ਆਦਮਪੁਰ ਏਅਰਪੋਰਟ ’ਤੇ ਇੰਡੀਗੋ ਫਲਾਈਟ ਲਈ ਪੁੱਜ ਰਹੇ 90 ਫ਼ੀਸਦੀ ਯਾਤਰੀ
ਆਦਮਪੁਰ ਏਅਰਪੋਰਟ ’ਤੇ ਇੰਡਿਗੋ ਫਲਾਈਟ ਲਈ ਪਹੁੰਚ ਰਹੇ 90 ਫੀਸਦੀ ਯਾਤਰੀ, ਬੁਕਿੰਗ ਹਾਲੇ ਵੀ ਘੱਟ
Publish Date: Wed, 10 Dec 2025 08:22 PM (IST)
Updated Date: Wed, 10 Dec 2025 08:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਡੀਗੋ ਦੀਆਂ ਉਡਾਣਾਂ ਹੁਣ ਆਪਣੇ ਸਮੇਂ ਅਨੁਸਾਰ ਚੱਲ ਰਹੀਆਂ ਹਨ ਤੇ ਹਰ ਰੋਜ਼ ਲਗਭਗ 90 ਫੀਸਦੀ ਯਾਤਰੀ ਇੰਡਿਗੋ ਦੀਆਂ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ। ਆਦਮਪੁਰ ਏਅਰਪੋਰਟ ਦੇ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਅਧਿਕਾਰਕ ਤੌਰ ’ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੇ ਇਸ ਬਿਆਨ ਨਾਲ ਇੰਡੀਗੋ ਨੂੰ ਰਾਹਤ ਮਿਲੇਗੀ ਤੇ ਯਾਤਰੀਆਂ ਦਾ ਏਅਰਲਾਈਨ ’ਤੇ ਭਰੋਸਾ ਵੀ ਵੱਧੇਗਾ। ਮੁੰਬਈ ਜਾਣ ਵਾਲੇ ਯਾਤਰੀ ਹਾਲਾਤ ਪੂਰੀ ਤਰ੍ਹਾਂ ਨਾਰਮਲ ਹੋਣ ਦੀ ਉਡੀਕ ਕਰ ਰਹੇ ਹਨ, ਜਿਸ ਕਾਰਨ ਬੁਕਿੰਗ ਹਾਲੇ ਵੀ ਘੱਟ ਹੈ। ਇੰਡੀਗੋ ਦੀਆਂ 10 ਫੀਸਦੀ ਫਲਾਈਟਾਂ ਨੂੰ ਮੰਤਰਾਲੇ ਵੱਲੋਂ ਰੱਦ ਕੀਤਾ ਗਿਆ ਹੈ, ਜਿਸ ਕਾਰਨ ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਇੰਡੀਗੋ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ ਤੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਦੇ ਆਦਮਪੁਰ ਏਅਰਪੋਰਟ ’ਤੇ ਸੋਮਵਾਰ ਤੋਂ ਇੰਡੀਗੋ ਦੀਆਂ ਫਲਾਈਟਾਂ ਲਗਾਤਾਰ ਚੱਲ ਰਹੀਆਂ ਹਨ।
ਏਅਰਪੋਰਟ ਡਾਇਰੈਕਟਰ ਨੇ ਦੱਸਿਆ ਕਿ ਇੰਡੀਗੋ ਦੀਆਂ ਫਲਾਈਟ ਸੇਵਾਵਾਂ ਅਧਿਕਾਰਕ ਤੌਰ ’ਤੇ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਫਲਾਈਟ ਬੰਦ ਹੋਣ ਦੌਰਾਨ ਯਾਤਰੀਆਂ ਨੂੰ ਪਹਿਲਾਂ ਦਿੱਲੀ ਦਾ ਲੰਮਾ ਸਫਰ ਤੈਅ ਕਰਨਾ ਪੈਂਦਾ ਸੀ, ਜਿਸ ਨਾਲ ਸਮਾਂ ਤੇ ਪੈਸਾ ਦੋਵੇਂ ਵੱਧ ਲੱਗਦੇ ਸਨ ਪਰ ਆਦਮਪੁਰ ਤੋਂ ਇੰਡੀਗੋ ਦੀ ਫਲਾਈਟ ਦੁਬਾਰਾ ਸ਼ੁਰੂ ਹੋਣ ਨਾਲ ਸਥਾਨਕ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਮੁਤਾਬਕ, ਹਰ ਰੋਜ਼ ਲਗਭਗ 90 ਫੀਸਦੀ ਯਾਤਰੀ ਇੰਡੀਗੋ ਦੀ ਫਲਾਈਟ ਲੈ ਰਹੇ ਹਨ, ਜੋ ਸਪੱਸ਼ਟ ਕਰਦਾ ਹੈ ਕਿ ਲੋਕਾਂ ’ਚ ਇਸ ਸੇਵਾ ਨੂੰ ਲੈ ਕੇ ਉਤਸ਼ਾਹ ਕਾਇਮ ਹੈ। ਦੂਜੇ ਪਾਸੇ, ਇੰਡੀਗੋ ਨੇ ਰੱਦ ਹੋਈਆਂ ਫਲਾਈਟਾਂ ਕਾਰਨ ਪ੍ਰਭਾਵਿਤ ਯਾਤਰੀਆਂ ਨੂੰ ਰਿਫੰਡ ਦੇਣਾ ਸ਼ੁਰੂ ਕਰ ਦਿੱਤਾ ਹੈ। ਫਲਾਈਟ ਬੁਕਿੰਗ ਪਿਛਲੇ ਦੋ ਦਿਨਾਂ ਦੇ ਮੁਕਾਬਲੇ 30 ਫੀਸਦੀ ਵਧੀ ਹੈ ਪਰ ਪਿਛਲੇ ਮਹੀਨਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਬੁਕਿੰਗ ਹਾਲੇ ਵੀ ਘੱਟ ਹੈ। ਆਉਣ ਵਾਲੇ ਚਾਰ ਦਿਨਾਂ ’ਚ ਬੁਕਿੰਗ ਨਾਰਮਲ ਹੋ ਜਾਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।