ਮਨਰੇਗਾ ਦੀ ਥਾਂ ਵੀਬੀ ਜੀ ਰਾਮ ਜੀ ਲਿਆਉਣ ਖ਼ਿਲਾਫ਼ ‘ਆਪ’ ਵੱਲੋਂ ਡੀਸੀ ਦਫਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ

-ਸ਼ਰਤਾਂ ਦੇ ਨਾਂ ’ਤੇ ਗਰੀਬ ਮਜ਼ਦੂਰਾਂ ਨੂੰ ਕੰਮ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ : ਪਵਨ ਟੀਨੂੰ
-ਕੇਂਦਰ ਵੱਲੋਂ ਮਨਰੇਗਾ ਨੂੰ ਕਮਜ਼ੋਰ ਕਰਨਾ ਗਰੀਬ ਮਜ਼ਦੂਰਾਂ ਦੇ ਮੂੰਹੋਂ ਰੋਟੀ ਖੋਹਣ ਬਰਾਬਰ : ਭਗਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਨਰੇਗਾ ਦੀ ਥਾਂ ਕੇਂਦਰ ਸਰਕਾਰ ਵੱਲੋਂ ਦੇਸ਼ ’ਚ ਲਿਆਂਦੇ ਗਏ ਨਵੇਂ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਪੁੱਡਾ ਗਰਾਊਂਡ ’ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਕੋਆਪਰੇਟਿਵ ਐਗਰੀਕਲਚਰ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਕਿਹਾ ਕਿ ਭਾਜਪਾ ਦੀ ਇਹ ਨਵੀਂ ਮਜ਼ਦੂਰ ਵਿਰੋਧੀ ਨੀਤੀ ਇਕ ਸੋਚੀ-ਸਮਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਮਨਰੇਗਾ ਦਾ ਨਾਮ ਬਦਲ ਕੇ ਇਸਨੂੰ “ਵੀ-ਬੀ-ਜੀ ਰਾਮ-ਜੀ ਐਕਟ” ਰੱਖ ਦਿੱਤਾ ਹੈ ਅਤੇ ਇਸ ਨਵੇਂ ਨਾਮ ਹੇਠ ਕੀਤੇ ਜਾ ਰਹੇ ਫੈਸਲੇ ਬੇਹੱਦ ਖ਼ਤਰਨਾਕ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਦੇ ਬਜਟ ਵਿੱਚ ਲਗਾਤਾਰ ਕਟੌਤੀਆਂ ਕਰਕੇ ਪਿੰਡਾਂ ਦੀ ਅਰਥਵਿਵਸਥਾ ਨੂੰ ਤਬਾਹ ਕੀਤਾ ਜਾ ਰਿਹਾ ਹੈ। ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਪਹਿਲਾਂ ਮਨਰੇਗਾ ਦਾ 100 ਫ਼ੀਸਦੀ ਬਜਟ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ ਪਰ ਹੁਣ ਇਸ ਨੂੰ 60-40 ਦੇ ਅਨੁਪਾਤ ਵਿਚ ਵੰਡ ਦਿੱਤਾ ਗਿਆ ਹੈ। ਹੁਣ 60 ਫ਼ੀਸਦੀ ਕੇਂਦਰ ਅਤੇ 40 ਫ਼ੀਸਦੀ ਰਾਜ ਸਰਕਾਰਾਂ ਨੂੰ ਦੇਣਾ ਪਵੇਗਾ।
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਵੀਬੀ ਜੀ ਰਾਮਜੀ ਕਾਨੂੰਨ ’ਚ ਸੂਬਿਆ ਵੱਲੋਂ 40 ਫੀਸਦੀ ਹਿੱਸਾ ਦੇਣ ’ਤੇ ਸਵਾਲ ਚੁੱਕਦਿਆਂ ਕਿ ਜਦੋਂ ਰਾਜਾਂ ਦੀ ਜੀਐੱਸਟੀ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਜਾਂਦੀ ਹੈ ਤਾਂ ਸੂਬਾ ਸਰਕਾਰਾਂ ਇਹ 40 ਫ਼ੀਸਦੀ ਹਿੱਸਾ ਕਿੱਥੋਂ ਲਿਆਉਣਗੀਆਂ? ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਧ ਰਹੀ ਬੇਰੁਜ਼ਗਾਰੀ, ਮਹਿੰਗਾਈ ਅਤੇ ਆਰਥਿਕ ਸੰਕਟ ਵਰਗੇ ਗੰਭੀਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਲੋਕ-ਹਿੱਤਕਾਰੀ ਯੋਜਨਾਵਾਂ ਦੇ ਨਾਮ ਬਦਲਣ ਦੀ ਰਾਜਨੀਤੀ ਕਰ ਰਹੀ ਹੈ। ਐੱਸ ਸੀ ਵਿੰਗ ਦੇ ਸੂਬਾ ਪ੍ਰਧਾਨ ਜੀਪੀ ਸਿੰਘ ਨੇ ਕਿਹਾ ਕਿ ਮਨਰੇਗਾ ਵਰਗੀ ਮਹੱਤਵਪੂਰਨ ਰੁਜ਼ਗਾਰ ਯੋਜਨਾ, ਜਿਸ ਨਾਲ ਕਰੋੜਾਂ ਗਰੀਬ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ, ਉਸ ਦਾ ਨਾਮ ਬਦਲਣਾ ਸਿਰਫ਼ ਰਾਜਨੀਤਿਕ ਦਿਖਾਵਾ ਹੈ, ਜਦਕਿ ਹਕੀਕਤ ਇਹ ਹੈ ਕਿ ਜ਼ਮੀਨ ’ਤੇ ਰੋਜ਼ਗਾਰ ਦੇ ਮੌਕੇ ਲਗਾਤਾਰ ਘਟ ਰਹੇ ਹਨ।
‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਪੰਜਾਬ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਨਾ ਸਿਰਫ਼ ਪੰਜਾਬ ਦੇ ਹੱਕ ਦੇ ਫੰਡ ਰੋਕੇ ਗਏ ਹਨ, ਸਗੋਂ ਸੂਬੇ ਦੇ ਵਿਕਾਸ ਕਾਰਜਾਂ ਵਿੱਚ ਵੀ ਜਾਣ-ਬੁੱਝ ਕੇ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ, ਮਹਿਲਾਵਾਂ ਨੂੰ ਸਸ਼ਕਤ ਕਰਨ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਸੰਬੰਧੀ ਕੇਂਦਰ ਸਰਕਾਰ ਦੇ ਵੱਡੇ ਵਾਅਦੇ ਅੱਜ ਤੱਕ ਪੂਰੇ ਨਹੀਂ ਹੋਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਜਪਾ ਸਰਕਾਰ ਨਾਂ ਬਦਲਣ ਦੀ ਰਾਜਨੀਤੀ ਰਾਹੀਂ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ ਪਰ ਆਮ ਆਦਮੀ ਪਾਰਟੀ ਇਸ ਤਰ੍ਹਾਂ ਦੀਆਂ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਪਾਰਟੀ ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੰਜਾਬ ਨੂੰ ਉਸ ਦਾ ਹੱਕ ਨਹੀਂ ਮਿਲਦਾ ਤੇ ਕੇਂਦਰ ਸਰਕਾਰ ਆਪਣੀਆਂ ਗਰੀਬ ਵਿਰੋਧੀ ਨੀਤੀਆਂ ਵਿੱਚ ਤਬਦੀਲੀ ਨਹੀਂ ਕਰਦੀ, ਉਦੋਂ ਤੱਕ ਆਮ ਆਦਮੀ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ।
ਰੋਸ ਪ੍ਰਦਰਸ਼ਨ ਦੌਰਾਨ ਸੰਦੀਪ ਸੈਣੀ (ਦੋਆਬਾ ਇੰਚਾਰਜ), ਮੇਅਰ ਵਨੀਤ ਧੀਰ, ਬਲਕਾਰ ਸਿੰਘ (ਹਲਕਾ ਵਿਧਾਇਕ ਕਰਤਾਰਪੁਰ), ਜਰਨੈਲ ਨੰਗਲ (ਦੋਆਬਾ ਇੰਚਾਰਜ ਐਸਸੀ ਵਿੰਗ), ਨਿਤਿਨ ਕੋਹਲੀ (ਹਲਕਾ ਇੰਚਾਰਜ ਜਲੰਧਰ ਸੈਂਟਰਲ), ਰਾਜਵਿੰਦਰ ਕੌਰ ਥਿਆੜਾ (ਹਲਕਾ ਇੰਚਾਰਜ ਜਲੰਧਰ ਕੈਂਟ), ਦਿਨੇਸ਼ ਢਲ (ਹਲਕਾ ਇੰਚਾਰਜ ਨੌਰਥ), ਪ੍ਰਿੰਸੀਪਲ ਪ੍ਰੇਮ ਕੁਮਾਰ (ਹਲਕਾ ਇੰਚਾਰਜ), ਬਾਹਰੀ ਸਲਮਾਨੀ (ਚੇਅਰਮੈਨ), ਸੁਭਾਸ਼ ਭਗਤ (ਚੇਅਰਮੈਨ ਫਿਲੌਰ), ਬਲਬੀਰ ਸਿੰਘ ਬਿੱਟੂ (ਸੀਨੀਅਰ ਡਿਪਟੀ ਮੇਅਰ), ਮਲਕੀਤ ਸਿੰਘ (ਡਿਪਟੀ ਮੇਅਰ), ਦੀਪਕ ਸ਼ਾਰਦਾ ਕੌਂਸਲਰ, ਤਰਨਦੀਪ ਸੰਨੀ (ਦੋਆਬਾ ਮੀਡੀਆ ਇੰਚਾਰਜ), ਆਤਮ ਪ੍ਰਕਾਸ਼ ਸਿੰਘ (ਦੋਆਬਾ ਮੀਡੀਆ ਸਕੱਤਰ), ਸੰਜੀਵ ਭਗਤ (ਜ਼ਿਲ੍ਹਾ ਮੀਡੀਆ ਇੰਚਾਰਜ ਜਲੰਧਰ) ਸਮੇਤ ਸ਼ਬਨਮ ਦੁੱਗਲ, ਅਯੂਬ ਦੁੱਗਲ, ਰਿਕੀ ਮਨੋਚਾ, ਡਾ. ਅਮਿਤ, ਵਿਜੈ ਭਾਟੀਆ, ਜਸਕਰਨ ਸਿੰਘ, ਸ਼ੋਭਾ ਭਗਤ, ਸੁੱਚਾ ਸਿੰਘ, ਗੁਰਪ੍ਰੀਤ ਕੌਰ, ਚਾਹਤ ਕੌਰ, ਪੂਨਮ ਭਗਤ, ਕੁਮਕੁਮ ਤੇ ਵੱਡੀ ਗਿਣਤੀ ਵਿਚ ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਤੇ ਵਰਕਰ ਮੌਜੂਦ ਸਨ।