‘ਆਪ’ ਵਿਧਾਇਕਾ ਦੀ ਅਗਵਾਈ ਹੇਠ ਕੱਢਿਆ ਰੋਸ ਮਾਰਚ
‘ਆਪ’ ਵਿਧਾਇਕਾ ਦੀ ਅਗਵਾਈ ਹੇਠ ਮਨਰੇਗਾ ਵਰਕਰਾਂ ਦੇ ਹੱਕ ’ਚ ਕੱਢਿਆ ਰੋਸ ਮਾਰਚ
Publish Date: Fri, 09 Jan 2026 09:08 PM (IST)
Updated Date: Fri, 09 Jan 2026 09:09 PM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਪੰਜਾਬ ਵਿਚ 8-9 ਲੱਖ ਮਨਰੇਗਾ ਵਰਕਰ ਬੇਰੁਜ਼ਗਾਰ ਹੋ ਗਏ ਹਨ ਜਿਨ੍ਹਾਂ ਵਿਚ ਵੱਡੀ ਗਿਣਤੀ ਔਰਤਾਂ ਹਨ। ਕੇਂਦਰ ਦੀ ਭਾਜਪਾ ਸਰਕਾਰ ਨੇ ਜੀ ਰਾਮ ਜੀ ਸਕੀਮ ਲਿਆ ਕੇ 60-40 ਦੇ ਅਨੁਪਾਤ ਨਾਲ ਗਰੀਬ ਲੋਕਾਂ ਕੋਲੋਂ ਰੁਜ਼ਗਾਰ ਖੋਹ ਲਿਆ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਮਨਰੇਗਾ ਵਰਕਰਾਂ ਦੇ ਹੱਕ ਵਿਚ ਕੱਢੇ ਗਏ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਰੁਜ਼ਗਾਰ ਨਾਲ ਇਨ੍ਹਾਂ ਵਰਕਰਾਂ ਦੇ ਘਰਾਂ ਦੇ ਗੁਜ਼ਾਰੇ ਚੱਲਦੇ ਸਨ। ਅੱਜ ਗਰੀਬ ਲੋਕਾਂ ਦੇ ਚੁੱਲਿਆ ਦੀ ਅੱਗ ਠੰਢੀ ਪੈ ਗਈ ਹੈ। ਆਮ ਆਦਮੀ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ। ਜਿਸ ਤਰ੍ਹਾਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਕੇਂਦਰ ਨੂੰ ਮਜਬੂਰ ਕਰ ਦਿੱਤਾ ਸੀ, ਉਸੇ ਤਰ੍ਹਾਂ ਆਖਰੀ ਦਮ ਤੱਕ ਲੜਾਈ ਲੜੀ ਜਾਵੇਗੀ। ਕੇਂਦਰ ਨੂੰ ਨਵੀਂ ਸਕੀਮ ਵਾਪਸ ਲੈਣੀ ਪਵੇਗੀ। ਬੀਬੀ ਮਾਨ ਨੇ ਕਿਹਾ ਕਿ ਸੂਬਿਆ ਕੋਲ ਪੈਸਾ ਨਹੀਂ ਹੈ ਜਿਸ ਕਰਕੇ ਸੂਬੇ 40 ਫ਼ੀਸਦੀ ਹਿੱਸਾ ਪਾਉਣ ਦੇ ਸਮਰੱਥ ਨਹੀ ਹੈ, ਕਿਉਕਿ ਕੇਂਦਰ ਰਾਜਾਂ ਦਾ ਸਮੇਂ ਸਿਰ ਜੀਐੱਸਟੀ, ਆਰਡੀਐੱਫ ਆਦਿ ਫੰਡ ਨਹੀਂ ਦੇ ਰਿਹਾ। ਕੇਂਦਰ ਨੇ ਮਨਰੇਗਾ ਸਕੀਮ ਦਾ ਲੱਕ ਤੋੜ ਕੇ ਇਸ ਦਾ ਨਵਾਂ ਰੂਪ ਜੀ ਰਾਮ ਜੀ ਰੱਖ ਕੇ 125 ਦਿਨ ਕੰਮ ਦੇਣ ਦੀ ਸਕੀਮ ਬਣਾਈ ਜਦੋਂਕਿ ਕੇਂਦਰ 19 ਭਾਜਪਾ ਦੀ ਸਰਕਾਰ ਵਾਲੇ ਸੂਬਿਆਂ ਵਿਚ 100 ਦਿਨ ਦਾ ਰੁਜ਼ਗਾਰ ਦੇਣ ਵਿਚ ਫੇਲ੍ਹ ਹੋਈ ਹੈ 125 ਦਿਨ ਮਹਿਜ਼ ਡਰਾਮੇਬਾਜ਼ੀ ਸਾਬਤ ਹੋਵੇਗੀ। ਅੱਜ ਦਾ ਰੋਸ ਮਾਰਚ ਪੈਦਲ ਬੀਰ ਪਿੰਡ ਰੇਲਵੇ ਫਾਟਕ ਤੋਂ ਪੈਦਲ ਚੱਲ ਕੇ ਨਕੋਦਰ ਸ਼ਹਿਰ ਦੇ ਭਗਵਾਨ ਵਾਲਮੀਕਿ ਚੌਕ ਤੱਕ ਪੁੱਜਾ, ਜਿਸ ਦੌਰਾਨ ਵੱਡੀ ਗਿਣਤੀ ’ਚ ਸ਼ਾਮਲ ਮਨਰੇਗਾ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐੱਸਡੀਐੱਮ ਵਿਸ਼ਵਾਸ਼ ਲਾਲ ਨੂੰ ਪ੍ਰਧਾਨ ਮੰਤਰੀ ਦੇ ਨਾਮ ਮੰਗ-ਪੱਤਰ ਦਿੱਤਾ ਗਿਆ।