ਆਸਥਾ ਦੇ ਮੇਲੇ ’ਚ ਉਮੜ ਰਿਹਾ ਸ਼ਰਧਾ ਦਾ ਸੈਲਾਬ
ਆਸਥਾ ਦੇ ਮੇਲੇ ’ਚ ਉਮੜ ਰਿਹਾ ਸ਼ਰਧਾ ਦਾ ਸੈਲਾਬ
Publish Date: Fri, 30 Jan 2026 10:31 PM (IST)
Updated Date: Fri, 30 Jan 2026 10:34 PM (IST)

-ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਨੂੰ ਲੈ ਕੇ ਡਾ. ਬੀ.ਆਰ.ਅੰਬੇਡਕਰ ਚੌਕ ਤੋਂ ਬੂਟਾ ਮੰਡੀ ਤੱਕ ਸਜਿਆ ਮੇਲਾ -ਬੂਟਾਂ ਮੰਡੀ ਸਥਿਤ ਧਾਮ ’ਚ ਮੱਥਾ ਟੇਕ ਕੇ ਖ਼ਰੀਦਦਾਰੀ ਕਰ ਰਹੀ ਸੰਗਤ ਸ਼ਾਮ ਸਹਿਗਲ, ਪੰਜਾਬੀ ਜਾਗਰਣ, ਜਲੰਧਰ : ਸਮਾਂ ਦੁਪਹਿਰ ਦੋ ਵਜੇ ਦਾ ਸੀ। ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਨਕੋਦਰ ਰੋਡ, ਸ੍ਰੀ ਗੁਰੂ ਰਵਿਦਾਸ ਚੌਕ ਵੱਲ ਪੁੱਜਣ ’ਤੇ ਮਾਡਲ ਹਾਊਸ ਤੇ ਗੁਰੂ ਤੇਗ ਬਹਾਦਰ ਨਗਰ ਵੱਲੋਂ ਸੰਗਤਾਂ ਨੂੰ ਪੂਰੇ ਉਤਸ਼ਾਹ ਨਾਲ ਬੂਟਾਂ ਮੰਡੀ ਵੱਲ ਵਧਦਿਆਂ ਦੇਖਿਆ ਗਿਆ। ਕੋਈ ਰਸਤੇ ’ਚ ਖਿਡੌਣੇ ਖਰੀਦ ਰਿਹਾ ਸੀ ਤਾਂ ਕੋਈ ਘਰ ਨੂੰ ਸਜਾਉਣ ਦਾ ਸਾਮਾਨ। ਇਸੇ ਤਰ੍ਹਾਂ ਕਿਸੇ ਦੇ ਹੱਥਾਂ ’ਚ ਨਵੇਂ ਬਰਤਨ ਸਨ ਤਾਂ ਕਿਸੇ ਨੇ ਆਪਣੀ ਮਨਪਸੰਦ ਡਰੈੱਸ ਖਰੀਦੀ ਹੋਈ ਸੀ। ਇਹ ਨਜ਼ਾਰਾ ਸ਼ੁੱਕਰਵਾਰ ਨੂੰ ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਲੈ ਕੇ ਬੂਟਾਂ ਮੰਡੀ ਤੱਕ ਦੇ ਰੋਡ ’ਤੇ ਦੇਖਣ ਨੂੰ ਮਿਲਿਆ, ਜਿੱਥੇ ਸ੍ਰੀ ਗੁਰੂ ਰਵਿਦਾਸ ਜੈਅੰਤੀ ਨੂੰ ਲੈ ਕੇ ਮੇਲਾ ਸਜਾਇਆ ਗਿਆ ਹੈ। ਮੇਲੇ ਵਿਚ ਹਰ ਕਿਸਮ ਦੇ ਸਾਮਾਨ ਦੀ ਵਿਕਰੀ ਦੇ ਨਾਲ-ਨਾਲ ਕਰੀਬ 20 ਥਾਵਾਂ ’ਤੇ ਝੂਲੇ ਵੀ ਲੱਗੇ ਹੋਏ ਹਨ। ਸ੍ਰੀ ਗੁਰੂ ਰਵਿਦਾਸ ਜੈਅੰਤੀ ਤੋਂ ਕਈ ਦਿਨ ਪਹਿਲਾਂ ਹੀ ਮੇਲੇ ’ਚ ਖਰੀਦਦਾਰੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ, ਜਿੱਥੇ ਬੱਚੇ ਝੂਲਿਆਂ ਦਾ ਖੂਬ ਆਨੰਦ ਲੈ ਰਹੇ ਹਨ। ਇਹ ਮੇਲਾ ਇਕ ਫਰਵਰੀ ਤੱਕ ਜਾਰੀ ਰਹੇਗਾ। ਦਰਅਸਲ, ਦੇਸ਼-ਵਿਦੇਸ਼ ’ਚ ਵੱਸਦੀ ਸੰਗਤ ਦੀ ਆਸਥਾ ਦਾ ਕੇਂਦਰ ਸ੍ਰੀ ਗੁਰੂ ਰਵਿਦਾਸ ਧਾਮ ਬੂਟਾਂ ਮੰਡੀ ਹੈ। ਇੱਥੇ ਸ੍ਰੀ ਗੁਰੂ ਰਵਿਦਾਸ ਜੈਅੰਤੀ ਮੌਕੇ ਲੱਗਣ ਵਾਲੇ ਮੇਲੇ ਤੋਂ ਕਈ ਦਿਨ ਪਹਿਲਾਂ ਹੀ ਬੂਟਾਂ ਮੰਡੀ ਤੋਂ ਲੈ ਕੇ ਡਾ. ਬੀ.ਆਰ. ਅੰਬੇਡਕਰ ਚੌਕ ਤੱਕ ਮੇਲਾ ਸਜਾਇਆ ਜਾਂਦਾ ਹੈ। ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਲੋਕ ਖਰੀਦਦਾਰੀ ਲਈ ਇੱਥੇ ਪੁੱਜ ਰਹੇ ਹਨ। ਉੱਥੇ ਹੀ, ਮੇਲੇ ਵਿਚ ਦੁਕਾਨਾਂ ਲਗਾਉਣ ਵਾਲੇ ਵਪਾਰੀਆਂ ਵਿਚ ਵੀ ਵਧੀਆ ਵਿਕਰੀ ਕਾਰਨ ਖੂਬ ਉਤਸ਼ਾਹ ਹੈ। ਇਸ ਵਾਰ ਮੇਲਾ ਸ੍ਰੀ ਗੁਰੂ ਰਵਿਦਾਸ ਜੈਅੰਤੀ ਤੋਂ ਕਈ ਦਿਨ ਪਹਿਲਾਂ ਹੀ ਸਜਾ ਦਿੱਤਾ ਗਿਆ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਆ ਰਹੀ ਸੰਗਤ ਖਰੀਦਦਾਰੀ ਕਰ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਮੇਲੇ ’ਚ ਮੁੱਖ ਸੜਕ ਦੇ ਨਾਲ-ਨਾਲ ਆਲੇ-ਦੁਆਲੇ ਦੀਆਂ ਕਾਲੋਨੀਆਂ ’ਚ ਵੀ ਦੁਕਾਨਾਂ ਸਜਾਈਆਂ ਗਈਆਂ ਹਨ। --- ਸਮੇਂ ਨਾਲ ਬਦਲਿਆ ਮੇਲੇ ਦਾ ਦਾਇਰਾ ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਲੈ ਕੇ ਸ੍ਰੀ ਗੁਰੂ ਰਵਿਦਾਸ ਧਾਮ ਬੂਟਾਂ ਮੰਡੀ ਤੱਕ ਲੱਗਣ ਵਾਲੇ ਮੇਲੇ ਦੇ ਦਾਇਰੇ ਵਿੱਚ ਸਮੇਂ ਨਾਲ ਵੱਡਾ ਵਿਸਥਾਰ ਹੋਇਆ ਹੈ। ਇਸ ਸਬੰਧੀ ਪਟਿਆਲਾ ਤੋਂ ਪਿਛਲੇ ਕਈ ਸਾਲਾਂ ਤੋਂ ਮੇਲੇ ਵਿਚ ਦੁਕਾਨ ਲਗਾਉਣ ਆ ਰਹੇ ਪੁਰਸ਼ੋਤਮ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਸਮੇਂ ਵਿੱਚ ਮੇਲਾ ਸਿਰਫ਼ ਮੁੱਖ ਸੜਕ ’ਤੇ ਹੀ ਲੱਗਦਾ ਸੀ ਪਰ ਹੁਣ ਇਸ ਦਾ ਦਾਇਰਾ ਕਾਫ਼ੀ ਵਧ ਗਿਆ ਹੈ। ਹੁਣ ਲਿੰਕ ਰੋਡ, ਮਾਡਲ ਹਾਊਸ ਤੇ ਗੁਰੂ ਤੇਗ ਬਹਾਦਰ ਨਗਰ ਵੱਲ ਜਾਣ ਵਾਲੀਆਂ ਸੜਕਾਂ ’ਤੇ ਵੀ ਦੁਕਾਨਾਂ ਸਜਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਜੋ ਮੇਲਾ ਰਾਤ ਅੱਠ ਵਜੇ ਤੱਕ ਮੁਕ ਜਾਂਦਾ ਸੀ ਹੁਣ ਦੇਰ ਰਾਤ 10 ਤੋਂ 11 ਵਜੇ ਤੱਕ ਸਜਿਆ ਰਹਿੰਦਾ ਹੈ ਤੇ ਖਰੀਦਦਾਰਾਂ ਦੀ ਆਮਦ ਲਗਾਤਾਰ ਬਣੀ ਰਹਿੰਦੀ ਹੈ। --- ਧਾਮ ’ਚ ਮੱਥਾ ਟੇਕ ਕੇ ਖਰੀਦਦਾਰੀ ਲਈ ਪਹੁੰਚਦੀ ਹੈ ਸੰਗਤ ਇਸ ਸਬੰਧੀ ਪਾਲਾ ਰਾਮ ਨੇ ਦੱਸਿਆ ਕਿ ਬੂਟਾਂ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ’ਚ ਮੱਥਾ ਟੇਕਣ ਲਈ ਦੇਸ਼-ਵਿਦੇਸ਼ ਤੋਂ ਸੰਗਤ ਪੁੱਜਦੀ ਹੈ। ਧਾਮ ’ਚ ਨਤਮਸਤਕ ਹੋਣ ਤੋਂ ਬਾਅਦ ਸੰਗਤ ਬਾਜ਼ਾਰਾਂ ’ਚ ਖਰੀਦਦਾਰੀ ਕਰਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਮੇਲੇ ਨਾਲ ਜੁੜੇ ਕਾਰੋਬਾਰ ’ਚ ਵੀ ਵੱਡਾ ਵਾਧਾ ਹੋਇਆ ਹੈ, ਜਿਸ ਕਾਰਨ ਹਰ ਸਾਲ ਇੱਥੇ ਦੁਕਾਨਾਂ ਲਗਾਉਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। --- ਮੇਅਰ ਨੇ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਸ਼ਨਿਚਰਵਾਰ ਨੂੰ ਸ੍ਰੀ ਗੁਰੂ ਰਵਿਦਾਸ ਧਾਮ ਤੋਂ ਨਿਕਲਣ ਵਾਲੀ ਸ਼ੋਭਾ ਯਾਤਰਾ ਨੂੰ ਲੈ ਕੇ ਮੇਅਰ ਵਨੀਤ ਧੀਰ ਨੇ ਸ਼ੁੱਕਰਵਾਰ ਨੂੰ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸ਼ੋਭਾ ਯਾਤਰਾ ਦੇ ਮਾਰਗ ’ਤੇ ਸਫ਼ਾਈ ਵਿਵਸਥਾ, ਸਟ੍ਰੀਟ ਲਾਈਟਾਂ ਅਤੇ ਪੀਣ ਵਾਲੇ ਪਾਣੀ ਸਮੇਤ ਸਾਰੇ ਪ੍ਰਬੰਧ ਸਮੇਂ ਸਿਰ ਪੂਰੇ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਮੌਜੂਦ ਰਹੇ।