ਪਿੰਡ ਕਰਾੜੀ ’ਚ ਪ੍ਰਕਾਸ਼ ਪੁਰਬ ਸਬੰਧੀ ਸਜਾਇਆ ਨਗਰ ਕੀਰਤਨ
ਪਿੰਡ ਕਰਾੜੀ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ
Publish Date: Tue, 27 Jan 2026 06:18 PM (IST)
Updated Date: Tue, 27 Jan 2026 06:22 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪਿੰਡ ਕਰਾੜੀ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਭਵਨ ਕਰਾੜੀ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਇਆ ਗਿਆ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਨਗਰ ਕੀਰਤਨ ਸੁੰਦਰ ਪਾਲਕੀ ਸਾਹਿਬ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਗੁਰੂ ਰਵਿਦਾਸ ਭਵਨ ਕਰਾੜੀ ਤੋਂ ਸ਼ੁਰੂ ਹੋ ਕੇ ਪਹਿਲਾਂ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਪ੍ਰਗਟ ਸਿੰਘ ਜੀ ਸਾਧਾਵਾਲੀ ਪੁੱਜਾ। ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ। ਨਗਰ ਕੀਰਤਨ ਦੌਰਾਨ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ। ਇਸ ਉਪਰੰਤ ਨਗਰ ਕੀਰਤਨ ਪਰਕਰਮਾ ਕਰਦਾ ਹੋਇਆ ਪਿੰਡ ’ਚ ਵੱਖ-ਵੱਖ ਪੜਾਅ ਕਰਦਾ ਹੋਇਆ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਕਰਾੜੀ ’ਚ ਪੁੱਜਾ ਤੇ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਤੇ ਸੁੰਦਰ ਰੁਮਾਲੇ ਭੇਟ ਕੀਤੇ ਗਏ ਨਗਰ ਕੀਰਤਨ ਦੇ ਰਸਤੇ ’ਚ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ ਸਨ। ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੀ ਮਹਿਮਾ ਦਾ ਗੁਣਗਾਨ ਕਰਦੀਆਂ ਹੋਈਆ ਸ੍ਰੀ ਗੁਰੂ ਰਵਿਦਾਸ ਭਵਨ ’ਚ ਪੁੱਜੀਆਂ। ਜਿੱਥੇ ਨਗਰ ਕੀਰਤਨ ਦੀ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਮਾਪਤੀ ਹੋਈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ, ਥਾਣੇਦਾਰ ਮੰਗਾ ਕਰਾੜੀ, ਮਾਸਟਰ ਪ੍ਰਵੀਨ ਕੁਮਾਰ, ਮਾਸਟਰ ਜਸਵਿੰਦਰ ਕੁਮਾਰ, ਗੁਰਦੇਵ ਸਿੰਘ (ਸਾਰੇ ਕਮੇਟੀ ਮੈਂਬਰ) ਇਨ੍ਹਾਂ ਤੋਂ ਇਲਾਵਾ ਸਰਪੰਚ ਸਰੋਜ ਬਾਲਾ ਗੁਰਵਿੰਦਰ ਕੌਰ, ਜਸਬੀਰ ਕੌਰ, ਜਸਵਿੰਦਰ ਕੁਮਾਰ, ਗੁਰਦੇਵ ਲਾਲ (ਸਾਰੇ ਪੰਚ), ਕਰਨੈਲ ਚੰਦ (ਸੈਕਟਰੀ ‘ਆਪ’), ਬਲਾਕ ਪ੍ਰਧਾਨ ਆਮ ਪਾਰਟੀ, ਪਰਮਜੀਤ ਸਿੰਘ ਮਿਨਹਾਸ ਆਦਿ ਤੋਂ ਇਲਾਵਾ ਸੰਗਤ ਹਾਜ਼ਰ ਸੀ।