ਪੰਜਾਬ ’ਚ ਚਾਰ ਰਾਜਨੀਤਿਕ ਪਾਰਟੀਆਂ (ਆਪ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ) ਸਿਆਸਤ ਵਿੱਚ ਹਨ। ਇਨ੍ਹਾਂ ਵਿੱਚੋਂ ਇੱਕ ਖੇਤਰੀ ਪਾਰਟੀ ਹੈ ਅਤੇ ਬਾਕੀ ਤਿੰਨ ਰਾਸ਼ਟਰੀ ਪੱਧਰ ਦੀਆਂ ਪਾਰਟੀਆਂ ਹਨ। ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਗਏ ਵੱਡੇ ਫੇਰਬਦਲ ਨੇ ਸਿਆਸੀ ਚਰਚਾ ਦੀ ਹਵਾ ਦਾ ਰੁਖ ਮਾਲਵੇ ਵੱਲ ਕਰ ਦਿੱਤਾ ਹੈ, ਭਾਵ ਕਿ ਪੰਜਾਬ ਦੀ ਸੱਤਾ ਅਤੇ ਜਥੇਬੰਦਕ ਕਮਾਨ ਹੁਣ ਪੂਰੀ ਤਰ੍ਹਾਂ 'ਮਾਲਵਾ ਕੇਂਦਰਿਤ' ਹੋ ਚੁੱਕੀ ਹੈ।

ਤੇਜਿੰਦਰ ਕੌਰ ਥਿੰਦ, ਜਲੰਧਰ : ਪੰਜਾਬ ਦੀ ਸਿਆਸਤ ਵਿੱਚ ਮਾਲਵਾ ਖਿੱਤੇ ਦਾ ਦਬਦਬਾ ਲਗਾਤਾਰ ਵਧਦਾ ਜਾ ਰਿਹਾ ਹੈ। ਸੂਬੇ ਦੀਆਂ ਚਾਰੋਂ ਮੁੱਖ ਪਾਰਟੀਆਂ ਦੀ ਕਮਾਨ ਇਸ ਵੇਲੇ ਮਾਲਵਾ ਖੇਤਰ ਨਾਲ ਸੰਬੰਧਿਤ ਆਗੂਆਂ ਦੇ ਹੱਥ ਵਿੱਚ ਨਜ਼ਰ ਆ ਰਹੀ ਹੈ। ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਇਹ ਚਰਚਾ ਹੋਰ ਤੇਜ਼ ਹੋ ਗਈ ਹੈ ਕਿ ਮਾਝਾ ਅਤੇ ਦੁਆਬਾ ਹੁਣ ਸਿਆਸੀ ਤੌਰ ‘ਤੇ ਹਾਸ਼ੀਏ ‘ਤੇ ਧੱਕੇ ਜਾ ਰਹੇ ਹਨ।
ਪੰਜਾਬ ’ਚ ਚਾਰ ਰਾਜਨੀਤਿਕ ਪਾਰਟੀਆਂ (ਆਪ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ) ਸਿਆਸਤ ਵਿੱਚ ਹਨ। ਇਨ੍ਹਾਂ ਵਿੱਚੋਂ ਇੱਕ ਖੇਤਰੀ ਪਾਰਟੀ ਹੈ ਅਤੇ ਬਾਕੀ ਤਿੰਨ ਰਾਸ਼ਟਰੀ ਪੱਧਰ ਦੀਆਂ ਪਾਰਟੀਆਂ ਹਨ। ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਗਏ ਵੱਡੇ ਫੇਰਬਦਲ ਨੇ ਸਿਆਸੀ ਚਰਚਾ ਦੀ ਹਵਾ ਦਾ ਰੁਖ ਮਾਲਵੇ ਵੱਲ ਕਰ ਦਿੱਤਾ ਹੈ, ਭਾਵ ਕਿ ਪੰਜਾਬ ਦੀ ਸੱਤਾ ਅਤੇ ਜਥੇਬੰਦਕ ਕਮਾਨ ਹੁਣ ਪੂਰੀ ਤਰ੍ਹਾਂ 'ਮਾਲਵਾ ਕੇਂਦਰਿਤ' ਹੋ ਚੁੱਕੀ ਹੈ। ਇਹ ਪਹਿਲੀ ਵਾਰ ਹੈ ਕਿ ਭਾਜਪਾ ਨੇ ਕਿਸੇ 'ਜੱਟ ਸਿੱਖ' ਚਿਹਰੇ ਨੂੰ ਪੰਜਾਬ ਦੀ ਪ੍ਰਧਾਨਗੀ ਸੌਂਪੀ ਹੈ, ਜੋ ਕਿ ਪਾਰਟੀ ਦੀ ਰਵਾਇਤੀ 'ਸ਼ਹਿਰੀ ਹਿੰਦੂ' ਸਿਆਸਤ ਤੋਂ ਹਟ ਕੇ ਇੱਕ ਨਵੀਂ ਰਣਨੀਤੀ ਦਾ ਸੰਕੇਤ ਹੈ।
ਇਸ ਸਭ ਕਾਸੇ ਨਾਲ ਨਵੇਂ ਸਮੀਕਰਣ ਵੀ ਸਾਹਮਣੇ ਆਏ ਹਨ। ਮੌਜੂਦਾ ਤਸਵੀਰ ਦੇਖੀਏ ਤਾਂ ਪੰਜਾਬ ਦੀ ਸਿਆਸਤ ਵਿਚ ਸਾਰੀਆਂ ਪਾਰਟੀਆਂ ਨੂੰ ਮਾਲਵੇ ਦੇ ਸਿਆਸੀ ਆਗੂਆਂ ਉੱਤੇ ਹੀ ਭਰੋਸਾ ਜਾਪਦਾ ਹੈ । ਜੇਕਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੀ ਗੱਲ ਕਰੀਏ ਤਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਨ ਤੇ ਹੁਣ ਮੌਜੂਦਾ ਪ੍ਰਧਾਨ ਅਮਨ ਅਰੋੜਾ ਹਨ, ਦੋਵੇਂ ਹੀ ਮਾਲਵੇ ਦੇ ਸੰਗਰੂਰ ਤੇ ਸੁਨਾਮ ਹਲਕੇ ਨਾਲ ਸੰਬੰਧਿਤ ਹਨ। ਇਸ ਦੇ ਨਾਲ ਹੀ ਜੇ ਗੱਲ ਕਰੀਏ ਭਾਜਪਾ ਵੱਲੋਂ ਚੁਣੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਜੋ ਬਰਨਾਲਾ ਹਲਕੇ ਨਾਲ ਸਬੰਧ ਰੱਖਦੇ ਹਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ ਵਿਚੋਂ ਇੱਕ ਸਨ। ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਮਾਲਵਾ ਦੇ ਫਾਜ਼ਿਲਕਾ-ਅਬੋਹਰ ਨਾਲ ਸੰਬੰਧਿਤ ਹਨ, ਜੋ ਕਿਸੇ ਵੇਲੇ ਪੰਜਾਬ ਕਾਂਗਰਸ ਦੇ ਲੰਬਾ ਸਮਾਂ ਪ੍ਰਧਾਨ ਰਹੇ ਤੇ ਚੰਗੀ ਸਿਆਸੀ ਸੂਝ ਦੇ ਮਾਲਕ ਹਨ। ਇਸੇ ਤਰ੍ਹਾਂ ਜੇ ਝਾਤ ਮਾਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਿ ਮਾਲਵਾ ਖਿੱਤੇ ਦੇ ਮੁਕਤਸਰ ਹਲਕੇ ਨਾਲ ਸੰਬੰਧਿਤ ਹਨ ਤੇ ਇਸੇ ਤਰ੍ਹਾਂ ਹੀ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮਾਲਵਾ ਦੇ ਗਿੱਦੜਬਾਹਾ ਦੇ ਹਨ ਤ੍ ਆਪਣੀਆਂ ਸਿਆਸੀ ਟਿੱਪਣੀਆਂ ਕਰਕੇ ਚਰਚਾ ਵਿਚ ਰਹਿੰਦੇ ਹਨ।
ਭਾਜਪਾ ਵੱਲੋਂ ਫੇਰਬਦਲ ਨਾਲ ਕਾਂਗਰਸ ਵਿਚ ਵੀ ਹਲਚਲ ਪੈਦਾ ਹੋ ਗਈ ਹੈ। ਕਾਂਗਰਸ ਹਾਈਕਮਾਨ ਨੇ ਵੀ ਆਪਣੀ ਸੂਬਾ ਲੀਡਰਸ਼ਿਪ ਦੇ ਰਾਜਾ ਵੜਿੰਗ ਸਮੇਤ ਪੰਜ ਵੱਡੇ ਦਿਗਜਾਂ ਨੂੰ ਦਿੱਲੀ ਤਲਬ ਕਰ ਲਿਆ ਹੈ, ਜੋ ਵੱਡੇ ਫੇਰਬਦਲ ਦਾ ਸੰਕੇਤ ਹੈ। ਸੂਤਰਾਂ ਅਨੁਸਾਰ, ਸੰਗਰੂਰ ਦੇ ਵਿਜੈ ਇੰਦਰ ਸਿੰਗਲਾ ਦਾ ਨਾਂ ਪ੍ਰਧਾਨਗੀ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ। ਹਾਲਾਂਕਿ ਦੁਆਬੇ ਦੇ ਪਰਗਟ ਸਿੰਘ ਦਾ ਨਾਂ ਵੀ ਚਰਚਾ ਵਿੱਚ ਹੈ, ਪਰ ਜੇਕਰ ਸਿੰਗਲਾ ਦੀ ਨਿਯੁਕਤੀ ਹੁੰਦੀ ਹੈ ਤਾਂ ਪੰਜਾਬ ਦੀਆਂ ਚਾਰੇ ਮੁੱਖ ਪਾਰਟੀਆਂ ਦੇ ਪ੍ਰਧਾਨ ਮਾਲਵਾ ਖਿੱਤੇ ਤੋਂ ਹੋਣਗੇ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਮਾਝੇ ਤੇ ਦੁਆਬੇ ਦੇ ਹੋਣਹਾਰ ਆਗੂਆਂ ਉਤੇ ਪਾਰਟੀ ਹਾਈਕਮਾਨ ਆਪਣਾ ਭਰੋਸਾ ਕਿਉਂ ਨਹੀ ਕਰ ਪਾ ਰਹੀਆਂ। ਜਦਕਿ ਕਾਂਗਰਸ ਵਿਚ ਪ੍ਰਤਾਪ ਸਿੰਘ ਬਾਜਵਾ, ਸੁਖਵਿੰਦਰ ਸਿੰਘ ਰੰਧਾਵਾ ਵੀ ਮਾਝੇ ਦੇ ਕੱਦਾਵਰ ਆਗੂ ਹਨ। ਇਸ ਦੇ ਨਾਲ ਹੀ ਭਾਜਪਾ ਦੇ ਪਠਾਨਕੋਟ ਤੋਂ ਅਸ਼ਵਨੀ ਸ਼ਰਮਾ ਤੇ ਅੰਮ੍ਰਿਤਸਰ ਦੇ ਤਰੁਣ ਚੁੱਘ ਤੇ ਦੁਆਬੇ ਤੋਂ ਵਿਜੇ ਸਾਂਪਲਾ ਵੀ ਸਿਆਸਤ ਦੀਆਂ ਨਾਮੀ ਹਸਤੀਆਂ ਹਨ। ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਬਿਕਰਮ ਸਿੰਘ ਮਜੀਠੀਆ ਤੇ ਵਿਰਸਾ ਸਿੰਘ ਵਲਟੋਹਾ ਮਾਝੇ ਦੇ ਸਿਪਾਹਸਲਾਰ ਹਨ, ਗਰਮਖਿਆਲੀ ਹਨ ਤੇ ਚੰਗਾ ਦਬਦਬਾ ਰੱਖਦੇ ਹਨ ।
ਸ਼ਾਇਦ ਸਾਰੀਆਂ ਪਾਰਟੀਆਂ ਦੀਆਂ ਹਾਈ-ਕਮਾਨ ਇਸ ਲਈ ਮਾਲਵਾ ਖਿੱਤੇ ਨੂੰ ਤਰਜੀਹ ਦੇ ਰਹੀਆਂ ਹਨ ਕਿ ਪੰਜਾਬ ਦੀਆਂ 117 ਵਿੱਚੋਂ 69 ਵਿਧਾਨ ਸਭਾ ਸੀਟਾਂ ਇਸੇ ਖੇਤਰ ‘ਚ ਹਨ। ਲਗਾਤਾਰ ਇੱਕੋ ਖਿੱਤੇ ਨੂੰ ਤਰਜੀਹ ਦੇਣ ਨਾਲ ਮਾਝੇ ਅਤੇ ਦੁਆਬੇ ਦੇ ਵਰਕਰਾਂ ਵਿੱਚ ਨਿਰਾਸ਼ਾ ਪੈਦਾ ਹੋ ਸਕਦੀ ਹੈ। ਕੀ ਇਹ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਖੇਤਰੀ ਤਜ਼ਰਬਾ ਹੋ ਰਿਹਾ ਹੈ? ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਕਾਂਗਰਸ ਵਿਚ ਹੋਣ ਵਾਲੀ ਰੱਦੋਬਦਲ ਤੇ ਆਉਣ ਵਾਲੀਆਂ ਚੋਣਾਂ ਦੇ ਨਤੀਜੇ ਹੀ ਦੇਣਗੇ।