ਟਾਂਡਾ ਉੜਮੁੜ 'ਚ ਲੋਕਾਂ ਦੀ ਮਦਦ ਕਰਨ ਗਏ ਵਿਅਕਤੀ ਦੀ ਪਾਣੀ ’ਚ ਡੁੱਬਣ ਕਾਰਨ ਮੌਤ, ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
ਪ੍ਰਾਪਤ ਜਾਣਕਾਰੀ ਅਨੁਸਾਰ ਜੈਲਾ ਡਰਾਈਵਰ ਦਾ ਕੰਮ ਕਰਦਾ ਸੀ ਤੇ ਉਹ ਕਿਸ਼ਤੀ ਚਲਾਉਂਦਾ ਸੀ ਤੇ ਅੱਜ ਸਵੇਰੇ ਜਦੋਂ ਉਹ ਆਪਣੇ ਦੋ ਸਾਥੀਆਂ ਨਾਲ ਪਿੰਡ ਸਲੇਮਪੁਰ ਧੁੱਸੀ ਬੰਨ੍ਹ ’ਤੇ ਸੀ ਤਾਂ ਹੜ੍ਹ ਵਿਚ ਫਸੇ ਕੁਝ ਲੋਕਾਂ ਦੀ ਮਦਦ ਲਈ ਪਾਣੀ ਵਿਚ ਗਿਆ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਜੈਲਾ ਪਾਣੀ ਵਿਚ ਡੁੱਬ ਗਿਆ। ਉਸਦੇ ਸਾਥੀਆਂ ਨੇ ਇਸ ਬਾਰੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ।
Publish Date: Thu, 28 Aug 2025 08:30 AM (IST)
Updated Date: Thu, 28 Aug 2025 08:34 AM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਪਿੰਡ ਰਾੜਾ ਦਾ ਇਕ ਵਿਅਕਤੀ ਜਦੋਂ ਸਲੇਮਪੁਰ ਮੰਡ ਇਲਾਕੇ ਵਿਚ ਦੂਜੇ ਲੋਕਾਂ ਦੀ ਮਦਦ ਕਰਨ ਲਈ ਪਾਣੀ ਵਿਚ ਗਿਆ ਤਾਂ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ। ਬਿਆਸ ਦਰਿਆ ਵਿਚ ਹੜ੍ਹ ਆਉਣ ਕਾਰਨ ਉਹ ਪਾਣੀ ਵਿਚ ਡਿੱਗ ਗਿਆ। ਉਸ ਦੀ ਪਛਾਣ ਜੈਲਾ ਪੁੱਤਰ ਪਿਆਰਾ ਲਾਲ ਨਿਵਾਸੀ ਜਲਾਲਪੁਰ, ਜੋ ਕਿ ਮੌਜੂਦਾ ਸਮੇਂ ਰਾੜਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੈਲਾ ਡਰਾਈਵਰ ਦਾ ਕੰਮ ਕਰਦਾ ਸੀ ਤੇ ਉਹ ਕਿਸ਼ਤੀ ਚਲਾਉਂਦਾ ਸੀ ਤੇ ਅੱਜ ਸਵੇਰੇ ਜਦੋਂ ਉਹ ਆਪਣੇ ਦੋ ਸਾਥੀਆਂ ਨਾਲ ਪਿੰਡ ਸਲੇਮਪੁਰ ਧੁੱਸੀ ਬੰਨ੍ਹ ’ਤੇ ਸੀ ਤਾਂ ਹੜ੍ਹ ਵਿਚ ਫਸੇ ਕੁਝ ਲੋਕਾਂ ਦੀ ਮਦਦ ਲਈ ਪਾਣੀ ਵਿਚ ਗਿਆ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਜੈਲਾ ਪਾਣੀ ਵਿਚ ਡੁੱਬ ਗਿਆ। ਉਸਦੇ ਸਾਥੀਆਂ ਨੇ ਇਸ ਬਾਰੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਫਿਰ ਪਿੰਡ ਵਾਸੀਆਂ ਨੇ ਪਰਿਵਾਰ ਸਮੇਤ ਸਵੇਰੇ 10 ਵਜੇ ਦੇ ਕਰੀਬ ਭਾਲ ਸ਼ੁਰੂ ਕੀਤੀ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਪਰ ਪ੍ਰਸ਼ਾਸਨ ਵੱਲੋਂ ਮਦਦ ਨਾ ਮਿਲਣ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੁਪਹਿਰ 3 ਵਜੇ ਦੇ ਕਰੀਬ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ। ਬੀਕੇਯੂ ਆਜ਼ਾਦ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰਾੜਾ ਅਤੇ ਮੌਕੇ ’ਤੇ ਮੌਜੂਦ ਹੋਰਨਾਂ ਨੇ ਰੋਸ ਪ੍ਰਗਟ ਕੀਤਾ ਕਿ ਪ੍ਰਸ਼ਾਸਨ ਨੂੰ ਸਮੇਂ ਸਿਰ ਸੂਚਿਤ ਕਰਨ ਦੇ ਬਾਵਜੂਦ, ਪ੍ਰਸ਼ਾਸਨ ਦੀ ਟੀਮ ਕਈ ਘੰਟਿਆਂ ਬਾਅਦ ਮੌਕੇ ’ਤੇ ਪੁੱਜੀ। ਉਨ੍ਹਾਂ ਨੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਜੈਲਾ ਦੀ ਪਤਨੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਜੈਲਾ ਆਪਣੇ ਬਜ਼ੁਰਗ ਮਾਪਿਆਂ ਨਾਲ ਰਹਿੰਦਾ ਸੀ ਤੇ ਆਪਣੇ ਮਾਪਿਆਂ ਦਾ ਸਹਾਰਾ ਸੀ, ਜੈਲੇ ਦੇ 2 ਪੁੱਤਰ ਤੇ 1 ਧੀ ਹੈ।