ਕਲੀਨਿਕ 'ਤੇ ਚੋਰੀ ਕਰਨ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ
ਡਾਕਟਰ ਦੇ ਕਲੀਨਿਕ 'ਤੇ ਚੋਰੀ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ
Publish Date: Sun, 18 Jan 2026 10:17 PM (IST)
Updated Date: Mon, 19 Jan 2026 04:21 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ-6 ਦੀ ਪੁਲਿਸ ਨੇ ਗੁਰੂ ਤੇਗ ਬਹਾਦਰ ਨਗਰ ਦੇ ਇਕ ਕਲੀਨਿਕ ਤੇ ਚੋਰੀ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਅਮਨ ਨਗਰ ਵਾਸੀ ਕਮਲਜੀਤ ਸਿੰਘ ਉਰਫ਼ ਗੀਤਾ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ। ਰਿਮਾਂਡ ਦੌਰਾਨ ਮੁਲਜ਼ਮ ਤੋਂ ਚੋਰੀ ਕੀਤੀ ਗਈ ਨਕਦੀ ਤੇ ਉਸ ਦੇ ਸਾਥੀਆਂ ਦੀ ਬਰਾਮਦਗੀ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਡਾ. ਮਨਜੀਤ ਕੌਰ ਮਰਵਾਹਾ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਦੱਸਿਆ ਕਿ 21 ਨਵੰਬਰ, 2025 ਨੂੰ ਦੁਪਹਿਰ 12 ਵਜੇ ਦੇ ਕਰੀਬ ਇਕ ਅਣਪਛਾਤਾ ਵਿਅਕਤੀ ਉਸ ਦੇ ਕਲੀਨਿਕ ’ਚ ਡਾ. ਮਨਜੋਤ ਦੇ ਕਮਰੇ ’ਚ ਦਾਖਲ ਹੋਇਆ। ਮੁਲਜਮ ਕਲੀਨਿਕ ’ਚ ਦਾਖਲ ਹੋਇਆ ਤੇ ਦਰਾਜ਼ ਤੋਂ ਨਕਦੀ ਚੋਰੀ ਕਰ ਲਈ। ਘਟਨਾ ਸਮੇਂ ਕਲੀਨਿਕ ਬੰਦ ਸੀ। ਸ਼ਿਕਾਇਤ ਦੇ ਆਧਾਰ ਤੇ ਥਾਣਾ ਡਵੀਜ਼ਨ 6 ਦੀ ਪੁਲਿਸ ਨੇ 24 ਨਵੰਬਰ, 2025 ਨੂੰ ਮਾਮਲਾ ਦਰਜ ਕੀਤਾ। ਏਐੱਸਆਈ ਨਰਿੰਦਰ ਕੁਮਾਰ ਨੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਅਮਨ ਨਗਰ ਦਾ ਰਹਿਣ ਵਾਲਾ ਕਮਲਜੀਤ ਸਿੰਘ ਉਰਫ਼ ਗੀਤਾ ਚੋਰੀ ’ਚ ਸ਼ਾਮਲ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁਲਜਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜਮ ਤੋਂ ਪੁੱਛਗਿੱਛ ਤੋਂ ਹੋਰ ਚੋਰੀਆਂ ਬਾਰੇ ਮਹੱਤਵਪੂਰਨ ਸੁਰਾਗ ਮਿਲਣ ਦੀ ਉਮੀਦ ਹੈ। ਉਸਦੇ ਹੋਰ ਸਾਥੀਆਂ ਦੀ ਪਛਾਣ ਕਰਨ ਤੇ ਚੋਰੀ ਹੋਏ ਸਾਮਾਨ ਨੂੰ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਚੋਰੀ ਹੋਈ ਨਕਦੀ ਜਲਦੀ ਹੀ ਬਰਾਮਦ ਕਰ ਲਈ ਜਾਵੇਗੀ।