ਜਬਰ-ਜਨਾਹ ਦੀ ਕੋਸ਼ਿਸ਼ ਤੇ ਕਤਲ ਮਾਮਲੇ ’ਚ ਕਾਬੂ ਮੁਲਜ਼ਮ ਦੋ ਦਿਨਾ ਰਿਮਾਂਡ ’ਤੇ
ਨਾਬਾਲਿਗ ਨਾਲ ਜਬਰਜਨਾਹ ਦੀ ਕੋਸ਼ਿਸ਼ ਤੇ ਕਤਲ ਮਾਮਲੇ ’ਚ ਗ੍ਰਿਫਤਾਰ ਮੁਲਜ਼ਮ ਦੋ ਦਿਨ ਦੇ ਰਿਮਾਂਡ ’ਤੇ
Publish Date: Wed, 03 Dec 2025 08:56 PM (IST)
Updated Date: Wed, 03 Dec 2025 08:59 PM (IST)

-ਪੁਲਿਸ ਨੇ ਨੌਂ ਦਿਨ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਕੀਤਾ ਪੇਸ਼ ਪੱਤਰ ਪ੍ਰੇਰਕ, ਪੰਜਾਬੀ ਜਗਰਣ, ਜਲੰਧਰ : ਪਾਰਸ ਐਸਟੇਟ ’ਚ 13 ਸਾਲਾ ਨਾਬਾਲਿਗ ਬੱਚੀ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ’ਚ ਨਾਕਾਮ ਰਹਿਣ ’ਤੇ ਉਸ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਰਿੰਪੀ ਨੂੰ ਬੁੱਧਵਾਰ ਦੁਪਹਿਰ 3.45 ਵਜੇ ਨੌਂ ਦਿਨ ਦਾ ਰਿਮਾਂਡ ਮੁੱਕਣ ਤੋਂ ਬਾਅਦ ਪੁਲਿਸ ਨੇ ਜੱਜ ਰੀਤ ਵਰਿੰਦਰ ਸਿੰਘ ਧਾਲੀਵਾਲ ਦੀ ਅਦਾਲਤ ’ਚ ਪੇਸ਼ ਕੀਤਾ। ਪੇਸ਼ੀ ਦੌਰਾਨ ਮੁਲਜ਼ਮ ਨੇ ਚਿਹਰਾ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ। 3.50 ਵਜੇ ਪੁਲਿਸ ਮੁਲਜ਼ਮ ਨੂੰ ਪਹਿਲੀ ਮੰਜ਼ਿਲ ’ਤੇ ਸਥਿਤ ਅਦਾਲਤ ’ਚ ਲੈ ਗਈ। ਕੁੜੀ ਵੱਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿੱਤੀ ਕਿ ਘਟਨਾ ਵਾਲੀ ਰਾਤ ਮੁਲਜ਼ਮ ਦੇ ਨਾਲ ਭੀੜ ਨੇ ਕੁੱਟਮਾਰ ਕੀਤੀ ਸੀ ਤੇ ਅਗਲੇ ਦਿਨ ਉਸ ਨੂੰ ਹਸਪਤਾਲ ਤੋਂ ਛੁੱਟੀ ਤਾਂ ਮਿਲ ਗਈ ਸੀ ਪਰ ਸਿਹਤ ਠੀਕ ਨਾ ਹੋਣ ਕਾਰਨ ਪੁਲਿਸ ਪੁੱਛਗਿੱਛ ਪੂਰੀ ਤਰ੍ਹਾਂ ਨਹੀਂ ਕਰ ਸਕੀ। ਇਸ ਲਈ ਹੋਰ ਰਿਮਾਂਡ ਚਾਹੀਦਾ ਹੈ। ਅਦਾਲਤ ਨੇ ਦੋਵੇਂ ਪਾਸਿਆਂ ਦੀਆਂ ਦਲੀਲਾਂ ਸੁਣ ਕੇ 10 ਮਿੰਟ ਲਈ ਫ਼ੈਸਲਾ ਰੋਕ ਲਿਆ। ਬ੍ਰੇਕ ਤੋਂ ਬਾਅਦ ਮੁਲਜ਼ਮ ਨੂੰ ਮੁੜ ਅਦਾਲਤ ’ਚ ਲਿਆਂਦਾ ਗਿਆ। ਮੁਲਜ਼ਮ ਵੱਲੋਂ ਡਿਪਟੀ ਡਿਫੈਂਸ ਕੌਂਸਲ ਦੇ ਵਕੀਲ ਨਵਨੀਤ ਢੱਲ ਪੇਸ਼ ਹੋਏ। ਦੋਵੇਂ ਪਾਸਿਆਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਦੋ ਦਿਨ ਦਾ ਰਿਮਾਂਡ ਮਿਲਣ ਤੋਂ ਬਾਅਦ 4.45 ਵਜੇ ਪੁਲਿਸ ਮੁਲ਼ਜਮ ਨੂੰ ਆਪਣੇ ਨਾਲ ਵਾਪਸ ਥਾਣੇ ਲੈ ਗਈ। ------------------------- ਕਾਰ ਮਾਲਕ ਮੋਹਨ ਬਾਰੇ ਪੁਲਿਸ ਪੁੱਛਗਿੱਛ ਕਰੇਗੀ ਦੱਸ ਦਈਏ ਕਿ ਮੁਲਜ਼ਮ ਨੇ ਕੁੜੀ ਦੇ ਕਤਲ ਤੋਂ ਬਾਅਦ ਲਾਸ਼ ਨੂੰ ਕਿਤੇ ਸੁੱਟਣ ਲਈ ਆਪਣੇ ਦੋਸਤ ਮੋਹਨ ਲਾਲ ਤੋਂ ਕਾਰ ਮੰਗੀ ਸੀ। ਪੁਲਿਸ ਰਿਮਾਂਡ ਦੌਰਾਨ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਕੀ ਮੋਹਨ ਨੂੰ ਇਸ ਗੱਲ ਦੀ ਜਾਣਕਾਰੀ ਸੀ ਜਾਂ ਨਹੀਂ। ਜੇ ਮੋਹਨ ਨੂੰ ਪਤਾ ਸੀ ਕਿ ਲਾਸ਼ ਸੁੱਟਣ ਲਈ ਕਾਰ ਮੰਗੀ ਗਈ ਹੈ ਤਾਂ ਉਸਨੂੰ ਵੀ ਮਾਮਲੇ ’ਚ ਨਾਮਜ਼ਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਮੁਲਜ਼ਮ ਦਾ ਮੋਬਾਈਲ ਵੀ ਨਹੀਂ ਮਿਲਿਆ, ਜਿਸ ਤੋਂ ਹੋਰ ਸਬੂਤ ਮਿਲ ਸਕਦੇ ਹਨ। ------------------------ ਵਾਰਦਾਤ ਵੇਲੇ ਮੌਕੇ ’ਤੇ ਇਕ ਨਹੀਂ, ਦੋ ਮੁਲਜ਼ਮ ਸਨ : ਸ਼ਰਮਾ ਬੁੱਧਵਾਰ ਨੂੰ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਆਪਣੇ ਫੇਸਬੁੱਕ ’ਤੇ ਲਾਈਵ ਹੋ ਕੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਵਾਰਦਾਤ ਦੌਰਾਨ ਰਿੰਪੀ ਦੇ ਨਾਲ ਇਕ ਹੋਰ ਮੁਲਜ਼ਮ ਵੀ ਮੌਜੂਦ ਸੀ, ਤੇ ਉਸਨੇ ਹੀ ਪੁਲਿਸ ਪਾਰਟੀ ਲਈ ਚਾਹ ਬਣਾਈ ਸੀ। ਸ਼ਰਮਾ ਨੇ ਕਿਹਾ ਕਿ ਮੰਗਤ ਰਾਮ ਨੇ ਬਰਖ਼ਾਸਤ ਹੋਣ ਤੋਂ ਬਾਅਦ ਆਪਣੇ ਬਿਆਨ ’ਚ ਦੂਜੇ ਮੁਲਜ਼ਮ ਦਾ ਜ਼ਿਕਰ ਕੀਤਾ ਹੈ ਪਰ ਪੁਲਿਸ ਨੇ ਆਪਣੀ ਫਾਈਲ ਤੇ ਅਦਾਲਤ ਦੋਵੇਂ ਥਾਂ ਇਸ ਗੱਲ ਨੂੰ ਲੁਕਾਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਾਰਦਾਤ ਵਾਲੀ ਰਾਤ ਥਾਣੇ ’ਚ ਪੁਲਿਸ ਦੀ ਟੀਮ ਮੌਜੂਦ ਨਹੀਂ ਸੀ, ਇਸ ਲਈ ਥਾਣੇ ਦਾ ਸਫਾਈ ਮੁਲਾਜ਼ਮ ਚੇਤਨ ਪੁਲਿਸ ਨਾਲ ਮੌਕੇ ’ਤੇ ਗਿਆ। ਬਾਅਦ ’ਚ ਪੁਲਿਸ ਵਾਪਸ ਆ ਗਈ ਤੇ ਉਸਨੂੰ ਕਿਹਾ ਗਿਆ ਕਿ ਸੀਸੀਟੀਵੀ ਚੈੱਕ ਕਰੇ ਪਰ ਉਹ ਵੀ ਵਾਪਸ ਆ ਗਿਆ। ਸ਼ਰਮਾ ਨੇ ਮੰਗ ਕੀਤੀ ਕਿ ਪੁਲਿਸ ਦੂਜੇ ਮੁਲਜ਼ਮ ਨੂੰ ਵੀ ਬਾਹਰ ਲਿਆਵੇ।