ਹਾਦਸੇ ਤੋਂ ਤੁਰੰਤ ਬਾਅਦ ਦਰਵਾਜ਼ਾ ਖੋਲ੍ਹਣ ਵਾਲਾ ਸੰਦੀਪ ਕੁਮਾਰ ਅਤੇ ਅਣਪਛਾਤਾ ਟਿੱਪਰ ਚਾਲਕ ਮੌਕੇ ਤੋਂ ਗੱਡੀ ਸਨੇ ਫ਼ਰਾਰ ਹੋ ਗਏ। ਹਾਲਾਂਕਿ, ਸਵਿਫਟ ਡਿਜ਼ਾਇਰ ਕਾਰ ਦੇ ਡਰਾਈਵਰ ਨੇ ਜ਼ਖ਼ਮੀ ਪਿਓ-ਪੁੱਤ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੱਪਲਾਵਾਲਾ ਇਲਾਕੇ ਵਿੱਚ ਇੱਕ ਦਿਲ ਕੰਬਾਊ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਕਾਰ ਚਾਲਕ ਅਤੇ ਉਸ ਵਿੱਚ ਬੈਠੇ ਨੌਜਵਾਨ ਦੀ ਇੱਕ ਲਾਪ੍ਰਵਾਹੀ ਨੇ ਹੱਸਦਾ-ਵੱਸਦਾ ਪਰਿਵਾਰ ਉਜਾੜ ਦਿੱਤਾ। ਇਸ ਹਾਦਸੇ ਵਿੱਚ ਇੱਕ 28 ਸਾਲਾ ਮਹਿਲਾ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਉਸ ਦਾ ਪਤੀ ਅਤੇ 3 ਸਾਲਾ ਮਾਸੂਮ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ। ਮਾਡਲ ਟਾਊਨ ਪੁਲਿਸ ਨੇ ਇਸ ਮਾਮਲੇ ਵਿੱਚ
ਕਿਵੇਂ ਵਾਪਰਿਆ ਇਹ ਭਿਆਨਕ ਹਾਦਸਾ?
ਪੁਲਿਸ ਮੁਤਾਬਕ ਵਿਜੇ ਕੁਮਾਰ (34) ਪੁੱਤਰ ਸਵਰਨ ਦਾਸ, ਵਾਸੀ ਪਿੰਡ ਮਲਕੋ, ਜ਼ਿਲ੍ਹਾ ਜਲੰਧਰ ਲੰਘੀ 27 ਮਈ ਨੂੰ ਆਪਣੀ ਪਤਨੀ ਮਧੂ ਬਾਲਾ (28) ਅਤੇ 3 ਸਾਲ ਦੇ ਬੇਟੇ ਦਕਸ਼ ਕੁਮਾਰ ਨਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਲੰਧਰ ਤੋਂ ਆਪਣੇ ਸਹੁਰੇ ਪਿੰਡ ਥੱਥਲਾ (ਹੁਸ਼ਿਆਰਪੁਰ) ਜਾ ਰਿਹਾ ਸੀ। ਜਦੋਂ ਉਹ ਪਿੱਪਲਾਵਾਲਾ ਨੇੜੇ ਇੱਕ ਵਰਕਸ਼ਾਪ' ਦੇ ਸਾਹਮਣੇ ਪਹੁੰਚੇ, ਤਾਂ ਸੜਕ ਕਿਨਾਰੇ ਇੱਕ ਸਵਿਫਟ ਡਿਜ਼ਾਇਰ ਕਾਰ ਖੜ੍ਹੀ ਸੀ।
ਲਾਪ੍ਰਵਾਹੀ ਦੀ ਹੱਦ: ਬਿਨਾਂ ਪਿੱਛੇ ਦੇਖੇ ਖੋਲ੍ਹ ਦਿੱਤੀ 'ਬਾਰੀ'
ਪੁਲਿਸ ਅਨੁਸਾਰ ਦੋਸ਼ ਹੈ ਕਿ ਕਾਰ ਦੇ ਡਰਾਈਵਰ ਗੁਰਦੀਪ ਸਿੰਘ ਪੁੱਤਰ ਮੰਗਲ ਸਿੰਘ, ਵਾਸੀ ਸਥਾਨਕ ਕੀਰਤੀ ਨਗਰ ਨੇ ਗੱਡੀ ਨੂੰ ਬਹੁਤ ਹੀ ਗਲਤ ਅਤੇ ਅਣਗਹਿਲੀ ਨਾਲ ਸੜਕ ਉੱਪਰ ਪਾਰਕ ਕੀਤਾ ਹੋਇਆ ਸੀ। ਇਸੇ ਦੌਰਾਨ, ਕਾਰ ਦੀ ਪਿਛਲੀ ਸੀਟ 'ਤੇ ਬੈਠੇ ਸੰਦੀਪ ਕੁਮਾਰ ਉਰਫ਼ ਬੰਟੀ ਗੁੱਜਰ ਪੁੱਤਰ ਜੋਗਿੰਦਰ ਪਾਲ, ਵਾਸੀ ਸਥਨਕ ਨਿਊ ਫਤਿਹਗੜ੍ਹ ਨੇ ਬਿਨਾਂ ਪਿੱਛੇ ਦੇਖੇ ਅਚਾਨਕ ਡਰਾਈਵਰ ਸਾਈਡ ਦਾ ਪਿਛਲਾ ਦਰਵਾਜ਼ਾ ਖੋਲ੍ਹ ਦਿੱਤਾ। ਵਿਜੇ ਕੁਮਾਰ ਦਾ ਮੋਟਰਸਾਈਕਲ ਸਿੱਧਾ ਕਾਰ ਦੇ ਉਸੇ ਦਰਵਾਜ਼ੇ ਵਿੱਚ ਜਾ ਵੱਜਿਆ, ਜਿਸ ਕਾਰਨ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਉਹ ਤਿੰਨੋਂ ਸੜਕ 'ਤੇ ਡਿੱਗ ਗਏ।
ਟਿੱਪਰ ਹੇਠਾਂ ਆਈ ਪਤਨੀ, ਮੌਕੇ 'ਤੇ ਨਿਕਲੀ ਜਾਨ
ਹਾਦਸਾ ਇੰਨਾ ਅਚਾਨਕ ਅਤੇ ਖ਼ੌਫ਼ਨਾਕ ਸੀ ਕਿ ਸੜਕ 'ਤੇ ਡਿੱਗਦੇ ਸਾਰ ਹੀ ਵਿਜੇ ਕੁਮਾਰ ਦੀ ਪਤਨੀ ਮਧੂ ਬਾਲਾ ਪਿੱਛੋਂ ਆ ਰਹੇ ਇੱਕ ਟਿੱਪਰ ਦੇ ਟਾਇਰਾਂ ਹੇਠਾਂ ਆ ਗਈ ਜਿਸ ਕਾਰਨ ਮਧੂ ਬਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਵਿਜੈ ਕੁਮਾਰ ਅਤੇ ਉਸ ਦੇ 3 ਸਾਲ ਦੇ ਮਾਸੂਮ ਬੱਚੇ ਦੇ ਵੀ ਗੰਭੀਰ ਸੱਟਾਂ ਲਗੀਆਂ।
ਹਸਪਤਾਲ ਪਹੁੰਚਾ ਕੇ ਮੌਕਾ ਦੇਖ ਕੇ ਖਿਸਕਿਆ ਕਾਰ ਚਾਲਕ
ਹਾਦਸੇ ਤੋਂ ਤੁਰੰਤ ਬਾਅਦ ਦਰਵਾਜ਼ਾ ਖੋਲ੍ਹਣ ਵਾਲਾ ਸੰਦੀਪ ਕੁਮਾਰ ਅਤੇ ਅਣਪਛਾਤਾ ਟਿੱਪਰ ਚਾਲਕ ਮੌਕੇ ਤੋਂ ਗੱਡੀ ਸਨੇ ਫ਼ਰਾਰ ਹੋ ਗਏ। ਹਾਲਾਂਕਿ, ਸਵਿਫਟ ਡਿਜ਼ਾਇਰ ਕਾਰ ਦੇ ਡਰਾਈਵਰ ਨੇ ਜ਼ਖ਼ਮੀ ਪਿਓ-ਪੁੱਤ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ। ਪੁਲਿਸ ਮੁਤਾਬਕ, ਹਸਪਤਾਲ ਪਹੁੰਚਣ ਤੋਂ ਬਾਅਦ ਕਾਰ ਡਰਾਈਵਰ ਗੁਰਦੀਪ ਸਿੰਘ ਵੀ ਮੌਕਾ ਦੇਖ ਕੇ ਆਪਣੀ ਸਵਿਫਟ ਡਿਜ਼ਾਇਰ ਕਾਰ ਸਮੇਤ ਉੱਥੋਂ ਰਫ਼ੂ-ਚੱਕਰ ਹੋ ਗਿਆ।
ਪੁਲਿਸ ਕਾਰਵਾਈ
ਮਾਡਲ ਟਾਊਨ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਗੁਰਦੀਪ ਸਿੰਘ, ਸੰਦੀਪ ਕੁਮਾਰ ਬੰਟੀ ਅਤੇ ਫ਼ਰਾਰ ਟਿੱਪਰ ਚਾਲਕ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫਰਾਰ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।