ਨੌਸਰਬਾਜ਼ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 9 ਹਜ਼ਾਰ
ਨਗਰ ਨਿਗਮ ਦੇ ਸਫਾਈ ਕਰਮੀ ਬਣ ਕੇ ਨੌਸਰਬਾਜ਼ ਨੇ ਰਿਟਾਇਰਡ ਅਧਿਆਪਕ ਤੋਂ 9 ਹਜ਼ਾਰ ਰੁਪਏ ਠੱਗੇ
Publish Date: Sun, 30 Nov 2025 09:05 PM (IST)
Updated Date: Mon, 01 Dec 2025 04:12 AM (IST)

ਪਾਰਕ ਐਵੇਨਿਊ, ਦੀਪ ਨਗਰ ਜਲੰਧਰ ਕੈਂਟ ’ਚ ਦਿਨ-ਦਿਹਾੜੇ ਠੱਗੀ ਸੀਸੀਟੀਵੀ ਚ ਕੈਦ ਹੋਈ ਵਾਰਦਾਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਾਰਕ ਐਵੇਨਿਊ ਦੀਪ ਨਗਰ ਇਲਾਕੇ ’ਚ ਐਤਵਾਰ ਦੁਪਹਿਰ 12 ਵਜੇ 2 ਨੌਸਰਬਾਜ਼ਾਂ ਨੇ ਨਗਰ ਨਿਗਮ ਦੇ ਸਫਾਈ ਕਰਮੀ ਬਣ ਕੇ ਇਕ ਰਿਟਾਇਰਡ ਅਧਿਆਪਕ ਤੋਂ 9 ਹਜ਼ਾਰ ਰੁਪਏ ਠੱਗ ਕੇ ਫਰਾਰ ਹੋ ਗਏ। ਠੱਗੀ ਕਰਦੇ ਦੋਵੇਂ ਨੌਸਰਬਾਜ਼ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਏ। ਠੱਗੀ ਦੀ ਸ਼ਿਕਾਇਤ ਪਾਰਕ ਐਵੇਨਿਊ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਨਈਅਰ ਨੇ ਪਰਾਗਪੁਰ ਪੁਲਿਸ ਕੰਟਰੋਲ ਰੂਮ ’ਚ ਦਿੱਤੀ ਪਰ ਉਨ੍ਹਾਂ ਨੂੰ ਸ਼ਿਕਾਇਤ ਸਾਈਬਰ ਕ੍ਰਾਈਮ ਦਫ਼ਤਰ ’ਚ ਦੇਣ ਲਈ ਕਿਹਾ ਗਿਆ। ਪੀੜਤ ਸੁਰਿੰਦਰ ਕੁਮਾਰ ਨਈਅਰ ਰਿਟਾਇਰਡ ਅਧਿਆਪਕ ਹਨ ਤੇ ਕਈ ਸਾਲਾਂ ਤੋਂ ਪਾਰਕ ਐਵੇਨਿਊ ’ਚ ਰਹਿੰਦੇ ਹਨ। ਉਹ ਦੁਪਹਿਰ 11:30 ਵਜੇ ਗਲੀ ’ਚ ਸਬਜ਼ੀ ਖਰੀਦਣ ਲਈ ਘਰੋਂ ਨਿਕਲੇ। ਗਲੀ ’ਚ ਨਗਰ ਨਿਗਮ ਦੇ ਕਰਮਚਾਰੀ ਸੀਵਰੇਜ ਦਾ ਕੰਮ ਕਰ ਰਹੇ ਸਨ। ਇਸ ਦੌਰਾਨ 2 ਵਿਅਕਤੀ ਉਨ੍ਹਾਂ ਕੋਲ ਆਏ, ਗੱਲਾਂ ਕਰਨ ਲੱਗ ਪਏ ਤੇ ਆਪਣੇ-ਆਪ ਨੂੰ ਜਲੰਧਰ ਨਗਰ ਨਿਗਮ ਦੇ ਸੀਵਰੇਜ ਸਫਾਈ ਕਰਮੀ ਦੱਸਣ ਲੱਗੇ। ਉਹ ਕਹਿਣ ਲੱਗੇ ਕਿ ਉਹ ਗਲੀ ਦੀਆਂ ਸੀਵਰੇਜ ਲਾਈਨਾਂ ਦੀ ਸਫਾਈ ਕਰਨ ਲਈ ਆਏ ਹਨ। ਇਸੇ ਦੌਰਾਨ 2 ਗਲੀਚੇ ਵੇਚਣ ਵਾਲੇ ਵੀ ਉੱਥੇ ਆ ਗਏ। ਉਹ ਪਹਿਲਾਂ ਨਈਅਰ ਸਾਹਿਬ ਨੂੰ ਗਲੀਚੇ ਖਰੀਦਣ ਲਈ ਕਹਿਣ ਲੱਗੇ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਪਰ ਨਗਰ ਨਿਗਮ ਦੇ ਕਰਮੀ ਬਣੇ ਨੌਸਰਬਾਜ਼ ਗਲੀਚੇ ਖਰੀਦਣ ਲਈ ਭਾਅ-ਤਾਅ ਕਰਨ ਦਾ ਨਾਟਕ ਕਰਨ ਲੱਗ ਪਏ ਤੇ 5 ਗਲੀਚਿਆਂ ਦੀ ਕੀਮਤ 9 ਹਜ਼ਾਰ ਰੁਪਏ ਤੈਅ ਕਰ ਲਈ। ਸਫਾਈ ਕਰਮੀ ਬਣੇ ਨੌਸਰਬਾਜ਼ ਨੇ ਸੁਰਿੰਦਰ ਕੁਮਾਰ ਨਈਅਰ ਨੂੰ ਕਿਹਾ ਕਿ ਉਸ ਨੂੰ ਇਹ ਗਲੀਚੇ ਚੰਗੇ ਲੱਗੇ ਹਨ ਤੇ ਉਹ ਇਨ੍ਹਾਂ ਨੂੰ ਮੰਦਰ ’ਚ ਦਾਨ ਕਰਨਾ ਚਾਹੁੰਦਾ ਹੈ ਪਰ ਇਸ ਵੇਲੇ ਉਸ ਕੋਲ ਪੈਸੇ ਨਹੀਂ। ਉਸ ਨੇ ਪੀੜਤ ਨੂੰ ਕਿਹਾ ਕਿ ਉਹ ਅਜੇ ਲਈ ਇਹ 9 ਹਜ਼ਾਰ ਰੁਪਏ ਦੇ ਦੇਣ, ਉਹ ਤੁਰੰਤ ਏਟੀਐੱਮ ਤੋਂ ਪੈਸੇ ਕੱਢ ਕੇ ਵਾਪਸ ਕਰ ਦੇਵੇਗਾ ਕਿਉਂਕਿ ਅੱਜ ਉਹ ਇਸੇ ਗਲੀ ’ਚ ਕੰਮ ਕਰ ਰਹੇ ਹਨ। ਸੁਰਿੰਦਰ ਕੁਮਾਰ ਨਈਅਰ ਨੇ ਗਲੀਚੇ ਵੇਚਣ ਵਾਲਿਆਂ ਨੂੰ ਆਪਣੇ ਪੈਸੇ ਦੇ ਕੇ ਗਲੀਚੇ ਘਰ ’ਚ ਰਖਵਾ ਦਿੱਤੇ ਪਰ ਸ਼ਾਮ ਤੱਕ ਖੁਦ ਨੂੰ ਨਗਰ ਨਿਗਮ ਦਾ ਕਰਮੀ ਦੱਸਣ ਵਾਲਾ ਵਾਪਸ ਨਾ ਆਇਆ। ਉਸ ਨੇ 5 ਵਜੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਫੁੱਟੇਜ ਚੈਕ ਕੀਤੇ ਤਾਂ ਪਤਾ ਲੱਗਿਆ ਕਿ ਦੋਵੇਂ ਮੁਲਜ਼ਮ ਬਿਨਾ ਨੰਬਰ ਵਾਲੀ ਬਾਈਕ ’ਤੇ ਆਏ ਸਨ। ਉਸ ਨੇ ਪਰਾਗਪੁਰ ਚੌਕੀ ’ਤੇ ਫੋਨ ਕਰ ਕੇ ਸ਼ਿਕਾਇਤ ਦੇਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਤੋਂ ਕਿਹਾ ਗਿਆ ਕਿ ਇਹ ਸਾਈਬਰ ਠੱਗੀ ਦਾ ਮਾਮਲਾ ਹੈ ਤੇ ਸ਼ਿਕਾਇਤ ਸਾਈਬਰ ਥਾਣੇ ’ਚ ਦਿਓ, ਜਦਕਿ ਇਹ ਮਾਮਲਾ ਸਾਈਬਰ ਠੱਗੀ ਦਾ ਨਹੀਂ ਸੀ। ਇਸ ਤੋਂ ਬਾਅਦ ਪੀੜਤ ਦੇ ਜਾਣ-ਪਛਾਣ ਵਾਲੇ ਨੇ ਥਾਣਾ ਕੈਂਟ ਇੰਚਾਰਜ ਐੱਸਆਈ ਹਰਭਜਨ ਲਾਲ ਨਾਲ ਗੱਲ ਕੀਤੀ। ਉਨ੍ਹਾਂ ਪੀੜਤ ਨੂੰ ਵ੍ਹਟਸਐਪ ਕਾਲ ਕਰਨ ਲਈ ਕਿਹਾ ਪਰ ਕਾਲ ਨਹੀਂ ਲੱਗੀ।