ਪ੍ਰਧਾਨ ਮੰਤਰੀ ਦੇ ਦੌਰੇ ਦੀਆਂ ਤਿਆਰੀਆਂ ’ਚ ਰੁੱਝਿਆ ਪ੍ਰਸ਼ਾਸਨ ਤੇ ਭਾਜਪਾ ਲੀਡਰਸ਼ਿਪ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਫਰਵਰੀ ਨੂੰ ਜਲੰਧਰ ਦੇ ਨੇੜੇ ਡੇਰਾ ਸੱਚਖੰਡ ਬੱਲਾਂ ਦੌਰੇ ਨੂੰ ਲੈ ਕੇ ਭਾਜਪਾ ਦੀ ਲੀਡਰਸ਼ਿਪ ਤੇ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰੀਆਂ ’ਚ ਲੱਗ ਗਿਆ ਹੈ। ਪ੍ਰਧਾਨ ਮੰਤਰੀ ਦੇ ਦੌਰੇ ਸਬੰਧੀ ਬੁੱਧਵਾਰ ਸ਼ਾਮ ਨੂੰ ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਘ ਨੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਸੁਭਾਸ਼ ਸ਼ਰਮਾ ਤੇ ਸੂਬਾਈ ਮਹਾਮੰਤਰੀ ਤੇ ਸਾਬਕਾ ਮੇਅਰ ਰਾਕੇਸ਼ ਰਾਠੌੜ ਦੇ ਨਾਲ ਡੇਰਾ ਸੱਚਖੰਡ ਬੱਲਾਂ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਰਾਕੇਸ਼ ਰਾਠੌੜ ਨੇ ਦੱਸਿਆ ਕਿ ਡੇਰੇ ਦੇ ਵਿਹੜੇ ’ਚ ਪ੍ਰਧਾਨ ਮੰਤਰੀ ਦੇ ਆਉਣ, ਉਨ੍ਹਾਂ ਦੇ ਬੈਠਣ ਦੀ ਥਾਂ, ਸਵਾਗਤ ਵਾਲੀ ਥਾਂ ਤੇ ਪੂਰੇ ਪ੍ਰੋਗਰਾਮ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ ਹੈ। ਵੀਰਵਾਰ ਨੂੰ ਵੀ ਪਾਰਟੀ ਦੇ ਨੇਤਾ ਡੇਰੇ ਦੇ ਵਿਹੜੇ ’ਚ ਪੁੱਜਣਗੇ। ਦੂਜੇ ਪਾਸੇ, ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਲੈ ਕੇ ਦਿਨ ਭਰ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਤੇ ਮੀਟਿੰਗਾਂ ਕੀਤੀਆਂ ਗਈਆਂ ਹਨ। ਪ੍ਰੋਟੋਕੋਲ ਅਨੁਸਾਰ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦੇ ਨਾਲ ਡੇਰੇ ਦੇ ਵਿਹੜੇ ਦਾ ਵੀ ਮੌਕਾ-ਮੁਆਇਨਾ ਕੀਤਾ ਗਿਆ ਹੈ। ਅਗਲੇ ਦੋ ਦਿਨਾਂ ਤੱਕ ਉਨ੍ਹਾਂ ਦੇ ਦੌਰੇ ਲਈ ਤਜਵੀਜ਼ਸ਼ੁਦਾ ਰੂਟ ਤੇ ਤਿਆਰੀਆਂ ਨੂੰ ਲੈ ਕੇ ਕਈ ਮੀਟਿੰਗਾਂ ਹੋਣਗੀਆਂ।
------------------------
ਡੇਰਾ ਬੱਲਾਂ ’ਚ ਤਿਆਰੀਆਂ ਸ਼ੁਰੂ
ਸ੍ਰੀ ਗੁਰੂ ਰਵਿਦਾਸ ਜੈਅੰਤੀ ਦੇ ਮੌਕੇ ’ਤੇ ਇਕ ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਗਮਨ ਨੂੰ ਲੈ ਕੇ ਡੇਰਾ ਬੱਲਾਂ ’ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਬੁੱਧਵਾਰ ਨੂੰ ਇੰਟੈਲੀਜੈਂਸ ਟੀਮ ਨੇ ਪਿੰਡ ਬੱਲਾਂ ’ਚ ਸਥਿਤ ਧਾਰਮਿਕ ਅਸਥਾਨਾਂ ਦਾ ਦੌਰਾ ਕੀਤਾ। ਇਸ ਦੌਰਾਨ ਇੱਥੇ ਸੇਵਾਵਾਂ ਦੇ ਰਹੀਆਂ ਪ੍ਰਬੰਧਕ ਕਮੇਟੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਤੇ ਧਾਰਮਿਕ ਸਥਾਨਾਂ ਦੇ ਦਾਇਰੇ ਸਬੰਧੀ ਵੀ ਵੇਰਵੇ ਲਏ ਗਏ। ਉੱਥੇ ਹੀ, ਜਲੰਧਰ-ਪਠਾਨਕੋਟ ਹਾਈਵੇ ’ਤੇ ਸਥਿਤ ਡੇਰਾ ਬੱਲਾਂ ਨੂੰ ਜਾਣ ਵਾਲੇ ਮਾਰਗ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਡੇਰਾ ਸੱਚਖੰਡ ਬੱਲਾਂ ਦੇ ਦਾਖਲਾ ਦਰਵਾਜ਼ਿਆਂ ਤੇ ਅੰਦਰੂਨੀ ਸੁਰੱਖਿਆ ਲਈ ਵੀ ਤਿਆਰੀਆਂ ਚੱਲ ਰਹੀਆਂ ਹਨ।
-------------------------------
ਹਵਾਈ ਅੱਡੇ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਰੱਖਿਆ ਜਾਵੇਗਾ : ਰਿੰਕੂ
ਉੱਧਰ, ਮੁੱਖ ਮੰਤਰੀ ਦੇ ਇਸ ਟਵੀਟ ’ਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਰਿੰਕੂ ਨੇ ਲਿਖਿਆ ਕਿ ਇਹ ਮੰਗ ਪਹਿਲਾਂ ਵੀ ਕੀਤੀ ਗਈ ਸੀ ਤੇ ਪ੍ਰਧਾਨ ਮੰਤਰੀ ਵੱਲੋਂ ਇਸ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ। ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ’ਤੇ ਰੱਖਿਆ ਜਾਣਾ ਚਾਹੀਦਾ ਹੈ। ਇਸ ਮੰਗ ਨੂੰ ਲੈ ਕੇ ਹਵਾਬਾਜ਼ੀ ਮੰਤਰੀ ਨਾਲ ਵੀ ਮੁਲਾਕਾਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਹੈ ਕਿ ਆਦਮਪੁਰ ਹਵਾਈ ਅੱਡੇ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਰੱਖਿਆ ਜਾਵੇਗਾ।
-----------------------
ਰਾਕੇਸ਼ ਰਾਠੌਰ ਨੇ ਤਰੁਣ ਚੁੱਘ ਦਾ ਕੀਤਾ ਸਵਾਗਤ
ਭਾਜਪਾ ਪੰਜਾਬ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਰਾਸ਼ਟਰੀ ਮਹਾਂਮੰਤਰੀ ਤਰੁਣ ਚੁੱਘ ਦਾ ਆਪਣੇ ਨਿਵਾਸ ਸਥਾਨ ’ਤੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਭਾਜਪਾ ਪੰਜਾਬ ਪ੍ਰਦੇਸ਼ ਦੇ ਉਪ-ਪ੍ਰਧਾਨ ਸੁਭਾਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਭਾਰਤੀ ਜਨਤਾ ਯੂਵਾ ਮੋਰਚਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸਨੀ ਸ਼ਰਮਾ ਆਦਿ ਵੀ ਮੌਜੂਦ ਸਨ। ਤਰੁਣ ਚੁਘ ਨੇ ਰਾਠੌਰ ਤੇ ਹੋਰ ਅਧਿਕਾਰੀਆਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ’ਤੇ ਡੇਰਾ ਸੱਚਖੰਡ ਬਲਾਂ ਦੌਰੇ ਤੇ ਭਾਜਪਾ ਦੇ ਆਗਾਮੀ ਪ੍ਰੋਗਰਾਮਾਂ ਬਾਰੇ ਸਮੀਖਿਆ ਕੀਤੀ। ਚੁੱਘ ਨੇ 2027 ਦੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਤਿਆਰੀਆਂ ਤੇ ਰਣਨੀਤੀ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮੌਜੂਦ ਮੁੱਖ ਲੋਕਾਂ ’ਚ ਭਾਜਪਾ ਜ਼ਿਲ੍ਹਾ ਜਲੰਧਰ ਦੇ ਉਪ ਪ੍ਰਧਾਨ ਮਨੀਸ਼ ਵਿਜ, ਦਵਿੰਦਰ ਭਾਰਦਵਾਜ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਰਾਜਨ ਸ਼ਰਮਾ, ਵਰੁਣ ਨਾਗਪਾਲ ਤੇ ਹੋਰ ਸ਼ਾਮਲ ਸਨ।