ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਮਾਂ-ਪੁੱਤ ਖ਼ਿਲਾਫ਼ ਮਾਮਲਾ ਦਰਜ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਮਾਂ ਪੁੱਤ ’ਤੇ ਮਾਮਲਾ ਦਰਜ
Publish Date: Fri, 12 Dec 2025 07:04 PM (IST)
Updated Date: Fri, 12 Dec 2025 07:06 PM (IST)

ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਪੰਜ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਮਾਂ ਪੁੱਤ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅਮਿਤ ਕੁਮਾਰ ਵਾਸੀ ਸੰਤ ਨਗਰ ਬਸਤੀ ਸ਼ੇਖ ਨੇ ਕੈਨੇਡਾ ਜਾਣਾ ਸੀ। ਜਿਸ ਲਈ ਉਸ ਨੇ ਆਪਣੇ ਕਿਸੇ ਜਾਣਕਾਰ ਰਾਹੀਂ ਵਰੂਣ ਭੱਲਾ ਅਤੇ ਇੰਦੂ ਬਾਲਾ ਵਾਸੀ ਨਿਊ ਬਸੰਤ ਨਗਰ, ਜੋ ਕਿ ਮਾਂ-ਪੁੱਤ ਹਨ, ਨਾਲ ਤਾਲਮੇਲ ਕੀਤਾ। ਉਨ੍ਹਾਂ ਨੇ ਉਸ ਨੂੰ ਕੈਨੇਡਾ ਭੇਜਣ ਲਈ 10 ਲੱਖ 64 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਸ ਨੂੰ ਦੋ ਮਹੀਨਿਆਂ ਦੇ ਅੰਦਰ-ਅੰਦਰ ਕੈਨੇਡਾ ਦਾ ਵੀਜ਼ਾ ਲਗਵਾ ਦਿੱਤਾ ਜਾਵੇਗਾ ਅਤੇ ਉਸ ਨੂੰ ਵਿਦੇਸ਼ ਭੇਜ ਦਿੱਤਾ ਜਾਵੇਗਾ। ਉਸ ਨੇ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਉਨ੍ਹਾਂ ਨੂੰ 10 ਲੱਖ 64 ਹਜ਼ਾਰ ਰੁਪਏ ਅਤੇ ਪਾਸਪੋਰਟ ਦੇ ਦਿੱਤਾ। ਜਦੋਂ ਦੋ ਮਹੀਨੇ ਬੀਤਣ ਦੇ ਬਾਵਜੂਦ ਵੀ ਉਸ ਦਾ ਵੀਜ਼ਾ ਨਹੀਂ ਲਵਾਇਆ ਗਿਆ ਤਾਂ ਉਸ ਨੇ ਉਨ੍ਹਾਂ ਨਾਲ ਜਾ ਕੇ ਗੱਲਬਾਤ ਕੀਤੀ, ਪਰ ਉਹ ਕੁਝ ਸਮਾਂ ਹੋਰ ਕਹਿ ਕੇ ਸਮਾਂ ਲੰਘਾਉਂਦੇ ਰਹੇ। ਜਦੋਂ ਹੱਦ ਤੋਂ ਜ਼ਿਆਦਾ ਸਮਾਂ ਬੀਤ ਗਿਆ ਤਾਂ ਉਸ ਨੇ ਉਨ੍ਹਾਂ ਕੋਲੋਂ ਆਪਣੇ ਪੈਸੇ ਵਾਪਸ ਮੰਗੇ, ਪਰ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਕਮਿਸ਼ਨਰੇਟ ਪੁਲਿਸ ਨੂੰ ਦਿੱਤੀ ਗਈ। ਜਿਨ੍ਹਾਂ ਇਸ ਦੀ ਜਾਂਚ ਥਾਣਾ ਪੰਜ ਦੀ ਪੁਲਿਸ ਨੂੰ ਦਿੱਤੀ। ਏਐੱਸਆਈ ਬਲਜੀਤ ਸਿੰਘ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਵਰੂਣ ਭੱਲਾ ਅਤੇ ਇੰਦੂ ਭੱਲਾ ਖ਼ਿਲਾਫ਼ ਧਾਰਾ 406, 420 ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।