ਸਤਿਗੁਰੂ ਰਵਿਦਾਸ ਮਹਾਰਾਜ ਦੀ 650 ਸਾਲਾ ਜਨਮ ਸ਼ਤਾਬਦੀ ਮਨਾਵੇ ਪੰਜਾਬ ਸਰਕਾਰ : ਕੋਟਲੀ
ਸਤਿਗੁਰੂ ਰਵਿਦਾਸ ਮਹਾਰਾਜ ਦੀ 650 ਸਾਲਾ ਜਨਮ ਸ਼ਤਾਬਦੀ ਮਨਾਵੇ ਪੰਜਾਬ ਸਰਕਾਰ : ਕੋਟਲੀ
Publish Date: Tue, 30 Dec 2025 09:31 PM (IST)
Updated Date: Tue, 30 Dec 2025 09:35 PM (IST)

-ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਰੱਖੀ ਮੰਗ -ਕਿਹਾ, ਨਵੇਂ ਸਾਲ ਦੇ ਬਜਟ ’ਚ ਸ਼ਤਾਬਦੀ ਸਮਾਗਮਾਂ ਲਈ 650 ਕਰੋੜ ਰੁਪਏ ਰੱਖੇ ਪੰਜਾਬ ਸਰਕਾਰ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਹਲਕਾ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਜਿੱਥੇ ਮਨਰੇਗਾ ਸਕੀਮ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਗਿਆ, ਉਥੇ ਹੀ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ 2026-2027 ਨੂੰ ਸ਼ਤਾਬਦੀ ਵਰ੍ਹੇ ਵਜੋਂ ਸਰਕਾਰੀ ਪੱਧਰ ’ਤੇ ਮਨਾਉਣ ਦੀ ਮੰਗ ਵਿਸ਼ੇਸ਼ ਤੌਰ ’ਤੇ ਉਠਾਈ ਗਈ। ਵਿਧਾਇਕ ਕੋਟਲੀ ਨੇ ਕਿਹਾ ਕਿ ਜਿੱਥੇ ਬੀਤੇ ਸਾਲਾਂ ’ਚ ਕਾਂਗਰਸ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਤੇ ਮੌਜੂਦਾ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਬੜੀ ਸ਼ਰਧਾ ਭਾਵਨਾ ਨਾਲ ਸਰਕਾਰੀ ਪੱਧਰ ’ਤੇ ਪੂਰੇ ਸੂਬੇ ਅੰਦਰ ਮਨਾਈ ਗਈ। ਉਸੇ ਤਰ੍ਹਾਂ ਹੁਣ ਆਉਣ ਵਾਲੀ ਪਹਿਲੀ ਫਰਵਰੀ 2026 ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ਮੌਕੇ ਆ ਰਹੇ 650 ਸਾਲਾ ਸ਼ਤਾਬਦੀ ਵਰ੍ਹੇ ਦਾ ਆਰੰਭ ਹੋ ਰਿਹਾ ਹੈ, ਉਸ ਨੂੰ ਸਰਕਾਰੀ ਤੌਰ ’ਤੇ ਵੱਡੇ ਪੱਧਰ ਉਪਰ ਮਨਾਇਆ ਜਾਵੇ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ ਇਹ ਉਪਰਾਲਾ ਸਮਾਜ ਦੀ ਮੰਗ ਹੈ ਤਾਂ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਫ਼ਲਸਫ਼ੇ ਬਾਰੇ ਵਿਸ਼ਵ ਪੱਧਰ ’ਤੇ ਜਾਗਰੂਕਤਾ ਫੈਲਾਈ ਜਾ ਸਕੇ। ਇਸ ਲਈ ਸਮਾਜ ਦੀ ਭਲਾਈ ਤੇ ਉੱਨਤੀ ਲਈ 650 ਕਰੋੜ ਇਸ ਵਾਰ ਬਜਟ ਵਿਚ ਰੱਖੇ ਕਿਉਂ 2027 ਵਿਚ ਉਨ੍ਹਾਂ ਦੇ ਪ੍ਰਕਾਸ਼ ਉਤਸਵ ਸਮੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਅਤੇ ਚੋਣ ਜ਼ਾਬਤਾ ਲੱਗਾ ਹੋਵੇਗਾ। ਉਨ੍ਹਾਂ ਵਿਧਾਨ ਸਭਾ ’ਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਗੇ ਆਪਣੀ ਮੰਗ ਰੱਖਦਿਆਂ ਬੇਨਤੀ ਕੀਤੀ ਇਸ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਵਿਸ਼ਵ ਪੱਧਰ ’ਤੇ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਮੌਕੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਰਾਹੀਂ ਕੇਂਦਰ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਉਹ ਵੀ 6500 ਕਰੋੜ ਦਾ ਬਜਟ ਦੇਸ਼ ਭਰ ’ਚ ਸਮਾਜ ਦੀ ਭਲਾਈ ਲਈ ਰੱਖੇ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕਰੇ। ਉਨ੍ਹਾਂ ਕਿਹਾ ਕਿ ਉਹ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਦੋਨੋਂ ਸਰਕਾਰਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ’ਤੇ ਜਨ ਕਲਿਆਣ ਯੋਜਨਾਵਾਂ ਦਾ ਆਰੰਭ ਕਰਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੁਆਬੇ ਅੰਦਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ’ਤੇ ਯੂਨੀਵਰਸਿਟੀ ਅਤੇ ਏਮਜ਼ ਦੀ ਤਰਜ਼ ’ਤੇ ਹਸਪਤਾਲ ਸਥਾਪਤ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਬਾਹਗਾ ਸਮੇਤ ਹੋਰ ਸਾਥੀ ਮੌਜੂਦ ਸਨ।