ਤੇਜ਼ ਰਫ਼ਤਾਰ ਪੰਜਾਬ ਰੋਡਵੇਜ਼ ਬੱਸ ਨੇ ਇੱਕ ਪਿਤਾ ਤੇ ਪੁੱਤਰ ਨੂੰ ਕੁਚਲਿਆ, ਪੁੱਤਰ ਦੀ ਮੌਤ
ਤੇਜ਼ ਰਫ਼ਤਾਰ ਪੰਜਾਬ ਰੋਡਵੇਜ਼ ਬੱਸ ਨੇ ਇਕ ਪਿਤਾ ਤੇ ਪੁੱਤਰ ਨੂੰ ਕੁਚਲਿਆ, ਪੁੱਤਰ ਦੀ ਮੌਤ
Publish Date: Thu, 04 Dec 2025 10:34 PM (IST)
Updated Date: Thu, 04 Dec 2025 10:35 PM (IST)

- ਪੁਲਿਸ ਨੇ ਬੱਸ ਨੂੰ ਜ਼ਬਤ ਕਰ ਕੇ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਵੀਰਵਾਰ ਦੇਰ ਸ਼ਾਮ ਬੀਐੱਸਐੱਫ ਚੌਕ ਨੇੜੇ ਇਕ ਵਿਆਹ ਤੋਂ ਵਾਪਸ ਆ ਰਹੇ ਐਕਟਿਵਾ ਸਵਾਰ ਪਿਤਾ ਤੇ ਪੁੱਤਰ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਕੁਚਲ ਦਿੱਤਾ। ਇਸ ਹਾਦਸੇ ’ਚ ਪੁੱਤਰ ਦੀ ਮੌਤ ਹੋ ਗਈ, ਜਦੋਂ ਕਿ ਪਿਤਾ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਬਾਰਾਦਰੀ ਥਾਣੇ ਦੀ ਪੁਲਿਸ ਨੇ ਬੱਸ ਡਰਾਈਵਰ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ’ਚ ਰਵੀ ਕੁਮਾਰ ਨੇ ਕਿਹਾ ਕਿ ਉਸ ਦਾ ਭਰਾ ਲੱਕੀ ਤੇ ਉਸਦਾ ਪਿਤਾ ਅਸ਼ਵਨੀ ਕੁਮਾਰ ਜਲੰਧਰ-ਫਗਵਾੜਾ ਹਾਈਵੇ ’ਤੇ ਇਕ ਮੈਰਿਜ ਪੈਲੇਸ ’ਚ ਵਿਆਹ ’ਚ ਸ਼ਾਮਲ ਹੋਣ ਲਈ ਗਏ ਸਨ। ਸ਼ਾਮ 5:30 ਵਜੇ ਦੇ ਕਰੀਬ, ਉਨ੍ਹਾਂ ਨੂੰ ਇਕ ਗਾਹਕ ਦਾ ਫ਼ੋਨ ਆਇਆ ਤੇ ਉਹ ਵਿਆਹ ਤੋਂ ਘਰ ਜਾ ਰਹੇ ਸਨ। ਜਿਵੇਂ ਹੀ ਉਹ ਬੀਐੱਸਐੱਫ ਚੌਕ ਨੇੜੇ ਪਹੁੰਚੇ, ਇੱਕ ਤੇਜ਼ ਰਫ਼ਤਾਰ ਪੰਜਾਬ ਰੋਡਵੇਜ਼ ਜਲੰਧਰ ਡਿਪੂ ਬੱਸ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਐਕਟਿਵਾ ਸਵਾਰ ਪਿਤਾ-ਪੁੱਤਰ ਆਪਣਾ ਸੰਤੁਲਨ ਗੁਆ ਬੈਠੇ। ਐਕਟਿਵਾ ਚਲਾ ਰਹੇ ਲੱਕੀ ਦਾ ਸਿਰ ਜ਼ਮੀਨ ’ਤੇ ਵੱਜ ਗਿਆ, ਜਦੋਂਕਿ ਉਸ ਦੇ ਪਿਤਾ ਅਸ਼ਵਨੀ ਕੁਮਾਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਸਥਾਨਕ ਲੋਕਾਂ ਨੇ ਬੱਸ ਡਰਾਈਵਰ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਸਥਾਨਕ ਲੋਕਾਂ ਦੀ ਮਦਦ ਨਾਲ ਥਾਣਾ ਬਾਰਾਂਦਰੀ ਪੁਲਿਸ ਦੀ ਟੀਮ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ। ਜਦੋਂ ਖੂਨ ਨਾਲ ਲੱਥਪੱਥ ਜ਼ਮੀਨ ’ਤੇ ਪਏ ਪਿਤਾ-ਪੁੱਤਰ ਨੂੰ ਚੁੱਕਿਆ ਗਿਆ ਤਾਂ ਲੱਕੀ ਦੀ ਮੌਤ ਹੋ ਗਈ ਸੀ ਤੇ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ ਸੀ। ਲੱਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਦੋਂਕਿ ਉਸ ਦੇ ਪਿਤਾ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੱਕੀ ਕੁਮਾਰ ਦੇ ਚਚੇਰੇ ਭਰਾ ਰਵੀ ਕੁਮਾਰ ਦੇ ਬਿਆਨ ਦੇ ਆਧਾਰ ’ਤੇ ਪੰਜਾਬ ਰੋਡਵੇਜ਼ ਜਲੰਧਰ ਡਿਪੂ ਦੇ ਡਰਾਈਵਰ ਜਸਵੀਰ ਸਿੰਘ, ਵਾਸੀ ਤਾਰਾਗੜ੍ਹ ਪਠਾਨਕੋਟ, ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਬੱਸ ਨੂੰ ਕਬਜ਼ੇ ’ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।