ਨੁਕਸਾਨ ਦਾ ਛੇਤੀ ਮੁਆਵਜ਼ਾ ਦੇਣ ਦੀ ਮੰਗ
ਪੇਂਡੂ ਮਜਦੂਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਜਲੰਧਰ ਇਕਾਈ ਦਾ ਵਫਦ ਨੇ ਮੰਗ ਪੱਤਰ ਜੀਏਟੂ, ਡੀਸੀ ਨੂੰ ਦਿੱਤਾ
Publish Date: Wed, 19 Nov 2025 07:37 PM (IST)
Updated Date: Wed, 19 Nov 2025 07:40 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਦੇ ਵਫਦ ਨੇ ਡਿਪਟੀ ਕਮਿਸ਼ਨਰ ਦੇ ਨਾਂ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਨੇ ਕਾਰਵਾਈ ਹਿੱਤ ਮੰਗ ਪੱਤਰ ਡੈਪੂਟੇਸ਼ਨ ਦੀ ਮੌਜੂਦਗੀ ’ਚ ਜ਼ਿਲ੍ਹਾ ਮਾਲ ਅਫਸਰ ਨੂੰ ਭੇਜ ਦਿੱਤਾ। ਆਗੂਆਂ ਨੇ ਕਿਹਾ ਕਿ ਹੜ੍ਹਾਂ ਤੇ ਬਾਰਿਸ਼ਾਂ ਕਾਰਨ ਪਿੰਡਾਂ ਤੇ ਸ਼ਹਿਰਾਂ ਅੰਦਰ ਆਮ ਲੋਕਾਂ ਦੇ ਘਰ ਡਿੱਗ ਗਏ ਤੇ ਅਨੇਕਾਂ ਡਿੱਗਣ ਦੀ ਹਾਲਤ ’ਚ ਹਨ। ਇਸ ਨਾਲ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ। ਯੂਨੀਅਨ ਵੱਲੋਂ ਪੀੜਤ ਲੋਕਾਂ ਦੀਆਂ ਲਿਸਟਾਂ ਫਿਲੌਰ, ਨੂਰਮਹਿਲ, ਮਹਿਤਪੁਰ, ਨਕੋਦਰ, ਸਾਹ ਕੋਟ, ਲੋਹੀਆਂ, ਕਰਤਾਰਪੁਰ, ਜਲੰਧਰ, ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਸਨ। ਆਗੂਆਂ ਨੇ ਕਿਹਾ ਕਿ ਅਫਸੋਸ ਦੀ ਗੱਲ ਇਹ ਹੈ ਕਿ ਅਜੇ ਤੱਕ ਜਿੱਥੇ-ਜਿੱਥੇ ਵੀ ਲਿਸਟਾਂ ਦਿੱਤੀਆਂ ਗਈਆਂ ਸਨ, ਉਥੇ ਪੜਤਾਲ ਕਰਨ ਲਈ ਵੀ ਕੋਈ ਅਧਿਕਾਰੀ ਅੱਜ ਤੱਕ ਨਹੀਂ ਆਇਆ। ਇਸ ਕਾਰਨ ਮਜ਼ਦੂਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੇਂਡੂ ਮਜ਼ਦੂਰ ਯੂਨੀਅਨ ਮੰਗ ਕਰਦੀ ਹੈ ਕਿ ਲੋਕਾਂ ਦੇ ਹੋਏ ਨੁਕਸਾਨ ਦਾ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਪੀੜਤ ਲੋਕ ਆਪਣਾ ਰੈਣ-ਬਸੇਰਾ ਬਣਾ ਸਕਣ। ਅੱਜ ਦੇ ਵਫਦ ਦੀ ਅਗਵਾਈ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਸਾਥੀ ਹੰਸ ਰਾਜ ਪੱਬਵਾਂ, ਸਾਥੀ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਕੁਲਵੰਤ ਪਾੜਾ ਨੇ ਕੀਤੀ।