ਤਹਿਸੀਲ ਫਿਲੌਰ ਦੇ ਪਿੰਡ ਬੇਗਮਪੁਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਗੁਰਪ੍ਰੀਤ ਕੌਰ ਨੇ ਬਿਲਗਾ ਪੁਲਿਸ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਉਸ ਨੂੰ ਇਨਸਾਫ਼ ਦੇਣ ਦੀ ਬਜਾਏ ਟਾਲ-ਮਟੋਲ ਕਰ ਰਿਹਾ ਹੈ। ਪੀੜਤਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਉਹ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦੇਣ ਲਈ ਮਜਬੂਰ ਹੋਵੇਗੀ।

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਤਹਿਸੀਲ ਫਿਲੌਰ ਦੇ ਪਿੰਡ ਬੇਗਮਪੁਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਗੁਰਪ੍ਰੀਤ ਕੌਰ ਨੇ ਬਿਲਗਾ ਪੁਲਿਸ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਉਸ ਨੂੰ ਇਨਸਾਫ਼ ਦੇਣ ਦੀ ਬਜਾਏ ਟਾਲ-ਮਟੋਲ ਕਰ ਰਿਹਾ ਹੈ। ਪੀੜਤਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਉਹ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦੇਣ ਲਈ ਮਜਬੂਰ ਹੋਵੇਗੀ।
ਪੀੜਤ ਗੁਰਪ੍ਰੀਤ ਕੌਰ ਪਤਨੀ ਸਵ. ਅਮਰਜੀਤ ਸਿੰਘ ਨੇ ਮੀਡੀਆ ਨੂੰ ਆਪਣਾ ਦੁਖੜਾ ਸੁਣਾਉਂਦੇ ਹੋਏ ਦੱਸਿਆ ਕਿ ਪਿੰਡ ਮਠੁੱਡਾ ਖੁਰਦ ਦਾ ਰਹਿਣ ਵਾਲਾ ਧਰਮਵੀਰ ਮਾਨ (ਜੋ ਆਪਣੇ ਨਾਨਕੇ ਪਿੰਡ ਬੇਗਮਪੁਰ ਰਹਿੰਦਾ ਹੈ) ਨੇ ਵਿਦੇਸ਼ ਜਾਣ ਲਈ ਉਸ ਤੋਂ 2 ਲੱਖ ਰੁਪਏ ਉਧਾਰ ਲਏ ਸਨ। ਇਸ ਸਬੰਧੀ ਉਸ ਨੇ ਦਸੰਬਰ 2025 ਵਿੱਚ ਲਿਖਤੀ ਰੂਪ ਵਿੱਚ ਪੇਪਰ ਵੀ ਦਿੱਤਾ ਸੀ ਕਿ ਉਹ ਜਲਦ ਪੈਸੇ ਵਾਪਸ ਕਰ ਦੇਵੇਗਾ।
ਗੁਰਪ੍ਰੀਤ ਕੌਰ ਅਨੁਸਾਰ ਜਦੋਂ ਹੁਣ ਉਸ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਧਰਮਵੀਰ ਮਾਨ ਨੇ ਉਸ ਦੇ ਘਰ ਵਿੱਚ ਜ਼ਬਰਦਸਤੀ ਵੜ ਕੇ ਭੰਨ-ਤੋੜ ਕੀਤੀ ਅਤੇ ਦਾਤਰ ਨਾਲ ਉਸ ਉੱਤੇ ਅਤੇ ਉਸ ਦੇ ਬੇਟੇ ਉੱਤੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਉਕਤ ਵਿਅਕਤੀ ਜਾਂਦੇ ਹੋਏ ਦੁਕਾਨ ਦੇ ਗੱਲੇ ਵਿੱਚੋਂ ਪਹਿਲਾਂ 9500 ਰੁਪਏ, ਫਿਰ 5000 ਰੁਪਏ ਅਤੇ ਉਸ ਦੇ ਲੜਕੇ ਦਾ ਮੋਬਾਈਲ ਫੋਨ ਵੀ ਖੋਹ ਕੇ ਲੈ ਗਿਆ।
ਪੀੜਤਾ ਨੇ ਦੱਸਿਆ ਕਿ ਉਸ ਨੇ ਘਟਨਾ ਦੀ ਸੂਚਨਾ ਤੁਰੰਤ 112 ਨੰਬਰ ਅਤੇ ਬਿਲਗਾ ਥਾਣੇ ਵਿੱਚ ਦਿੱਤੀ, ਪਰ ਪੁਲਿਸ ਕਰਮਚਾਰੀਆਂ ਦਾ ਵਤੀਰਾ ਬੇਹੱਦ ਨਿਰਾਸ਼ਾਜਨਕ ਰਿਹਾ। ਉਸ ਨੇ ਦੋਸ਼ ਲਾਇਆ ਕਿ ਪੁਲਿਸ ਵਾਲੇ ਉਸ ਨੂੰ ਹੀ ਕਹਿ ਰਹੇ ਹਨ ਕਿ "ਮੁਲਜ਼ਮ ਨੂੰ ਲੱਭ ਕੇ ਦੱਸੋ, ਫਿਰ ਅਸੀਂ ਫੜ ਲਵਾਂਗੇ।" ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਇੱਕ ਵਿਧਵਾ ਔਰਤ ਹੈ ਅਤੇ ਉਸ ਦਾ ਇੱਕ ਛੋਟਾ ਬੇਟਾ ਹੈ, ਜਿਸ ਕਾਰਨ ਉਸ ਨੂੰ ਧਰਮਵੀਰ ਮਾਨ ਤੋਂ ਜਾਨ-ਮਾਲ ਦਾ ਖ਼ਤਰਾ ਬਣਿਆ ਹੋਇਆ ਹੈ।
ਪੀੜਤਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ਉਸ ਨੇ ਹੁਣ ਐਸ.ਐਸ.ਪੀ. ਜਲੰਧਰ (ਦਿਹਾਤੀ) ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ।
ਜਦੋਂ ਇਸ ਸਬੰਧੀ ਬਿਲਗਾ ਥਾਣੇ ਦੇ ਥਾਣੇਦਾਰ ਬਗੀਚਾ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਧਰਮਵੀਰ ਮਾਨ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।