ਆਰਥਿਕ ਤਰੱਕੀ ਦੀ ਅਗਵਾਈ ਕਰਨ ਨੌਜਵਾਨ : ਡਾ. ਮਿੱਤਲ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ 77ਵਾਂ ਗਣਤੰਤਰ ਦਿਵਸ ਮਨਾਇਆ
Publish Date: Tue, 27 Jan 2026 08:53 PM (IST)
Updated Date: Tue, 27 Jan 2026 08:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ 77ਵਾਂ ਗਣਤੰਤਰ ਦਿਵਸ ਸ਼ਾਨਦਾਰ ਢੰਗ ਨਾਲ ਮਨਾਇਆ। ਸਮਾਰੋਹ ਦੀ ਸ਼ੁਰੂਆਤ ਐੱਨਸੀਸੀ ਕੈਡਿਟਾਂ ਵੱਲੋਂ ਮੁੱਖ ਮਹਿਮਾਨ ਵਜੋਂ ਗਾਰਡ ਆਫ਼ ਆਨਰ ਦੇ ਪ੍ਰਦਰਸ਼ਨ ਨਾਲ ਹੋਈ, ਜਿਸ ’ਚ ਰਾਜ ਸਭਾ ਮੈਂਬਰ ਤੇ ਐੱਲਪੀਯੂ ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਤੇ ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਸ਼ਾਮਲ ਰਹੇ। ਡਾ. ਮਿੱਤਲ ਨੇ ਨੌਜਵਾਨਾਂ ਨੂੰ ਭਾਰਤ ਦੀ ਆਰਥਿਕ ਤੇ ਤਕਨੀਕੀ ਅਗਵਾਈ ਲਈ ਪ੍ਰੇਰਿਤ ਕੀਤਾ ਤੇ ਨਵੀਂ ਸਿੱਖਿਆ ਪ੍ਰਣਾਲੀ, ਐਡੂ-ਰਿਵੋਲਿਊਸ਼ਨ ਤੇ ਨਵੀਨਤਾ ਦੇ ਮਹੱਤਵ ਬਾਰੇ ਜ਼ੋਰ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੇ ਸਾਲ ਭਰ ਦੀਆਂ ਅਕਾਦਮਿਕ, ਖੋਜ ਤੇ ਸੱਭਿਆਚਾਰਕ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ, ਜਿਸ ’ਚ ਹਵਾਈ ਜਹਾਜ਼ ਤਿਰੰਗੇ ਨਾਲ ਉਡਾਉਣ ਤੇ ਭਾਰਤ ਥੀਮ ਵਾਲਾ ਵਿਸ਼ੇਸ਼ ਫੈਸ਼ਨ ਸ਼ੋਅ ਸ਼ਾਮਲ ਸੀ। ਐਡੂ-ਰਿਵੋਲਿਊਸ਼ਨ ਤਹਿਤ 39 ਪ੍ਰੋਜੈਕਟਾਂ ’ਚੋਂ 16 ਸ਼ਾਰਟਲਿਸਟ ਹੋਏ ਤੇ ਚਾਰ ਪ੍ਰੋਜੈਕਟਾਂ ਨੂੰ 10.7 ਲੱਖ ਦੀ ਫੰਡਿੰਗ ਮਿਲੀ, ਜੋ ਨੌਜਵਾਨਾਂ ਦੀ ਨਵੀਨਤਾ ਤੇ ਉੱਦਮੀ ਸੋਚ ਨੂੰ ਉਤਸ਼ਾਹਤ ਕਰਦੀ ਹੈ। ਇਸਦੇ ਨਾਲ, ਕਲਾ ਤੇ ਸੱਭਿਆਚਾਰ ਵਿਭਾਗ ਨੂੰ ਆਲ-ਇੰਡੀਆ ਤੇ ਰਾਜ ਚੈਂਪੀਅਨਸ਼ਿਪ ਜਿੱਤਣ ਲਈ 12.83 ਲੱਖ ਦਾ ਨਕਦ ਇਨਾਮ ਦਿੱਤਾ ਗਿਆ।