ਪੁਲਿਸ ਮੁਤਾਬਕ ਇਨ੍ਹਾਂ ਨੌਜਵਾਨਾਂ 'ਤੇ ਨਸ਼ਾ ਕਰਨ ਦੇ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਹਸਪਤਾਲ ਵਿੱਚ ਹੋਏ ਡੋਪ ਟੈਸਟ ਦੌਰਾਨ ਪੁਸ਼ਟੀ ਹੋਣ 'ਤੇ ਇਨ੍ਹਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ।

ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਇਨ੍ਹਾਂ ਨੌਜਵਾਨਾਂ 'ਤੇ ਨਸ਼ਾ ਕਰਨ ਦੇ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਹਸਪਤਾਲ ਵਿੱਚ ਹੋਏ ਡੋਪ ਟੈਸਟ ਦੌਰਾਨ ਪੁਸ਼ਟੀ ਹੋਣ 'ਤੇ ਇਨ੍ਹਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ।
ਰੂਪੋਵਾਲ ਦਾ ਨੌਜਵਾਨ ਕਾਬੂ
ਪੁਲਿਸ ਮੁਤਾਬਕ ਥਾਣਾ ਗੜ੍ਹਦੀਵਾਲਾ ਅਧੀਨ ਆਉਂਦੇ ਪਿੰਡ ਰੂਪੋਵਾਲ ਵਿੱਚ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕੀਤੀ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਦਰਸ਼ਨ ਸਿੰਘ ਨੂੰ ਮੁਖ਼ਬਰ ਰਾਹੀਂ ਇਤਲਾਹ ਮਿਲੀ ਸੀ ਕਿ ਹਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਨਸ਼ੇ ਕਰਨ ਦਾ ਆਦੀ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਸਨ।
ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਹਰਜੀਤ ਸਿੰਘ ਨੂੰ ਰਾਊਂਡ ਅੱਪ ਕੀਤਾ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ, ਉਸ ਨੂੰ ਸਿਵਲ ਹਸਪਤਾਲ ਦਸੂਹਾ ਲਿਜਾਇਆ ਗਿਆ। ਡਾਕਟਰੀ ਜਾਂਚ ਦੌਰਾਨ ਡੋਪ ਟੈਸਟ ਦੀ ਰਿਪੋਰਟ ਪੌਜ਼ਟਿਵ ਆਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਿੰਡ ਮਾਂਗਾ ਵਿਖੇ ਪੁਲਿਸ ਨੇ ਕੀਤੀ ਛਾਪੇਮਾਰੀ
ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਗੜ੍ਹਦੀਵਾਲਾ ਪੁਲਿਸ ਨੇ ਨਿਰਵੈਰ ਸਿੰਘ ਪੁੱਤਰ ਰਘਵੀਰ ਸਿੰਘ, ਵਾਸੀ ਪਿੰਡ ਮਾਂਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਐਸ.ਆਈ. ਸਤਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਉਕਤ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ।
ਮੁਖ਼ਬਰੀ ਦੇ ਅਧਾਰ 'ਤੇ ਨਿਰਵੈਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਉਸ ਦਾ ਡੋਪ ਟੈਸਟ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਟੈਸਟ ਦੀ ਰਿਪੋਰਟ ਪੌਜ਼ਟਿਵ ਦਿੱਤੇ ਜਾਣ ਮਗਰੋਂ, ਪੁਲਿਸ ਨੇ ਉਸ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫੁਗਲਾਣਾ-ਅਹਿਰਾਣਾ ਰੋਡ ਤੋਂ ਇੱਕ ਗ੍ਰਿਫ਼ਤਾਰ
ਪੁਲਿਸ ਅਨੁਸਾਰ ਥਾਣਾ ਮੇਹਟੀਆਣਾ ਦੇ ਏ.ਐਸ.ਆਈ. ਓਂਕਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਦੋਂ ਪਿੰਡ ਫੁਗਲਾਣਾ ਤੋਂ ਡਵਿੱਡਾ ਅਹਿਰਾਣਾ ਵੱਲ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਜਾ ਰਹੀ ਸੀ, ਤਾਂ ਅੱਡਾ ਫੁਗਲਾਣਾ ਵਿਖੇ ਮੁਖ਼ਬਰ ਖ਼ਾਸ ਨੇ ਜਾਣਕਾਰੀ ਦਿੱਤੀ ਕਿ ਚਰਨਜੀਤ ਸਿੰਘ ਉਰਫ਼ ਚੰਨਾ ਪੁੱਤਰ ਓਮ ਪ੍ਰਕਾਸ਼, ਵਾਸੀ ਪਿੰਡ ਅਜੜਾਮ, ਜੋ ਕਿ ਨਸ਼ੇ ਦਾ ਆਦੀ ਹੈ, ਇਸ ਵੇਲੇ ਬਿੱਲੇ ਦੇ ਭੱਠੇ ਨੇੜੇ ਨਸ਼ੇ ਦੀ ਹਾਲਤ ਵਿੱਚ ਮੌਜੂਦ ਹੈ।
ਪੁਲਿਸ ਨੇ ਦੱਸੀ ਹੋਈ ਜਗ੍ਹਾ 'ਤੇ ਛਾਪਾ ਮਾਰ ਕੇ ਚਰਨਜੀਤ ਸਿੰਘ ਨੂੰ ਕਾਬੂ ਕੀਤਾ। ਜਦੋਂ ਉਸ ਦਾ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਡੋਪ ਟੈਸਟ ਕਰਵਾਇਆ ਗਿਆ, ਤਾਂ ਉਸ ਵਿੱਚ ਨਸ਼ੇ ਦੀ ਪੁਸ਼ਟੀ ਹੋਈ। ਰਿਪੋਰਟ ਪੌਜ਼ਟਿਵ ਆਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।