਜਾਵੇਗੀ। --- ਟੈਕਸ ਡਿਫਾਲਟਰਾਂ ਦੀਆਂ ਤਿੰਨ ਇਮਾਰਤਾਂ ਸੀਲ ਜਲੰਧਰ : ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਸੋਮਵਾਰ ਨੂੰ ਵੀ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਜਾਰੀ ਰੱਖੀ। ਨਿਗਮ ਦੀ ਟੀਮ ਨੇ ਪ੍ਰਾਪਰਟੀ ਟੈਕਸ ਨਾ ਮਿਲਣ ਤੇ ਤਿੰਨ ਇਮਾਰਤਾਂ ਨੂੰ ਸੀਲ ਕੀਤਾ ਹੈ। ਸੁਪਰਡੈਂਟ ਮਹੀਪ ਸਰੀਨ, ਰਾਜੀਵ ਰਿਸ਼ੀ ਤੇ ਭੁਪਿੰਦਰ ਸਿੰਘ ਬੜਿੰਗ ਨੇ ਦੱਸਿਆ ਕਿ ਟੈਕਸ ਰਿਕਵਰੀ ਲਈ ਬਸਤੀ ਅੱਡਾ ਮਾਰਕੀਟ ਤੇ ਕਪੂਰਥਲਾ ਰੋਡ ਤੇ ਕਾਰਵਾਈ ਕੀਤੀ ਗਈ ਹੈ। ਇੱਥੇ ਤਿੰਨ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਟੈਕਸ ਜਮ੍ਹਾਂ ਕਰਨ ਲਈ ਨੋਟਿਸ ਦਿੱਤੇ ਗਏ ਸਨ ਪਰ ਕਿਸੇ ਨੇ ਵੀ ਟੈਕਸ ਜਮ੍ਹਾਂ ਨਹੀਂ ਕਰਵਾਇਆ।