ਨੌਜਵਾਨ ਮੋਬਾਈਲ ਫੋਨ ਚੋਰੀ ਕਰਦਾ ਫੜਿਆ
ਗਾਹਕ ਬਣ ਕੇ ਆਇਆ ਨੌਜਵਾਨ ਮੋਬਾਈਲ ਫੋਨ ਚੋਰੀ ਕਰਦਾ ਫੜਿਆ
Publish Date: Wed, 19 Nov 2025 10:18 PM (IST)
Updated Date: Wed, 19 Nov 2025 10:19 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਅਵਤਾਰ ਨਗਰ ਗਲੀ ਨੰਬਰ 9 ’ਚ ਸਥਿਤ ਕ੍ਰਿਸ਼ਨਾ ਮੋਬਾਈਲ ਹਾਊਸ ਤੇ ਗਾਹਕ ਬਣ ਕੇ ਆਉਣ ਵਾਲੇ ਨੌਜਵਾਨ ਨੂੰ ਦੁਕਾਨਦਾਰ ਨੇ ਮੋਬਾਈਲ ਫੋਨ ਚੋਰੀ ਕਰਦੇ ਰੰਗੇ ਹੱਥੀਂ ਫੜਿਆ ਤੇ ਭਾਰਗੋ ਕੈਂਪ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਦੁਕਾਨਦਾਰ ਅਨੁਸਾਰ ਮੁਲਜ਼ਮ ਨੇ ਪਿਛਲੇ ਪੰਜ ਦਿਨਾਂ ’ਚ ਪੰਜ ਮੋਬਾਈਲ ਫੋਨ ਚੋਰੀ ਕੀਤੇ ਸਨ। ਪੁਲਿਸ ਨੇ ਮੁਲਜ਼ਮ ਨੂੰ ਰਿਮਾਂਡ ਤੇ ਲੈ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਅਨੁਸਾਰ ਅਵਤਾਰ ਨਗਰ ਗਲੀ ਨੰਬਰ 9 ਦੇ ਬਾਹਰ ਕ੍ਰਿਸ਼ਨਾ ਮੋਬਾਈਲ ਹਾਊਸ ਤੋਂ ਆਈਫੋਨ ਚੋਰੀ ਹੋਣ ਤੇ ਭਾਰੀ ਹੰਗਾਮਾ ਹੋਇਆ। ਦੁਕਾਨਦਾਰ ਦਾ ਦੋਸ਼ ਹੈ ਕਿ ਇਕ ਨੌਜਵਾਨ ਪਿਛਲੇ ਕੁਝ ਦਿਨਾਂ ਤੋਂ ਫੋਨ ਦੇਖਣ ਦੇ ਬਹਾਨੇ ਦੁਕਾਨ ਤੇ ਆ ਰਿਹਾ ਸੀ, ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਚੋਰੀ ਕਰਕੇ ਚਲਾ ਜਾਂਦਾ ਸੀ। ਜਦੋਂ ਦੁਕਾਨਦਾਰ ਨੇ ਜਾਂਚ ਕੀਤੀ ਤਾਂ ਉਸਨੂੰ ਪਤਾ ਲੱਗਾ ਕਿ ਨੌਜਵਾਨ ਫੋਨ ਵੇਚਣ ਲਈ ਥੋੜ੍ਹੀ ਦੂਰੀ ਤੇ ਇਕ ਦੁਕਾਨ ਤੇ ਗਿਆ ਸੀ। ਇਸ ਦੌਰਾਨ ਇਕ ਹੋਰ ਦੁਕਾਨਦਾਰ ਨੇ ਚੋਰੀ ਹੋਏ ਫੋਨ ਲੱਭੇ ਤੇ ਕ੍ਰਿਸ਼ਨਾ ਮੋਬਾਈਲ ਹਾਊਸ ਨੂੰ ਘਟਨਾ ਬਾਰੇ ਦੱਸਿਆ। ਪੀੜਤ ਨੇ ਦੱਸਿਆ ਕਿ ਨੌਜਵਾਨ ਘਟਨਾ ਸਥਾਨ ਤੋਂ ਇਕ ਤੋਂ ਡੇਢ ਕਿੱਲੋਮੀਟਰ ਦੂਰ ਭੱਜ ਗਿਆ। ਫਿਰ ਦੋ ਦੁਕਾਨਦਾਰਾਂ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਫੜ ਲਿਆ। ਦੁਕਾਨਦਾਰ ਨੇ ਦੱਸਿਆ ਕਿ ਹਰੇਕ ਫੋਨ ਦੀ ਕੀਮਤ ਇਕ ਲੱਖ ਤੋਂ ਡੇਢ ਲੱਖ ਰੁਪਏ ਵਿਚਾਲੇ ਹੈ। ਦੁਕਾਨਦਾਰ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੀੜਤ ਨੇ ਦੱਸਿਆ ਕਿ ਨੌਜਵਾਨ ਭੋਗਪੁਰ ਦਾ ਰਹਿਣ ਵਾਲਾ ਹੈ ਤੇ ਉਸ ਕੋਲੋਂ ਤਿੰਨ ਫੋਨ ਬਰਾਮਦ ਕੀਤੇ ਗਏ ਹਨ। ਦੁਕਾਨਦਾਰ ਅਨੁਸਾਰ, ਨੌਜਵਾਨ ਪਿਛਲੇ ਕੁਝ ਦਿਨਾਂ ਤੋਂ ਗਾਹਕ ਬਣ ਕੇ ਆ ਰਿਹਾ ਸੀ ਤੇ ਮੋਬਾਈਲ ਫੋਨਾਂ ਦੀ ਕੀਮਤ ਪੁੱਛ ਕੇ ਚਲਾ ਜਾਂਦਾ ਸੀ। ਪੰਜ ਦਿਨ ਪਹਿਲਾਂ ਜਦੋਂ ਉਸ ਨੇ ਰਿਕਾਰਡ ਚੈੱਕ ਕੀਤਾ, ਤਾਂ ਉਸ ਨੂੰ ਪਤਾ ਲੱਗਾ ਕਿ ਪੰਜ ਆਈਫੋਨ ਗਾਇਬ ਸਨ। ਉਹ ਥੋੜ੍ਹੀ ਦੂਰ ਇਕ ਦੁਕਾਨ ਤੇ ਆਈਫੋਨ ਵੇਚਣ ਗਿਆ ਸੀ। ਈਐੱਮਆਈ ਨੰਬਰ ਦੀ ਪੁਸ਼ਟੀ ਕਰਨ ਤੋਂ ਬਾਅਦ, ਦੁਕਾਨਦਾਰ ਨੇ ਕ੍ਰਿਸ਼ਨਾ ਮੋਬਾਈਲ ਹਾਊਸ ਦੇ ਆਪ੍ਰੇਟਰ ਨਾਲ ਸੰਪਰਕ ਕੀਤਾ। ਜਦੋਂ ਦੋ ਦੁਕਾਨਦਾਰਾਂ ਨੇ ਨੌਜਵਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕਾ ਦੇਖ ਕੇ ਭੱਜ ਗਿਆ। ਦੁਕਾਨਦਾਰਾਂ ਨੇ ਉਸ ਦਾ ਇਕ ਤੋਂ ਡੇਢ ਕਿੱਲੋਮੀਟਰ ਤੱਕ ਪਿੱਛਾ ਕੀਤਾ, ਉਸ ਨੂੰ ਫੜ ਲਿਆ ਤੇ ਤਿੰਨ ਫੋਨ ਬਰਾਮਦ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮੋਹਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।