ਜ਼ਿਲ੍ਹਾ ਪੁਲਿਸ ਦਿਹਾਤੀ ’ਚ ਸੇਵਾਮੁਕਤ ਹੋਏ ਅਧਿਕਾਰੀਆਂ ਨੂੰ ਨਿੱਘੀ ਵਿਦਾਇਗੀ
ਜਲੰਧਰ ਦਿਹਾਤੀ ’ਚ ਸੇਵਾਨਿਵ੍ਰਿਤ ਹੋ ਰਹੇ ਪੁਲਿਸ ਅਧਿਕਾਰੀਆਂ ਦੇ ਸਨਮਾਨ ’ਚ ਸਨਮਾਨ ਪੂਰਵਕ ਵਿਦਾਇਗੀ ਸਮਾਰੋਹ ਕਰਵਾਇਆ
Publish Date: Wed, 31 Dec 2025 08:10 PM (IST)
Updated Date: Thu, 01 Jan 2026 04:09 AM (IST)

- ਐੱਸਪੀ (ਤਫਤੀਸ਼) ਸਰਬਜੀਤ ਰਾਏ ਸਮੇਤ ਦੋ ਏਐੱਸਆਈ ਹੋਏ ਸੇਵਾਮੁਕਤ - ਐੱਸਐੱਸਪੀ ਵਿਰਕ ਤੇ ਸੇਵਾਮੁਕਤ ਪੀਪੀਐੱਸ ਭੁੱਲਰ ਨੇ ਦਿੱਤੀਆਂ ਸ਼ੁਭਕਾਮਨਾਵਾਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਪੁਲਿਸ ’ਚ ਲੰਬੀ, ਸਮਰਪਿਤ ਤੇ ਮਿਸਾਲੀ ਸੇਵਾ ਪ੍ਰਦਾਨ ਕਰ ਕੇ ਸੇਵਾਮੁਕਤ ਹੋਏ ਪੁਲਿਸ ਅਧਿਕਾਰੀਆ ਨੂੰ ਐੱਸਐੱਸਪੀ ਦਫ਼ਤਰ ’ਚ ਨਿੱਘੀ ਵਿਦਾਇਗੀ ਦਿੱਤੀ ਗਈ। ਸਮਾਗਮ ਦੀ ਪ੍ਰਧਾਨਗੀ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਐੱਸਪੀ ਪੀਬੀਆਈ ਮਨਜੀਤ ਕੌਰ, ਐੱਸਪੀ ਹੈੱਡਕੁਆਰਟਰ ਮੁਕੇਸ਼ ਕੁਮਾਰ ਤੇ ਸੇਵਾਮੁਕਤ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਵੀ ਸ਼ਿਰਕਤ ਕੀਤੀ। ਇਸ ਸਮਾਗਮ ’ਚ ਸੇਵਾਮੁਕਤ ਅਫਸਰਾਂ ਦੀ ਪੁਲਿਸਿੰਗ ਤੇ ਜਾਂਚ ਪ੍ਰਣਾਲੀ ’ਚ ਉਨ੍ਹਾਂ ਦੇ ਯੋਗਦਾਨ ਲਈ ਪ੍ਰਸ਼ੰਸਾ ਕੀਤੀ ਗਈ। ਸੀਨੀਅਰ ਅਧਿਕਾਰੀਆਂ ਨੇ ਸੇਵਾਮੁਕਤ ਹੋਏ ਐੱਸਪੀ ਸਰਬਜੀਤ ਰਾਏ ਦੇ ਪੇਸ਼ੇਵਰ ਸਫ਼ਰ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਦੀ ਇਮਾਨਦਾਰੀ, ਅਨੁਸ਼ਾਸਨ, ਲੀਡਰਸ਼ਿਪ ਗੁਣਾਂ ਤੇ ਡਿਊਟੀ ਪ੍ਰਤੀ ਅਤੁੱਟ ਵਚਨਬੱਧਤਾ ਨੂੰ ਉਜਾਗਰ ਕੀਤਾ ਗਿਆ। ਅਧਿਕਾਰੀਆਂ ਨੇ ਉਨ੍ਹਾਂ ਦੀ ਸ਼ਾਂਤ ਸ਼ਖ਼ਸੀਅਤ, ਨਿਰਪੱਖਤਾ ਤੇ ਗੁੰਝਲਦਾਰ ਮਾਮਲਿਆਂ ਨੂੰ ਪੇਸ਼ੇਵਰਤਾ ਨਾਲ ਸੰਭਾਲਣ ਦੀ ਯੋਗਤਾ ਨੂੰ ਯਾਦ ਕੀਤਾ। ਐੱਸਐੱਸਪੀ ਵਿਰਕ ਨੇ ਸੇਵਾਮੁਕਤ ਹੋ ਰਹੇ ਅਧਿਕਾਰੀਆਂ ਦੀ ਪੰਜਾਬ ਪੁਲਿਸ ਦੀਆ ਕਦਰਾਂ-ਕੀਮਤਾਂ ਤੇ ਪਰੰਪਰਾਵਾਂ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਸ਼ਲਾਘਾ ਕੀਤੀ। ਐੱਸਪੀ ਸਰਬਜੀਤ ਰਾਏ ਤੋਂ ਇਲਾਵਾ ਏਐੱਸਆਈ ਭਜਨ ਸਿੰਘ ਤੇ ਏਐੱਸਆਈ ਹਰਜਿੰਦਰ ਸਿੰਘ, ਜੋ ਸੇਵਾਮੁਕਤ ਹੋਏ ਹਨ, ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਵਿਦਾਇਗੀ ਭਾਸ਼ਣ ’ਚ ਸੇਵਾਮੁਕਤ ਅਧਿਕਾਰੀਆਂ ਨੇ ਸੀਨੀਅਰ ਅਧਿਕਾਰੀਆਂ, ਸਹਿਯੋਗੀਆਂ ਤੇ ਸਟਾਫ ਮੈਂਬਰਾਂ ਦਾ ਉਨ੍ਹਾਂ ਦੇ ਸੇਵਾ ਕਰੀਅਰ ਦੌਰਾਨ ਦਿੱਤੇ ਗਏ ਸਹਿਯੋਗ, ਉਤਸ਼ਾਹ ਤੇ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਆਪਣੇ ਸਾਲਾਂ ਦੀ ਸੇਵਾ ਦੇ ਯਾਦਗਾਰੀ ਤਜਰਬੇ ਸਾਂਝੇ ਕੀਤੇ ਤੇ ਪੰਜਾਬ ਪੁਲਿਸ ਦੀ ਸੇਵਾ ਕਰਨ ਤੇ ਮਾਣ ਪ੍ਰਗਟ ਕੀਤਾ। ਇਸ ਸਮਾਗਮ ’ਚ ਦਿਹਾਤੀ ਪੁਲਿਸ ਦੇ ਸਾਰੇ ਉਪ ਪੁਲਿਸ ਕਪਤਾਨ, ਮੁੱਖ ਅਫਸਰ ਥਾਣਾ, ਬ੍ਰਾਂਚ ਇੰਚਾਰਜ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।