7 ਬੈਡਮਿੰਟਨ-ਵਾਲੀਬਾਲ ਕੋਰਟ ਮਨਜ਼ੂਰ, ਮਾਡਲ ਟਾਊਨ ’ਚ 6.34 ਕਰੋੜ ਨਾਲ ਸੜਕਾਂ-ਫੁੱਟਪਾਥ ਬਣਨਗੇ, ਬਿਊਟੀਫਿਕੇਸ਼ਨ ਵੀ ਹੋਵੇਗੀ
7 ਬੈਡਮਿੰਟਨ–ਵਾਲੀਬਾਲ ਕੋਰਟ ਮਨਜ਼ੂਰ, ਮਾਡਲ ਟਾਊਨ ’ਚ 6.34 ਕਰੋੜ ਨਾਲ ਸੜਕਾਂ–ਫੁੱਟਪਾਥ ਬਣਨਗੇ, ਬਿਊਟੀਫਿਕੇਸ਼ਨ ਵੀ ਹੋਵੇਗੀ
Publish Date: Tue, 30 Dec 2025 07:43 PM (IST)
Updated Date: Tue, 30 Dec 2025 07:47 PM (IST)

-ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵੱਲੋਂ ਸਾਰੇ ਪ੍ਰਸਤਾਵ ਮਨਜ਼ੂਰ, ਇਸ਼ਤਿਹਾਰ ਟੈਂਡਰ ਵੀ ਪਾਸ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਫਾਇਨੈਂਸ ਐਂਡ ਕਾਂਟ੍ਰੈਕਟ ਕਮੇਟੀ ਦੀ ਮੀਟਿੰਗ ’ਚ ਵਿਕਾਸ ਕਾਰਜਾਂ ਨਾਲ ਸਬੰਧਤ ਸਾਰੇ ਪ੍ਰਸਤਾਵ ਮਨਜ਼ੂਰ ਕਰ ਲਏ ਗਏ ਹਨ। ਵਾਧੂ ਆਊਟਡੋਰ ਮੀਡੀਆ ਇਸ਼ਤਿਹਾਰਬਾਜ਼ੀ ਲਈ 13.71 ਕਰੋੜ ਰੁਪਏ ਦੇ ਟੈਂਡਰ ਨੂੰ ਵੀ ਵਿੱਤੀ ਮਨਜ਼ੂਰੀ ਦੇ ਦਿੱਤੀ ਗਈ ਹੈ। ਮੀਟਿੰਗ ’ਚ ਲਗਪਗ 43 ਕਰੋੜ ਰੁਪਏ ਦੇ ਵਿਕਾਸ ਕਾਰਜ ਮਨਜ਼ੂਰ ਹੋਏ ਹਨ। ਇਨ੍ਹਾਂ ਕੰਮਾਂ ’ਚ ਮੁੱਖ ਤੌਰ ’ਤੇ ਸੜਕਾਂ ਦੇ ਨਿਰਮਾਣ, ਸੀਵਰੇਜ ਤੇ ਵਾਟਰ ਸਪਲਾਈ ਦੀਆਂ ਪਾਈਪਲਾਈਨਾਂ ਵਿਛਾਉਣ ਦੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਕੂੜਾ ਲਿਫਟਿੰਗ, ਸਟਰੀਟ ਲਾਈਟਾਂ ਤੇ ਪਾਰਕਾਂ ਦੀ ਰੀਨੋਵੇਸ਼ਨ ਨਾਲ ਸਬੰਧਤ ਕੰਮ ਵੀ ਕੀਤੇ ਜਾਣਗੇ। ਕੇਂਦਰੀ ਵਿਧਾਨ ਸਭਾ ਖੇਤਰ ’ਚ ਖੇਡਾਂ ਦੇ ਇੰਫ੍ਰਾਸਟਰਕਚਰ ਨਾਲ ਜੁੜੇ ਕੰਮਾਂ ਨੂੰ ਵੀ ਮਨਜ਼ੂਰੀ ਮਿਲੀ ਹੈ। ਵਿੱਤ ਤੇ ਠੇਕਾ ਕਮੇਟੀ ਨੇ ਮਾਡਲ ਟਾਊਨ ਮਾਰਕੀਟ ’ਚ ਇੰਫ੍ਰਾਸਟਰਕਚਰ ਡਿਵੈੱਲਪਮੈਂਟ ਲਈ ਟੈਂਡਰ ਮਨਜ਼ੂਰ ਕੀਤਾ ਹੈ। ਇਸ ਤਹਿਤ ਸੜਕਾਂ ਤੇ ਫੁੱਟਪਾਥਾਂ ਨੂੰ ਬਿਹਤਰ ਬਣਾਇਆ ਜਾਵੇਗਾ, ਨਵੀਆਂ ਲਾਈਟਾਂ ਲੱਗਣਗੀਆਂ ਤੇ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ। ਕੇਂਦਰੀ ਵਿਧਾਨ ਸਭਾ ਖੇਤਰ ’ਚ ਸਪੋਰਟਸ ਇੰਫ੍ਰਾਸਟਰਕਚਰ ਡਿਵੈੱਲਪਮੈਂਟ ਅਧੀਨ 7 ਥਾਵਾਂ ’ਤੇ ਬੈਡਮਿੰਟਨ ਤੇ ਵਾਲੀਬਾਲ ਕੋਰਟ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਵਾਰਡ ਨੰਬਰ 5 ਦੇ ਪਾਰਕ ਐਵੇਨਿਊ, ਵਾਰਡ ਨੰਬਰ 6, ਵਾਰਡ ਨੰਬਰ 8 ਦੀ ਪ੍ਰੋਫੈਸਰ ਕਾਲੋਨੀ ਤੇ ਪਾਰਕ ’ਚ ਬੈਡਮਿੰਟਨ ਕੋਰਟ ਬਣਾਏ ਜਾਣਗੇ। ਵਾਰਡ ਨੰਬਰ 25 ’ਚ ਸੱਚਰ ਹਸਪਤਾਲ ਦੇ ਸਾਹਮਣੇ ਵਾਲੇ ਪਾਰਕ ਤੇ ਵਾਰਡ ਨੰਬਰ 29 ਦੇ ਰੇਨੂ ਪਾਰਕ ’ਚ ਵੀ ਬੈਡਮਿੰਟਨ ਕੋਰਟ ਬਣਾਉਣ ਦੇ ਟੈਂਡਰ ਮਨਜ਼ੂਰ ਕੀਤੇ ਗਏ ਹਨ। ਵਾਰਡ ਨੰਬਰ 12 ਦੇ ਬੜਿੰਗ ਤੇ ਵਾਰਡ ਨੰਬਰ 21 ਦੇ ਪਾਰਕ ’ਚ ਵਾਲੀਬਾਲ ਕੋਰਟ ਬਣਾਇਆ ਜਾਵੇਗਾ। ਮੀਟਿੰਗ ’ਚ ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ, ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ, ਮੈਂਬਰ ਹਿਤੇਸ਼ ਗਰੇਵਾਲ ਤੇ ਕਵਿਤਾ ਸੇਠ ਨੇ ਸਾਰੇ ਪ੍ਰਸਤਾਵਾਂ ’ਤੇ ਚਰਚਾ ਕੀਤੀ। ਕਮੇਟੀ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਪਿੱਛੇ ਵਾਲੀ ਸਾਈਡ ਤੋਂ ਸੰਵਿਧਾਨ-ਬੀਐੱਮਸੀ ਚੌਕ ਤੱਕ ਬਰਸਾਤੀ ਸੀਵਰ, ਪ੍ਰਤਾਪ ਬਾਗ ਜ਼ੋਨ ਦਫ਼ਤਰ ਦਾ ਨਿਰਮਾਣ, ਸਪੋਰਟਸ ਤੇ ਸਰਜੀਕਲ ਕੰਪਲੈਕਸ ’ਚ ਨਵੀਆਂ ਐੱਲਈਡੀ ਲਾਈਟਾਂ, ਹੈਲਥ ਬ੍ਰਾਂਚ, ਹੋਰਟੀਕਲਚਰ ਬ੍ਰਾਂਚ ਤੇ ਵਰਕਸ਼ਾਪ ਬ੍ਰਾਂਚ ’ਚ ਆਊਟਸੋਰਸਿੰਗ ਰਾਹੀਂ ਸਟਾਫ ਭਰਤੀ ਕਰਨ ਦੇ ਟੈਂਡਰਾਂ ਨੂੰ ਮਨਜ਼ੂਰੀ ਦਿੱਤੀ ਹੈ। ਸੁਭਾਨਾ ਪਿੰਡ ਦੇ ਭਗਵਾਨ ਵਾਲਮੀਕਿ ਮੰਦਰ ਤੇ ਟਾਵਰ ਟਾਊਨ ਖੁਰਲਾ ਕਿੰਗਰਾ ’ਚ ਨਵੇਂ ਟਿਊਬਵੈੱਲ ਲਗਾਉਣ ਦੇ ਪ੍ਰਸਤਾਵ ਵੀ ਮਨਜ਼ੂਰ ਕੀਤੇ ਗਏ ਹਨ। ਸੁਪਰ ਸਕਸ਼ਨ ਮਸ਼ੀਨ ਰਾਹੀਂ ਭਾਰਗੋ ਕੈਂਪ ਤੇ ਆਲੇ-ਦੁਆਲੇ ਦੇ ਇਲਾਕਿਆਂ, ਕੈਂਟ ਦੇ 11 ਪਿੰਡਾਂ ’ਚ ਸੀਵਰੇਜ ਸਫਾਈ ਕੀਤੀ ਜਾਵੇਗੀ। ਸਰਕਾਰ ਦੀ 17.40 ਕਰੋੜ ਰੁਪਏ ਦੀ ਸਪੈਸ਼ਲ ਅਸਿਸਟੈਂਸ ਗ੍ਰਾਂਟ ਨਾਲ ਵਾਰਡ ਨੰਬਰ 1, 2, 3, 4, 10, 12, 18, 37, 38 ਤੇ 81 ’ਚ ਸੜਕਾਂ ਦਾ ਨਿਰਮਾਣ ਹੋਵੇਗਾ। ਕੂੜਾ ਲਿਫਟਿੰਗ ਲਈ ਹੁੱਕ ਲੋਡਰ ਮਸ਼ੀਨ ਤੇ 31 ਲੱਖ ਰੁਪਏ ਨਾਲ 8 ਵਾਟਰ ਟੈਂਕ ਖਰੀਦਣ ਦੇ ਟੈਂਡਰਾਂ ਨੂੰ ਵੀ ਮਨਜ਼ੂਰੀ ਮਿਲੀ ਹੈ। ਬਿਸਤਰ ਦੋਆਬ ਨਹਿਰ ਦੀ ਸਫਾਈ ਦਾ ਕੰਮ ਕੀਤਾ ਜਾਵੇਗਾ। ਵੱਖ-ਵੱਖ ਇਲਾਕਿਆਂ ’ਚ ਪਾਣੀ ਤੇ ਸੀਵਰੇਜ ਦੀਆਂ ਪਾਈਪਲਾਈਨਾਂ ਵਿਛਾਈਆਂ ਜਾਣਗੀਆਂ। --------------------- ਸੜਕਾਂ ਦੇ ਨਿਰਮਾਣ ਕਾਰਜ : ਡੀਸੀ ਦਫ਼ਤਰ ਤੋਂ ਬੀਐੱਮਸੀ ਚੌਕ, ਡੀਸੀ ਦਫ਼ਤਰ ਦੇ ਆਲੇ–ਦੁਆਲੇ ਇਲਾਕਿਆਂ ’ਚ ਇੰਟਰਲਾਕਿੰਗ ਟਾਈਲਾਂ, ਰਸੀਲਾ ਨਗਰ, ਆਬਾਦਪੁਰਾ, ਰਾਜ ਨਗਰ, ਮਨਜੀਤ ਨਗਰ, ਵਾਰਡ ਨੰਬਰ 62 ’ਚ ਮਧੁਬਨ ਕਾਲੋਨੀ ਪਾਰਕ ਰੋਡ, ਭਸੀਨ ਮੈਡੀਕਲ ਸਟੋਰ ਰੋਡ, ਕਬੀਰ ਮੰਦਰ ਰੋਡ ਸਮੇਤ 8 ਤੋਂ ਵੱਧ ਗਲੀਆਂ, ਵਾਰਡ ਨੰਬਰ 56 ਪੰਜਾਬ ’ਚ ਨਿਊ ਹਰਬੰਸ ਨਗਰ ਦੀਆਂ ਗਲੀਆਂ, ਦਿਲਬਾਗ ਨਗਰ, ਵਾਰਡ ਨੰਬਰ 63 ’ਚ ਰੋਜ਼ ਪਾਰਕ, ਫੋਕਲ ਪੁਆਇੰਟ ਐਕਸਟੈਂਸ਼ਨ, ਬਾਬਾ ਮੋਹਨ ਦਾਸ ਨਗਰ, ਖੁਖਰੈਨ ਐਨਕਲੇਵ, ਬੀਡੀਏ ਐਨਕਲੇਵ, ਗੁਰਜੈਪਾਲ ਨਗਰ, ਵਾਰਡ ਨੰਬਰ 70 ’ਚ ਜੈਨ ਮਾਰਕੀਟ ਰੋਡ, ਮਖਦੂਮਪੁਰਾ, ਬੀਐੱਸਐੱਫ ਕਾਲੋਨੀ, ਗੁਰੂ ਨਾਨਕ ਨਗਰ, ਪ੍ਰੀਤ ਹੋਟਲ ਤੋਂ ਸਿੱਕਾ ਚੌਕ, ਮਲਿਕ ਨਗਰ, ਗੁਰੂ ਗੋਬਿੰਦ ਸਿੰਘ ਐਨਕਲੇਵ, ਸੂਰਿਆ ਐਨਕਲੇਵ, ਮੋਤੀ ਬਾਗ, ਵਾਰਡ ਨੰਬਰ 8 ਦੇ ਨਿਊ ਦਸ਼ਮੇਸ਼ ਨਗਰ, ਵਾਰਡ ਨੰਬਰ 9 ’ਚ ਓਲਡ ਲੱਦੇਵਾਲੀ ਰੋਡ ਤੋਂ ਓਲਡ ਬੇਅੰਤ ਨਗਰ, ਵਾਰਡ ਨੰਬਰ 5 ’ਚ ਸਿਲਵਰ ਐਨਕਲੇਵ, ਧੰਨੋਵਾਲੀ, ਗੁਰੂ ਨਾਨਕਪੁਰਾ ਵੈਸਟ, ਕਮਲ ਵਿਹਾਰ ਤੋਂ ਬਸ਼ੀਰਪੁਰਾ ਤੇ ਚੌਗਿੱਟੀ ਆਦਿ ਇਲਾਕਿਆਂ ’ਚ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ।