ਪਤੰਗ ਲੁੱਟਦੇ ਸਮੇਂ ਖੇਤਾਂ ’ਚ ਪੁੱਟੇ ਟੋਏ ’ਚ ਡਿੱਗ 9 ਸਾਲਾ ਬੱਚੇ ਦੀ ਮੌਤ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
Publish Date: Sat, 24 Jan 2026 12:48 AM (IST)
Updated Date: Sat, 24 Jan 2026 12:51 AM (IST)
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ : ਸ਼ਹਿਰ ’ਚ ਬਸੰਤ ਪੰਚਮੀ ਦੇ ਦਿਨ ਹੋਈ ਮੋਹਲੇਧਾਰ ਬਰਸਾਤ ਕਾਰਨ ਕਈ ਥਾਵਾਂ ’ਤੇ ਪਾਣੀ ਭਰ ਗਿਆ। ਇਸ ਦੌਰਾਨ ਮਕਸੂਦਾਂ ਖੇਤਰ ’ਚ ਸੂਰਾਨੁੱਸੀ ਪੈਟਰੋਲ ਪੰਪ ਨੇੜੇ ਕਿਸਾਨ ਨੇ ਆਪਣੀ ਫਸਲ ਨੂੰ ਬਰਸਾਤੀ ਪਾਣੀ ਤੋਂ ਬਚਾਉਣ ਲਈ ਲਗਪਗ 10 ਫੁੱਟ ਡੂੰਘਾ ਟੋਇਆ ਪੁੱਟਿਆ ਸੀ। ਦੁਪਹਿਰ ਨੂੰ ਜਦੋਂ ਬਰਸਾਤ ਰੁਕੀ, ਬੱਚੇ ਪਤੰਗ ਉਡਾਉਣ ਲੱਗੇ। ਉਸੇ ਸਮੇਂ ਪਤੰਗ ਲੁੱਟਣ ਲਈ ਬੱਚੇ ਖੇਤ ਵੱਲ ਦੌੜੇ ਪਰ ਇਕ 9 ਸਾਲਾ ਬੱਚਾ ਖੇਤ ’ਚ ਬਣੇ ਡੂੰਘੇ ਟੋਏ ’ਚ ਡਿੱਗ ਪਿਆ। ਨਾਲ ਦੇ ਹੋਰ ਬੱਚੇ ਘਰ ਵਾਪਸ ਚਲੇ ਗਏ ਤੇ ਉਨ੍ਹਾਂ ਨੇ ਕਿਸੇ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ।
ਜਦੋਂ ਬੱਚਾ ਘਰ ਨਹੀਂ ਆਇਆ ਤਾਂ ਪਰਿਵਾਰ ਨੇ ਭਾਲ ਸ਼ੁਰੂ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਪਰਿਵਾਰ ਨੇ 112 ਨੰਬਰ 'ਤੇ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਦਿਆਂ ਹੀ ਥਾਣਾ-1 ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਬੱਚੇ ਦੀ ਭਾਲ ਸ਼ੁਰੂ ਕੀਤੀ। ਜਾਂਚ ਦੌਰਾਨ ਰਾਤ ਕਰੀਬ 8 ਵਜੇ ਖੇਤ ਤੋਂ ਬੱਚੇ ਦੀ ਲਾਸ਼ ਡੂੰਘੇ ਟੋਏ ’ਚੋਂ ਮਿਲੀ। ਮਰਨ ਵਾਲੇ ਬੱਚੇ ਦੀ ਪਛਾਣ ਸ਼ਿਵਮ ਵਜੋਂ ਹੋਈ ਹੈ।
ਬੱਚੇ ਦੇ ਪਰਿਵਾਰ ਨੇ ਕਿਸਾਨ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਆਪਣੇ ਨਿੱਜੀ ਫਾਇਦੇ ਲਈ ਖੇਤ ’ਚ ਇੰਨਾ ਡੂੰਘਾ ਟੋਇਆ ਪੁੱਟਿਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੇ ਭਤੀਜੇ ਦੀ ਜਾਨ ਗਈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਬੰਧਤ ਕਿਸਾਨ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ, ਥਾਣਾ-1 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰੱਖ ਦਿੱਤਾ ਹੈ। ਥਾਣਾ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਹੈ ਤੇ ਉਹ ਬਣਦੀ ਕਾਰਵਾਈ ਕਰਨਗੇ।