ਹਾਦਸਿਆਂ ਤੋਂ ਬਾਅਦ ਕੁਝ ਦਿਨਾਂ ਦੀ ਕਾਰਵਾਈ, ਫਿਰ ਓਹੀ ਹਾਲਾਤ, ਜ਼ਿੰਮੇਵਾਰ ਕੌਣ?

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਸੜਕਾਂ ਦੇ ਕਿਨਾਰੇ ਗੈਰ-ਕਾਨੂੰਨੀ ਤਰੀਕੇ ਨਾਲ ਖੜ੍ਹੇ ਕੀਤੇ ਜਾ ਰਹੇ ਵਾਹਨਾਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ, ਪਰ ਇਸ ਤੋਂ ਨਿਜਾਤ ਦਿਵਾਉਣ ਵਾਲੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹਨ। ਮਕਸੂਦਾਂ ਚੌਕ ਤੋਂ ਪਾਰਗਪੁਰ ਤੱਕ ਹਾਈਵੇ 'ਤੇ ਕਈ ਢਾਬਿਆਂ ਤੇ ਪਲਾਂਟਾਂ ਦੇ ਬਾਹਰ ਟਰੱਕ ਚਾਲਕ ਵਾਹਨ ਖੜ੍ਹੇ ਕਰਦੇ ਹਨ, ਜਿਸ ਨਾਲ ਅਕਸਰ ਗੰਭੀਰ ਹਾਦਸਿਆਂ ਨੂੰ ਸੱਦਾ ਮਿਲਦਾ ਹੈ। ਜਦੋਂ-ਜਦੋਂ ਕਿਸੇ ਇਸ ਤਰ੍ਹਾਂ ਸਥਾਨ ’ਤੇ ਹਾਦਸਾ ਹੁੰਦਾ ਹੈ, ਤਾਂ ਐੱਨਐੱਚਏਆਈ ਦੀ ਟੀਮ ਟ੍ਰੈਫਿਕ ਪੁਲਿਸ ਤੇ ਸੜਕ ਸੁਰੱਖਿਆ ਫੋਰਸ ਨਾਲ ਮਿਲ ਕੇ ਕਾਰਵਾਈ ਤਾਂ ਕਰਦੀ ਹੈ ਪਰ ਇਸਦਾ ਪ੍ਰਭਾਵ ਸਿਰਫ ਕੁਝ ਦਿਨਾਂ ਤੱਕ ਹੀ ਨਜ਼ਰ ਆਉਂਦਾ ਹੈ। ਉਸ ਤੋਂ ਬਾਅਦ ਹਾਲਾਤ ਦੁਬਾਰਾ ਪਹਿਲਾਂ ਵਾਂਗ ਹੋ ਜਾਂਦੇ ਹਨ। ਸਵਾਲ ਇਹ ਹੈ ਕਿ ਸੜਕਾਂ ਦੇ ਕਿਨਾਰੇ ਖੜ੍ਹੇ ਇਹ ਵਾਹਨ, ਜਿਨ੍ਹਾਂ ਦੀ ਵਜ੍ਹਾ ਨਾਲ ਜਾਨਾਂ ਜਾਂਦੀਆਂ ਹਨ ਇਹਦੀ ਜ਼ਿੰਮੇਵਾਰੀ ਕੌਣ ਲਵੇ? ਟਰਾਂਸਪੋਰਟ ਨਗਰ, ਲੰਮਾ ਪਿੰਡ ਚੌਕ, ਪਠਾਨਕੋਟ ਬਾਈਪਾਸ, ਇੰਡੀਆ ਆਇਲ ਡਿਪੂ ਸਰਵਿਸ ਲਾਈਨ ਤੇ ਪਾਰਗਪੁਰ ਹਾਈਵੇ ’ਤੇ ਖੜ੍ਹੇ ਟਰੱਕਾਂ ਨੇ ਪਿਛਲੇ ਸਾਲ ’ਚ 10 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਟਰੈਫਿਕ ਪੁਲਿਸ ਵੱਲੋਂ ਇਨ੍ਹਾਂ ਥਾਵਾਂ ’ਤੇ ਕਈ ਵਾਰ ਮੁਹਿੰਮ ਚਲਾਈ ਗਈ ਤੇ ਵਾਹਨ ਹਟਾਏ ਵੀ ਗਏ ਪਰ ਮੁਹਿੰਮ ਰੁਕਣ ਬਾਅਦ ਟਰੱਕ ਮੁੜ ਓਥੇ ਹੀ ਖੜ੍ਹੇ ਹੋਣ ਸ਼ੁਰੂ ਹੋ ਜਾਂਦੇ ਹਨ। ਸਥਾਨਕ ਲੋਕਾਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਕ-ਦੋ ਦਿਨ ਦੀ ਕਾਰਵਾਈ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਇਨ੍ਹਾਂ ਵਾਹਨ ਚਾਲਕਾਂ ਦੀ ਰੋਜ਼ਾਨਾ ਨਿਗਰਾਨੀ ਤੇ ਪੱਕੀ ਪ੍ਰਬੰਧਨਾ ਜ਼ਰੂਰੀ ਹੈ, ਤਾਂ ਕਿ ਕੋਈ ਉਨ੍ਹਾਂ ਦੀ ਗਲਤੀ ਦਾ ਸ਼ਿਕਾਰ ਨਾ ਬਣੇ।
----------------------
ਸਮਾਂ ਤੇ ਪਾਰਕਿੰਗ ਦੀ ਪਰਚੀ ਦੇ ਪੈਸੇ ਬਚਾਉਣ ਲਈ ਸੜਕਾਂ 'ਤੇ ਵਾਹਨ ਖੜ੍ਹੇ
ਰੋਡ ਸੇਫਟੀ ਮੈਂਬਰ ਸੁਰਿੰਦਰ ਸੈਣੀ ਨੇ ਦੱਸਿਆ ਕਿ ਉਹ ਕਈ ਵਾਰ ਰੋਡ ਸੇਫਟੀ ਮੀਟਿੰਗਾਂ ’ਚ ਸੜਕਾਂ ’ਤੇ ਖੜ੍ਹੇ ਵਾਹਨਾਂ ਦੀ ਸਮੱਸਿਆ ਉਠਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਚਾਲਕ ਸਮਾਂ ਤੇ ਪਾਰਕਿੰਗ ਫੀਸ ਬਚਾਉਣ ਲਈ ਵਾਹਨ ਸੜਕ ਦੇ ਕਿਨਾਰੇ ਖੜ੍ਹੇ ਕਰਦੇ ਹਨ। ਟ੍ਰੈਫਿਕ ਪੁਲਿਸ ਤੇ ਸੜਕ ਸੁਰੱਖਿਆ ਫੋਰਸ ਪਹਿਲਾਂ ਚਾਲਕਾਂ ਨੂੰ ਚਿਤਾਵਨੀ ਦੇਵੇ ਤੇ ਜੇ ਕੋਈ ਦੁਬਾਰਾ ਨਿਯਮ ਤੋੜਦਾ ਮਿਲੇ ਤਾਂ ਉਸ ਦਾ ਚਾਲਾਨ ਕੀਤਾ ਜਾਵੇ। ਇਸ ਨਾਲ ਚਾਲਾਨ ਦੇ ਡਰ ਕਰਕੇ ਚਾਲਕ ਵਾਹਨ ਸਹੀ ਪਾਰਕਿੰਗ ’ਚ ਖੜ੍ਹੇ ਕਰਨਾ ਸ਼ੁਰੂ ਕਰ ਦੇਣਗੇ ਤੇ ਹਾਦਸਿਆਂ ’ਚ ਕਮੀ ਆਵੇਗੀ।
--------------------------
ਕਾਰਵਾਈ ਕਾਗਜ਼ਾਂ ਤੱਕ ਹੀ ਸੀਮਤ, ਕਈ ਵਾਰ ਦੁਕਾਨਦਾਰਾਂ ਨੂੰ ਨੋਟਿਸ
ਟਰਾਂਸਪੋਰਟ ਨਗਰ ਤੇ ਪਠਾਨਕੋਟ ਬਾਈਪਾਸ ਨੇੜੇ ਕਈ ਦੁਕਾਨਦਾਰਾਂ ਨੇ ਦੱਸਿਆ ਕਿ ਢਾਬੇ ਚਾਲਕ ਪਾਰਕਿੰਗ ਦੀ ਕੋਈ ਸੁਵਿਧਾ ਨਹੀਂ ਰੱਖਦੇ। ਖਾਣਾ ਖਾਣ ਆਉਣ ਵਾਲੇ ਟਰੱਕ ਚਾਲਕ ਵਾਹਨ ਸੜਕ ਕਿਨਾਰੇ ਲਗਾ ਦਿੰਦੇ ਹਨ, ਜਿਸ ਨਾਲ ਹਾਈਵੇ 'ਤੇ ਚੱਲਣ ਵਾਲੇ ਲੋਕਾਂ ਨੂੰ ਖਤਰਾ ਬਣਿਆ ਰਹਿੰਦਾ ਹੈ ਤੇ ਰੋਜ਼ਾਨਾ ਲੋਕ ਹਾਦਸਿਆਂ ਤੋਂ ਰੋਜ਼ ਬਚਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨਾਲ ਕੁਝ ਸੁਧਾਰ ਆਇਆ ਸੀ, ਨੋਟਿਸ ਵੀ ਜਾਰੀ ਕੀਤੇ ਗਏ ਸਨ ਪਰ ਕਾਰਵਾਈ ਸਿਰਫ ਕਾਗਜ਼ੀ ਰਹਿ ਗਈ।
------------------------
ਟ੍ਰੈਫਿਕ ਪੁਲਿਸ ਦਾ ਜਵਾਬ
ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ ਨੇ ਕਿਹਾ ਟਰੈਫਿਕ ਪੁਲਿਸ ਰੋਜ਼ਾਨਾ ਸੜਕਾਂ ਦੇ ਕਿਨਾਰੇ ਖੜ੍ਹੇ ਟਰੱਕਾਂ ਵਿਰੁੱਧ ਕਾਰਵਾਈ ਕਰਦੀ ਹੈ। ਚਿਤਾਵਨੀ ਦੇਣ ਦੇ ਨਾਲ ਨਿਯਮ ਤੋੜਨ ’ਤੇ ਚਾਲਾਨ ਵੀ ਹੁੰਦਾ ਹੈ। ਅਸੀਂ ਢਾਬਾ ਮਾਲਕਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਪਾਰਕਿੰਗ ਪ੍ਰਬੰਧ ਕਰਨ ਲਈ ਕਿਹਾ ਹੈ। ਜੇ ਕੋਈ ਨਹੀਂ ਮੰਨਦਾ ਤਾਂ ਨੋਟਿਸ ਜਾਰੀ ਕਰਨ ਬਾਅਦ ਲਾਜ਼ਮੀ ਕਾਰਵਾਈ ਕੀਤੀ ਜਾਵੇਗੀ।
-ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ