‘ਆਪ’ ਦੇ ਚਾਰ ਸਾਲ ਪ੍ਰਾਪਤੀਆਂ ‘ਜ਼ੀਰੋ’, ਬਹਾਨੇ ਬੇਸ਼ੁਮਾਰ : ਸਾਂਪਲਾ
ਆਪ ਸਰਕਾਰ ਦੇ ਚਾਰ ਸਾਲ ਪ੍ਰਾਪਤੀਆਂ ‘ਜ਼ੀਰੋ’, ਬਹਾਨੇ ਬੇਸ਼ੁਮਾਰ : ਸਾਂਪਲਾ
Publish Date: Mon, 01 Dec 2025 08:53 PM (IST)
Updated Date: Mon, 01 Dec 2025 08:53 PM (IST)

-ਕਿਹਾ, ਰੇਤ, ਲੈਂਡ ਤੇ ਟਰਾਂਸਪੋਰਟ ਮਾਫ਼ੀਆ ਨਾਲ ਮਿਲੀ ਹੋਈ ਸੂਬਾ ਸਰਕਾਰ -ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਚੀਮਾ ਦੇ ਬੇਬੁਨਿਆਦ ਬਿਆਨ : ਸਾਂਪਲਾ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਤੋਂ ਠੀਕ ਪਹਿਲਾਂ, ਪੰਜਾਬ ਦੇ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਸਰਕਾਰ ਦੀ ਸਾਢੇ ਤਿੰਨ ਸਾਲ ਦੀ ਕਾਰਗੁਜ਼ਾਰੀ ਬਿਆਨ ਕਰਨ ਦੀ ਬਜਾਏ 25 ਸਾਲਾਂ ਦਾ ਸਿਆਸੀ ਇਤਿਹਾਸ ਦਹੁਰਾ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਦਿਖਾਉਣ ਯੋਗ ਕੋਈ ਵੱਡੀ ਪ੍ਰਾਪਤੀ ਨਹੀਂ ਹੈ। ਇਹ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਤੇ ਕੌਮੀ ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਸਾਂਪਲਾ ਨੇ ਕਿਹਾ ਕਿ ਚੀਮਾ ਵੱਲੋਂ ਭਾਜਪਾ-ਅਕਾਲੀ ਗਠਜੋੜ ਬਾਰੇ ਦਿੱਤਾ ਬਿਆਨ ਪੂਰੀ ਤਰ੍ਹਾਂ ਝੂਠ ਤੇ ਬੇਬੁਨਿਆਦ ਹੈ, ਕਿਉਂਕਿ ਭਾਜਪਾ 117 ਵਿਧਾਨ ਸਭਾ ਹਲਕਿਆਂ ਚ ਆਪਣੇ ਦਮ ਤੇ ਹੀ ਚੋਣ ਲੜਨ ਲਈ ਤਿਆਰ ਹੈ। ਉਨ੍ਹਾਂ ਯਾਦ ਕਰਵਾਇਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ 2024 ਦੀਆਂ ਲੋਕ ਸਭਾ ਚੋਣਾਂ ਤੱਕ ਭਾਜਪਾ ਹਮੇਸ਼ਾ ਆਪਣੇ ਬਲਬੂਤੇ ਚੋਣ ਲੜਦੀ ਰਹੀ ਹੈ ਤੇ ਹੁਣ ਜ਼ਿਲ੍ਹਾ ਪ੍ਰੀਸ਼ਦ-ਪੰਚਾਇਤ ਸਮਿਤੀ ਚੋਣਾਂ ਵੀ ਇਕੱਲੇ ਲੜ ਰਹੀ ਹੈ। 2027 ਦੀਆਂ ਚੋਣਾਂ ਵੀ ਭਾਜਪਾ ਆਪਣੇ ਦਮ ਨਾਲ ਲੜੇਗੀ। ਗਠਜੋੜ ਬਾਰੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਪਾਰਟੀ ਨਾਲ ਮਿਲਣਾ ਜਾਂ ਨਾ ਮਿਲਣਾ, ਇਹ ਫੈਸਲਾ ਸਿਰਫ਼ ਪਾਰਟੀ ਹਾਈਕਮਾਨ ਦਾ ਹੁੰਦਾ ਹੈ ਇਸ ਚ ਹਰਪਾਲ ਚੀਮਾ ਦੀ ਕੋਈ ਭੂਮਿਕਾ ਨਹੀਂ। ਸਾਂਪਲਾ ਨੇ ਕਿਹਾ ਕਿ ਚੀਮਾ ਨੇ ਕੁਰੱਪਸ਼ਨ ਬਾਰੇ ਪਿਛਲੀ ਸਰਕਾਰਾਂ ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੀ ਹੀ ਪਾਰਟੀ ਦੇ ਸਾਢੇ ਚਾਰ ਸਾਲਾਂ ਦੇ ਕਾਰਗੁਜ਼ਾਰੀ ਰਿਪੋਰਟ ਬਾਰੇ ਪੁੱਛਣ ਦੀ ਹਿੰਮਤ ਕਰਨੀ ਚਾਹੀਦੀ ਸੀ। ਉਨ੍ਹਾਂ ਪੁੱਛਿਆ ਕਿ ਜਿਨ੍ਹਾਂ ਮੰਤਰੀਆਂ ਨੂੰ ਮੁੱਖ ਮੰਤਰੀ ਨੇ ਕੁਰਪਸ਼ਨ ਦੇ ਕੇਸਾਂ ਚ ਕੁਰਸੀ ਤੋਂ ਹਟਾਇਆ, ਉਨ੍ਹਾਂ ਸਾਰਿਆਂ ਨੂੰ ਜ਼ਮਾਨਤ ਕਿਵੇਂ ਮਿਲ ਗਈ ਤੇ ਇਕ ਵਿਧਾਇਕ ਤਾਂ ਸਰਕਾਰ ਦੇ ਹੱਥੋਂ ਹੀ ਫ਼ਰਾਰ ਹੋ ਗਿਆ ਇਸ ਬਾਰੇ ਚੀਮਾ ਚੁੱਪ ਕਿਉਂ ਹੈ? ਸਾਂਪਲਾ ਨੇ ਕਿਹਾ ਕਿ ਚੀਮਾ ਕੋਲ ਪ੍ਰੈੱਸ ਕਾਨਫਰੰਸ ਚ ਦੱਸਣ ਲਈ ਇਕ ਵੀ ਢੰਗ ਦੀ ਉਪਲੱਬਧੀ ਨਹੀਂ ਸੀ, ਇਸ ਲਈ ਉਹ ਭਾਜਪਾ ਨੂੰ ਬਦਨਾਮ ਕਰਨ ਦੇ ਮਨਸੂਬੇ ਨਾਲ ਬੇਬੁਨਿਆਦ ਬਿਆਨਬਾਜ਼ੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਜਿਹੜੀ ਆਪ ਪਾਰਟੀ ਪਹਿਲਾਂ ਰੇਤ ਮਾਫ਼ੀਆ ਤੇ ਲੈਂਡ ਮਾਫ਼ੀਆ ਦੇ ਖ਼ਿਲਾਫ਼ ਬੋਲਦੀ ਸੀ, ਉਹੀ ਹੁਣ ਦਿੱਲੀ ਦੇ ਲੈਂਡ ਮਾਫ਼ੀਆ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਤੋਂ ਸਸਤੀ ਜ਼ਮੀਨ ਖਰੀਦਣ ਦੇ ਦੋਸ਼ਾਂ ਚ ਘਿਰੀ ਹੋਈ ਹੈ। ਕਿਸਾਨਾਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ। ਸਾਂਪਲਾ ਨੇ ਖੁਲਾਸਾ ਕੀਤਾ ਕਿ ਆਪ ਸਰਕਾਰ, ਜਿਹੜੀ ਪਹਿਲਾਂ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਨਾਜਾਇਜ਼ ਕਹਿੰਦੀ ਸੀ, ਉਹ ਹੁਣ ਆਪ ਹੀ ਟਰਾਂਸਪੋਰਟ ਮਾਫ਼ੀਆ ਨਾਲ ਮਿਲ ਕੇ ਕਿੱਲੋਮੀਟਰ ਸਕੀਮ ਚ ਬੱਸਾਂ ਚਲਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਮੁਲਾਜ਼ਮ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ ਤਾਂ ਉਨ੍ਹਾਂ ਨੂੰ ਡੰਡਿਆਂ ਅਤੇ ਝੂਠੇ ਪਰਚਿਆਂ ਨਾਲ ਚੁੱਪ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਔਰਤ ਨਾਲ ਬਦਸਲੂਕੀ ਦੇ ਕੇਸ ਚ ਮਿਲੀ ਚਾਰ ਸਾਲ ਦੀ ਸਜ਼ਾ ਦੇ ਬਾਵਜੂਦ ਉਸ ਨੂੰ ਵਿਧਾਨ ਸਭਾ ’ਚੋਂ ਮੁਅੱਤਲ ਨਹੀਂ ਕੀਤਾ ਗਿਆ, ਜੋ ਆਪ ਸਰਕਾਰ ਲਈ ਸਭ ਤੋਂ ਸ਼ਰਮਨਾਕ ਗੱਲ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਜਗਬੀਰ ਬਰਾੜ, ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਸਿੰਘ ਗੋਲਡੀ, ਪ੍ਰਮੋਦ ਕਸ਼ਯਪ ਆਦਿ ਮੌਜੂਦ ਸਨ।