ਆਦਮਪੁਰ ਪੁਲਿਸ ਵੱਲੋਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਫਲੈਗ ਮਾਰਚ
ਆਦਮਪੁਰ ਪੁਲਿਸ ਵੱਲੋਂ ਗਣਤੰਤਰ ਦਿਵਸ ਮੱਦੇਨਜ਼ਰ ਫਲੈਗ ਮਾਰਚ
Publish Date: Sun, 25 Jan 2026 08:31 PM (IST)
Updated Date: Mon, 26 Jan 2026 04:16 AM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ ਆਦਮਪੁਰ : ਗਣਤੰਤਰ ਦਿਵਸ 26 ਜਨਵਰੀ ਦੇ ਮੱਦੇਨਜ਼ਰ ਸ਼ਾਂਤੀਪੂਰਵਕ ਤੇ ਸੁਰੱਖਿਅਤ ਤਰੀਕੇ ਨਾਲ ਜਸ਼ਨ ਮਨਾਉਣ ਲਈ ਆਦਮਪੁਰ ਪੁਲਿਸ ਵੱਲੋਂ ਵੱਡੇ ਪੱਧਰ ’ਤੇ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸੇ ਕੜੀ ਤਹਿਤ ਡੀਐੱਸਪੀ ਸਬ-ਡਵੀਜ਼ਨ ਆਦਮਪੁਰ ਰਾਜੀਵ ਕੁਮਾਰ ਤੇ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਫੋਰਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਪੈਦਲ ਮਾਰਚ ਕਰਵਾਇਆ ਗਿਆ। ਮਾਰਚ ਸ਼ੁਰੂ ਹੋ ਕੇ ਮੇਨ ਬਾਜ਼ਾਰ, ਖੁਰਦਪੁਰ ਨਹਿਰ ਪੁਲ ਐੱਮਈਐੱਸ ਰੋਡ, ਰੇਲਵੇ ਸਟੇਸ਼ਨ ਤੇ ਰਿਹਾਇਸ਼ੀ ਖੇਤਰਾਂ ਤੋਂ ਹੁਦਿਆਂ ਹੋਇਆ ਤੇ ਫਿਰ ਵਾਪਸ ਥਾਣੇ ਤੱਕ ਪਹੁੰਚਿਆ। ਇਸ ਫਲੈਗ ਮਾਰਚ ਦਾ ਮੁੱਖ ਮਕਸਦ ਆਮ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ, ਸਮਾਜ ਵਿਰੋਧੀ ਤੱਤਾਂ ’ਚ ਪੁਲਿਸ ਦਾ ਡਰ ਬਣਾਈ ਰੱਖਣਾ ਤੇ ਕਾਨੂੰਨ-ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈਣਾ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੇ ਧਿਆਨ ਨਾ ਦਿੱਤਾ ਜਾਵੇ ਤੇ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ। ਡੀਐੱਸਪੀ ਰਾਜੀਵ ਕੁਮਾਰ ਤੇ ਥਾਣਾ ਮੁੱਖੀ ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਦੌਰਾਨ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਸ਼ਹਿਰ ’ਚ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਸਮੇਂ ਸਿਰ ਰੋਕਿਆ ਜਾ ਸਕੇ।