ਮਾਘੀ ਕਾਨਫਰੰਸ ਲਈ ਭਲਕੇ ਰਵਾਨਾ ਹੋਣਗੇ ‘ਆਪ’ ਵਲੰਟੀਅਰ : ਸੀਚੇਵਾਲ
ਮਾਘੀ ਕਾਨਫਰੰਸ ਲਈ ‘ਆਪ’ ਵਲੰਟੀਅਰਾਂ ਦਾ ਕਾਫਲਾ ਭਲਕੇ ਹੋਵੇਗਾ ਰਵਾਨਾ : ਸੀਚੇਵਾਲ
Publish Date: Mon, 12 Jan 2026 08:06 PM (IST)
Updated Date: Mon, 12 Jan 2026 08:09 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਹਲਕਾ ਸ਼ਾਹਕੋਟ ਤੋਂ ਵਲੰਟੀਅਰਾਂ ਦਾ ਵੱਡਾ ਕਾਫਲਾ 14 ਜਨਵਰੀ ਨੂੰ ਰਵਾਨਾ ਹੋਵੇਗਾ। ਜਾਣਕਾਰੀ ਦਿੰਦਿਆਂ ਬੈਕਫਿੰਕੋ ਪੰਜਾਬ ਦੇ ਵਾਈਸ ਚੇਅਰਮੈਨ ਅਤੇ ਹਲਕਾ ਸ਼ਾਹਕੋਟ ਦੇ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਹਲਕੇ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਨੂੰ ਲੈ ਕੇ ਬੱਸ 14 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਸ਼ਾਹਕੋਟ ਦੇ ਬੱਸ ਅੱਡੇ ਤੋਂ ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਵਿਕਾਸ ਦੀ ਲੀਹ ‘ਤੇ ਤੋਰਿਆ ਹੈ। ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਬਿਜਲੀ, ਮਿਆਰੀ ਸਿਹਤ ਸਹੂਲਤਾਂ, ਰੁਜ਼ਗਾਰ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਕਾਰਨ ਲੋਕਾਂ ਦਾ ਉਤਸ਼ਾਹ ਸਿਖਰਾਂ ‘ਤੇ ਹੈ। ਇਸ ਕਾਨਫਰੰਸ ਦੌਰਾਨ ਜਿੱਥੇ 40 ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ ਜਾਵੇਗਾ, ਉੱਥੇ ਹੀ ਪੰਜਾਬ ਦੇ ਵਿਕਾਸ ਦੇ ਅਗਲੇ ਪੜਾਅ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਸ਼ਹਿਰੀ ਪ੍ਰਧਾਨ ਮਨੋਜ ਅਰੋੜਾ, ਸੋਸ਼ਲ ਮੀਡੀਆ ਇੰਚਾਰਜ ਰੂਪ ਲਾਲ ਸ਼ਰਮਾ, ਕਰਮਜੀਤ ਸਿੰਘ ਹੁੰਦਲ ਆਦਿ ਹਾਜ਼ਰ ਸਨ।