ਤੁਹਾਡੇ ਬੱਚੇ ’ਤੇ ਕੇਸ ਦਰਜ.... ਡਿਜ਼ੀਟਲ ਅਰੇਸਟ ਕਰ ਤਿੰਨ ਬਜ਼ੁਰਗਾਂ ਤੋਂ ਠੱਗੇ ਇਕ ਕਰੋੜ
ਤੁਹਾਡੇ ਬੱਚੇ ’ਤੇ ਕੇਸ ਦਰਜ.... ਡਿਜ਼ੀਟਲ ਅਰੇਸਟ ਕਰ ਤਿੰਨ ਬਜ਼ੁਰਗਾਂ ਤੋਂ ਠੱਗੇ ਇਕ ਕਰੋੜ
Publish Date: Mon, 01 Dec 2025 10:29 PM (IST)
Updated Date: Mon, 01 Dec 2025 10:29 PM (IST)

-ਪੁਲਿਸ ਦੀ ਵਰਦੀ ਪਾ ਕੇ ਵੀਡੀਓ ਕਾਲ ਕਰ ਡਰਾ ਰਹੇ ਨੇ ਸਾਇਬਰ ਠੱਗ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਸਾਇਬਰ ਠੱਗ ਹੁਣ ਕਾਲ, ਮੈਸੇਜ ਜਾਂ ਓਟੀਪੀ ਹੀ ਨਹੀਂ, ਬਲਕਿ ਪੁਲਿਸ ਦੀ ਵਰਦੀ ਪਾ ਕੇ ਵੱਡੇ ਬਜ਼ੁਰਗਾਂ ਨੂੰ ਵੀਡੀਓ ਕਾਲ ਕਰ ਡਿਜ਼ੀਟਲ ਅਰੈੱਸਟ ਕਰਕੇ ਠੱਗ ਰਹੇ ਹਨ। ਖ਼ਾਸ ਤੌਰ ’ਤੇ ਉਨ੍ਹਾਂ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ ’ਚ ਰਹਿੰਦੇ ਹਨ। ਠਗ ਵ੍ਹਟਸਐਪ ’ਤੇ ਵੀਡੀਓ ਕਾਲ ਕਰਦੇ ਹਨ, ਵਰਦੀ ’ਚ ਨਜ਼ਰ ਆਉਂਦੇ ਹਨ ਤੇ ਪਹਿਲੀ ਹੀ ਲਾਈਨ ਕਹਿੰਦੇ ਹਨ ‘ਤੁਹਾਡੇ ’ਤੇ ਜਾਂ ਤੁਹਾਡੇ ਬੱਚੇ ’ਤੇ ਕੇਸ ਦਰਜ ਹੋ ਗਿਆ ਹੈ।’ ਇਹ ਸੁਣ ਕੇ ਬਜ਼ੁਰਗ ਡਰ ਜਾਂਦੇ ਹਨ ਤੇ ਠੱਗਾਂ ਦੀ ਹਰ ਗੱਲ ਮੰਨਣ ਲੱਗਦੇ ਹਨ। ਇਸ ਡਰ ਦਾ ਫਾਇਦਾ ਚੁੱਕ ਕੇ ਇਹ ਗਿਰੋਹ ਉਨ੍ਹਾਂ ਤੋਂ ਲੱਖਾਂ ਰੁਪਏ ਲੁੱਟ ਲੈਂਦਾ ਹੈ। ਸ਼ਹਿਰ ’ਚ ਤਿੰਨ ਅਜਿਹੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ’ਚ ਬਜ਼ੁਰਗਾਂ ਨੂੰ ਡਿਜ਼ੀਟਲ ਅਰੈੱਸਟ ਕਰ ਕੁੱਲ ਕਰੀਬ ਇਕ ਕਰੋੜ ਰੁਪਏ ਠੱਗੇ ਗਏ। ਪੀੜਤਾਂ ਨੇ ਠੱਗੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਤੇ ਕੇਸ ਦਰਜ ਹੋ ਚੁੱਕੇ ਹਨ। ------------------------ ਕੇਸ 1 ਮਨੀ–ਲਾਂਡਰਿੰਗ ਦਾ ਕੇਸ ਦਰਜ ਹੋਣ ਦਾ ਡਰ ਦਿਖਾ ਕੇ ਠੱਗੇ 65 ਲੱਖ ਸਾਇਬਰ ਠੱਗਾਂ ਨੇ ਪੁਲਿਸ ਮੁਲਾਜ਼ਮ ਬਣ ਕੇ ਸ਼ਾਂਤੀ ਬਿਹਾਰ ਦੇ ਰਹਿਣ ਵਾਲੇ ਬਜ਼ੁਰਗ ਤਜਿੰਦਰ ਸਿੰਘ ਨੂੰ 13 ਦਿਨ ਤੱਕ ਰੋਜ਼ ਵੀਡੀਓ ਕਾਲ ਕਰਕੇ ਥਾਣਾ ਦਿਖਾਇਆ ਤੇ ਉਸ ’ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਹੋਣ ਦਾ ਡਰ ਦਿਖਾ ਕੇ 65 ਲੱਖ ਰੁਪਏ ਠੱਗ ਲਏ। 13 ਦਿਨਾਂ ਬਾਅਦ ਜਦੋਂ ਉਸ ਦਾ ਦੋਸਤ ਘਰ ਆਇਆ ਤਾਂ ਉਸ ਨੇ ਕੋਈ ਗੱਲ ਨਹੀਂ ਦੱਸੀ। ਦੋਸਤ ਨੇ ਜਦੋਂ ਉਸ ਦੀ ਪਰੇਸ਼ਾਨੀ ਬਾਰੇ ਪੁੱਛਿਆ ਤਾਂ ਸਾਰੀ ਗੱਲ ਸਾਹਮਣੇ ਆਈ ਤੇ ਪਤਾ ਲੱਗਾ ਕਿ ਉਹ ਸਾਈਬਰ ਠੱਗੀ ਦਾ ਸ਼ਿਕਾਰ ਬਣ ਗਿਆ ਹੈ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸ਼ਾਂਤੀ ਬਿਹਾਰ ਦੇ ਤਜਿੰਦਰ ਸਿੰਘ ਦਾ ਬੇਟਾ–ਬੇਟੀ ਵਿਦੇਸ਼ ਰਹਿੰਦੇ ਹਨ। ਇਕ ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਤੇ ਉਹ ਘਰ ’ਚ ਇਕੱਲਾ ਰਹਿੰਦਾ ਹੈ। ਦਸੰਬਰ ਦੇ ਮਹੀਨੇ ਉਸ ਨੂੰ ਵ੍ਹਟਸਐਪ ’ਤੇ ਇਕ ਨੰਬਰ ਤੋਂ ਵੀਡੀਓ ਕਾਲ ਆਈ। ਕਾਲ ਉਠਾਈ ਤਾਂ ਸਾਹਮਣੇ ਪੁਲਿਸ ਦੀ ਵਰਦੀ ਪਾਈ ਬੈਠਾ ਇਕ ਵਿਅਕਤੀ ਸੀ, ਜਿਸ ਨੇ ਕਿਹਾ ਕਿ ਉਸ ਦੇ ਖ਼ਿਲਾਫ਼ ਕੇਸ ਦਰਜ ਹੈ। ਉਹ ਆਪਣੇ ਆਪ ਨੂੰ ਮੁੰਬਈ ਅੰਧੇਰੀ ਪੁਲਿਸ ਸਟੇਸ਼ਨ ਤੋਂ ਦੱਸ ਰਿਹਾ ਸੀ। ਇਹ ਸੁਣਕਰ ਤਜਿੰਦਰ ਸਿੰਘ ਡਰ ਗਿਆ। ਖੁਦ ਨੂੰ ਪੁਲਿਸ ਕਰਮੀ ਦੱਸਣ ਵਾਲੇ ਠੱਗ ਨੇ ਕਿਹਾ ਕਿ ਉਸ ਦੇ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਸੀਬੀਆਈ ’ਚ ਚੱਲ ਰਿਹਾ ਹੈ। ਇਹ ਸੁਣ ਕੇ ਉਹ ਹੋਰ ਵੀ ਡਰ ਗਿਆ। ਤਜਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ। ਇਸ ਤੋਂ ਬਾਅਦ ਠੱਗ ਨੇ ਉਸ ਦੇ ਬੈਂਕ ਖਾਤਿਆਂ ਦੀ ਡਿਟੇਲ ਮੰਗਣੀ ਸ਼ੁਰੂ ਕਰ ਦਿੱਤੀ। ਖਾਤਿਆਂ ਦੀ ਜਾਣਕਾਰੀ ਲੈਣ ਤੋਂ ਬਾਅਦ ਉਸ ਨੂੰ ਸਭ ਖਾਤੇ ਬੰਦ ਕਰਕੇ ਸਾਰੇ ਪੈਸੇ ਇਕ ਖਾਤੇ ’ਚ ਜਮ੍ਹਾਂ ਕਰਨ ਲਈ ਕਿਹਾ। ਅਗਲੇ ਦਿਨ ਫਿਰ ਕਾਲ ਆਈ ਤੇ ਠੱਗ ਨੇ ਮੁੜ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ ਤੇ ਦਿੱਤੇ ਗਏ ਖਾਤਿਆਂ ’ਚ ਪੈਸੇ ਭੇਜਣ ਲਈ ਕਿਹਾ। ਇਹ ਸਿਲਸਿਲਾ 13 ਦਿਨ ਲਗਾਤਾਰ ਚੱਲਦਾ ਰਿਹਾ। ਇਸ ਦੌਰਾਨ ਠੱਗਾਂ ਨੇ ਤਜਿੰਦਰ ਸਿੰਘ ਨੂੰ ਡਿਜੀਟਲ ਅਰੈੱਸਟ ਕਰਕੇ ਰੱਖਿਆ ਤੇ ਕੁੱਲ 65 ਲੱਖ 91 ਹਜ਼ਾਰ ਰੁਪਏ ਟਰਾਂਸਫ਼ਰ ਕਰਵਾ ਲਏ। 14ਵੇਂ ਦਿਨ ਉਹ ਘਰ ’ਚ ਪਰੇਸ਼ਾਨ ਬੈਠਾ ਸੀ ਕਿ ਉਸ ਦਾ ਦੋਸਤ ਆ ਗਿਆ। ਇਸੇ ਦੌਰਾਨ ਠੱਗ ਦੀ ਫ਼ੋਨ ਕਾਲ ਆਈ। ਤਜਿੰਦਰ ਸਿੰਘ ਨੇ ਦੋਸਤ ਨੂੰ ਇਸ ਬਾਰੇ ਦੱਸਿਆ। ਜਦੋਂ ਦੋਸਤ ਨੇ ਕਾਲ ‘ਤੇ ਠੱਗ ਨਾਲ ਗੱਲ ਕੀਤੀ ਤਦ ਉਹ ਟਾਲਮਟੋਲ ਕਰਨ ਲੱਗ ਪਿਆ। ਉਦੋਂ ਪਤਾ ਲੱਗਾ ਕਿ ਸਾਈਬਰ ਠੱਗੀ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ---------------------- ਕੇਸ 2 ਕੈਨੇਡਾ ’ਚ ਬੇਟੇ ਵੱਲੋਂ ਕਾਨੂੰਨ ਦੀ ਉਲੰਘਣਾ ਦੱਸ ਕੇ ਠੱਗੇ ਲੱਖਾਂ ਸਾਈਬਰ ਠੱਗਾਂ ਨੇ ਹਰਿਗੋਬਿੰਦ ਨਗਰ ਦੇ ਰਹਿਣ ਵਾਲੇ ਜਸਬੀਰ ਚੰਦ ਨੂੰ ਪੁਲਿਸ ਮੁਲਾਜ਼ਮ ਬਣ ਕੇ ਕਾਲ ਕੀਤੀ। ਕੈਨੇਡਾ ’ਚ ਰਹਿੰਦੇ ਉਸ ਦੇ ਬੇਟੇ ਵੱਲੋਂ ਕਾਨੂੰਨ ਦੀ ਉਲੰਘਣਾ ਕਰਨ ਤੇ ਗ੍ਰਿਫ਼ਤਾਰੀ ਦਿਖਾ ਕੇ ਠੱਗਾਂ ਨੇ 2.70 ਲੱਖ ਰੁਪਏ ਠੱਗ ਲਏ। ਠੱਗਾਂ ਨੇ ਕਾਲ ਉਸ ਸਮੇਂ ਕੀਤੀ ਜਦੋਂ ਕੈਨੇਡਾ ’ਚ ਰਾਤ ਦਾ ਸਮਾਂ ਸੀ ਤਾਂ ਜੋ ਉਹ ਬੇਟੇ ਨਾਲ ਸੰਪਰਕ ਨਾ ਕਰ ਸਕੇ। ਸਵੇਰੇ ਜਦੋਂ ਬੇਟੇ ਦੀ ਕਾਲ ਆਈ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਡਿਜੀਟਲ ਅਰੈੱਸਟ ਦਿਖਾ ਕੇ ਠੱਗਿਆ ਗਿਆ ਹੈ। ਹਰਿਗੋਬਿੰਦ ਨਗਰ ਦੇ ਜਸਬੀਰ ਚੰਦ ਦਾ ਬੇਟਾ ਅੰਕੁਸ਼ ਕੈਨੇਡਾ ’ਚ ਰਹਿੰਦਾ ਹੈ। ਜੂਨ ਮਹੀਨੇ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਵ੍ਹਟਸਐਪ ‘ਤੇ ਕਾਲ ਆਈ। ਜਦੋਂ ਕਾਲ ਉਠਾਈ ਤਾਂ ਦੂਜੀ ਪਾਸੋਂ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਪੁਲਿਸ ਅਫਸਰ ਦੱਸਿਆ ਤੇ ਕਿਹਾ ਕਿ ਕੈਨੇਡਾ ’ਚ ਤੁਹਾਡੇ ਬੇਟੇ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਜਿਸ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਸਬੀਰ ਚੰਦ ਨੇ ਬੇਟੇ ਨਾਲ ਗੱਲ ਕਰਵਾਉਣ ਦੀ ਮੰਗ ਕੀਤੀ ਤਾਂ ਦੂਜੀ ਪਾਸੋਂ ਰੋਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਉਹ ਘਬਰਾ ਗਿਆ। ਉਸ ਨੂੰ ਇਨਾਂ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਲੱਗਾ ਕਿ ਕਾਲ ਸਾਈਬਰ ਠੱਗ ਕਰ ਰਹੇ ਸਨ। ਠੱਗਾਂ ਨੇ ਗੱਲਾਂ ’ਚ ਫਸਾ ਕੇ ਬੇਟੇ ਨੂੰ ਛੱਡਣ ਲਈ 2.70 ਲੱਖ ਰੁਪਏ ਉਸ ਦੇ ਖਾਤਿਆਂ ’ਚ ਪੁਆ ਲਏ। ਕੁਝ ਸਮੇਂ ਬਾਅਦ ਜਦੋਂ ਬੇਟੇ ਨਾਲ ਗੱਲਬਾਤ ਹੋਈ ਤਾਂ ਪਤਾ ਲੱਗਾ ਕਿ ਠੱਗੀ ਹੋ ਚੁੱਕੀ ਹੈ। ਇਸ ਦੀ ਸ਼ਿਕਾਇਤ ਉਸ ਨੇ ਸਾਈਬਰ ਕ੍ਰਾਈਮ ਪੁਲਿਸ ਨੂੰ ਦਿੱਤੀ। ਪੁਲਿਸ ਨੇ ਜਾਂਚ ਤੋਂ ਬਾਅਦ ਪਿੰਡ ਗੋਸਾਰਮਾਲ, ਜ਼ਿਲ੍ਹਾ ਸੰਬਲਪੁਰ (ਉੜੀਸਾ) ਦੀ ਰਹਿਣ ਵਾਲੀ ਸੁਸ਼ਮਾ ਲਾਰਕਾ ਤੇ ਪਿੰਡ ਤਿਤਰੜੀ ਲਾਲਾਸ, ਜ਼ਿਲ੍ਹਾ ਚਿਤੌੜਗੜ੍ਹ (ਰਾਜਸਥਾਨ) ਦੇ ਗੋਪਾਲ ਸਿੰਘ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਦਿੱਤਾ। ------------------------- ਕੇਸ 3 ਪੁੱਤਰ ਨੂੰ ਕੇਸ ’ਚ ਕਢਵਾਉਣ ਦੇ ਨਾਂ ’ਤੇ ਠੱਗੇ 5.50 ਲੱਖ ਰੁਪਏ ਸਾਇਬਰ ਠੱਗਾਂ ਨੇ ਬਸਤੀ ਬਾਵਾ ਖੇਲ ਰਾਜ ਨਗਰ ਦੇ ਰਹਿਣ ਵਾਲੇ ਸੰਜੈ ਨੂੰ ਵਕੀਲ ਬਣ ਕੇ ਕਾਲ ਕੀਤੀ ਤੇ ਕਿਹਾ ਕਿ ਯੂਕੇ ’ਚ ਪੜ੍ਹਾਈ ਕਰ ਰਿਹਾ ਉਸ ਦਾ ਬੇਟਾ ਕਾਨੂੰਨ ਦੀ ਉਲੰਘਣਾ ਕਰਨ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਠੱਗਾਂ ਨੇ ਉਸ ਨੂੰ ਡਿਜੀਟਲ ਅਰੇਸਟ ਦਿਖਾ ਕੇ ਲੱਖਾਂ ਰੁਪਏ ਠੱਗ ਲਏ ਤੇ ਕਿਹਾ ਕਿ ਬੇਟੇ ਦੇ ਨੰਬਰ ’ਤੇ ਕਾਲ ਨਾ ਕਰਨਾ, ਉਹ ਬੰਦ ਹੈ। ਸਵੇਰੇ ਜਦੋਂ ਬੇਟੇ ਦੀ ਕਾਲ ਆਈ ਤਾਂ ਪਤਾ ਲੱਗਾ ਕਿ ਪੂਰੀ ਕਾਲ ਠੱਗੀ ਸੀ ਤੇ ਉਸ ਨੂੰ ਡਰ ਦੇ ਸਹਾਰੇ ਫਸਾਇਆ ਗਿਆ ਸੀ। ਰਾਜ ਨਗਰ ਦੇ ਸੰਜੈ ਦਾ ਬੇਟਾ ਯੂਕੇ ’ਚ ਪੜ੍ਹਾਈ ਕਰ ਰਿਹਾ ਹੈ। ਅਗਸਤ ਮਹੀਨੇ ਉਸ ਨੂੰ ਵਿਦੇਸ਼ੀ ਨੰਬਰ ਤੋਂ ਵ੍ਹਟਸਐਪ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਯੂਕੇ ਤੋਂ ਪੰਜਾਬੀ ਵਕੀਲ ਦੱਸਿਆ ਤੇ ਕਿਹਾ ਕਿ ਤੁਹਾਡੇ ਬੇਟੇ ਨੂੰ ਕਾਨੂੰਨ ਦੀ ਉਲੰਘਣਾ ਕਰਨ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਲ ਕਰ ਰਹੇ ਠੱਗ ਨੇ ਕਿਹਾ ਕਿ ਬੇਟੇ ਨੇ ਪਰਿਵਾਰ ਦਾ ਨੰਬਰ ਦਿੱਤਾ ਹੈ ਤਾਂ ਜੋ ਕੇਸ ਦੀ ਫ਼ੀਸ ਬਾਰੇ ਗੱਲ ਕੀਤੀ ਜਾ ਸਕੇ। ਸੰਜੇ ਨੂੰ ਜ਼ਰਾ ਵੀ ਸ਼ੱਕ ਨਹੀਂ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਬਣ ਰਿਹਾ ਹੈ। ਠੱਗ ਨੇ ਗੱਲਬਾਤ ’ਚ ਫਸਾ ਕੇ ਤੇ ਬੇਟੇ ਨੂੰ ਕੇਸ ਤੋਂ ਛੁਡਵਾਉਣ ਦਾ ਝਾਂਸਾ ਦੇ ਕੇ 5.50 ਲੱਖ ਰੁਪਏ ਆਪਣੇ ਖਾਤਿਆਂ ’ਚ ਪੁਆ ਲਏ। ਅਗਲੇ ਦਿਨ ਜਦੋਂ ਬੇਟੇ ਨਾਲ ਗੱਲ ਹੋਈ ਤਾਂ ਪਤਾ ਲੱਗਾ ਕਿ ਠੱਗੀ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਨੇ ਸਾਈਬਰ ਕ੍ਰਾਈਮ ਪੁਲਿਸ ਨੂੰ ਸ਼ਿਕਾਇਤ ਦਿੱਤੀ। ---------------------- ਕੇਸ 4 ਸੀਬੀਆਈ ਅਫਸਰ ਬਣ ਕੇ 74 ਸਾਲਾ ਬਜ਼ੁਰਗ ਨਾਲ ਮਾਰੀ ਠੱਗੀ ਸਾਈਬਰ ਠੱਗਾਂ ਨੇ ਸੀਬੀਆਈ ਅਧਿਕਾਰੀ ਬਣ ਕੇ ਜੋਤੀ ਨਗਰ ਦੇ 74 ਸਾਲਾਂ ਦੇ ਬਜ਼ੁਰਗ ਹਰਮੋਹਿੰਦਰ ਸਿੰਘ ਤੋਂ ਮਨੀ ਲਾਂਡਰਿੰਗ ਦਾ ਕੇਸ ਦਰਜ ਹੋਣ ਦਾ ਡਰ ਦਿਖਾ ਕੇ 40 ਲੱਖ ਰੁਪਏ ਠੱਗ ਲਏ। ਅਕਤੂਬਰ ਮਹੀਨੇ ਉਨ੍ਹਾਂ ਨੂੰ ਵ੍ਹਟਸਐਪ ’ਤੇ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਸੀਬੀਆਈ ਅਫਸਰ ਦੱਸਿਆ ਤੇ ਕਿਹਾ ਕਿ ਉਨ੍ਹਾਂ ’ਤੇ ਮਨੀ ਲਾਂਡਰਿੰਗ ਦਾ ਵਾਰੰਟ ਜਾਰੀ ਹੋਇਆ ਹੈ। ਇਹ ਸੁਣ ਕੇ ਉਹ ਡਰ ਗਏ। ਠੱਗ ਨੇ ਉਨ੍ਹਾਂ ਦੇ ਮੋਬਾਈਲ ’ਤੇ ਆਧਾਰ ਕਾਰਡ ਤੇ ਤਸਵੀਰਾਂ ਭੇਜ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਝਾਂਸੇ ’ਚ ਲਿਆ। ਠੱਗ ਨੇ ਪਰਿਵਾਰ ਬਾਰੇ ਵੀ ਸਹੀ ਜਾਣਕਾਰੀ ਦੱਸੀ, ਜਿਸ ਨਾਲ ਹਰਮੋਹਿੰਦਰ ਸਿੰਘ ਨੂੰ ਵਿਸ਼ਵਾਸ ਹੋ ਗਿਆ ਕਿ ਅਫਸਰ ਸੱਚਮੁੱਚ ਸੀਬੀਆਈ ਤੋਂ ਹੈ। ਕਹਿੰਦੇ ਰਹੇ ਕਿ ਤੁਹਾਡੇ ਸਾਰੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਏਗੀ ਤੇ ਇਕ ਖਾਤਾ ਦਿਤਾ ਜਾਵੇਗਾ ਜਿਸ ’ਚ ਤੁਸੀਂ ਸਾਰੇ ਪੈਸੇ ਟ੍ਰਾਂਸਫਰ ਕਰਨੇ ਹਨ। ਵੈਰੀਫਿਕੇਸ਼ਨ ਤੋਂ ਬਾਅਦ ਪੈਸੇ ਵਾਪਸ ਕਰ ਦਿਤੇ ਜਾਣਗੇ। ਡਰ ਦੇ ਸਹਾਰੇ ਬਜ਼ੁਰਗ ਨੇ ਬੈਂਕ ’ਚ ਕਰਵਾਈ ਐੱਫਡੀ ਤੋੜ ਕੇ ਠੱਗਾਂ ਦੇ ਖਾਤੇ ’ਚ ਪੈਸੇ ਭੇਜ ਦਿੱਤੇ। ਪੈਸੇ ਜਾਣ ਤੋਂ ਬਾਅਦ ਠੱਗਾਂ ਨੇ ਕਾਲ ਚੁੱਕਣੀ ਬੰਦ ਕਰ ਦਿੱਤੀ। ਪਰਿਵਾਰ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਹੈ। -------------------- ਡਿਜ਼ਿਟਲ ਅਰੇਸਟ ਤੋਂ ਬਚਣ ਲਈ ਸੁਝਾਅ ਕਿਸੇ ਵੀ ਅਜਿਹੀ ਕਾਲ ’ਤੇ ਸ਼ਾਂਤ ਰਹੋ, ਘਬਰਾਓ ਨਾ। ਅਣਜਾਣ ਵਿਅਕਤੀ ਨੂੰ ਆਪਣੀ ਨਿੱਜੀ ਜਾਣਕਾਰੀ ਕਦੇ ਨਾ ਦਿਓ। ਕੋਈ ਵੀ ਅਧਿਕਾਰੀ ਵੀਡੀਓ ਕਾਲ ’ਤੇ ਗ੍ਰਿਫ਼ਤਾਰੀ ਬਾਰੇ ਨਹੀਂ ਦੱਸਦਾ।