ਪ੍ਰਾਪਰਟੀ ਟੈਕਸ ਵਸੂਲੀ ਲਈ ਬਣਾਈਆਂ 5 ਖਾਸ ਟੀਮਾਂ
ਪ੍ਰਾਪਰਟੀ ਟੈਕਸ ਪ੍ਰਤੀ ਪ੍ਰਸ਼ਾਸਨ ਹੋਇਆ ਸਖ਼ਤ, ਵਸੂਲੀ ਲਈ 5 ਵਿਸ਼ੇਸ਼ ਟੀਮਾਂ ਬਨਾਈਆਂ ਗਈਆਂ
Publish Date: Wed, 14 Jan 2026 07:23 PM (IST)
Updated Date: Wed, 14 Jan 2026 07:24 PM (IST)

-31 ਜਨਵਰੀ ਤਕ ਵਸੂਲੀ ਦਾ ਟੀਚਾ ਕਰਨਾ ਹੋਵੇਗਾ ਪੂਰਾ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਪ੍ਰਸ਼ਾਸਨ ਹੁਣ ਪ੍ਰਾਪਰਟੀ ਟੈਕਸ ਦੀ ਵਸੂਲੀ ਪ੍ਰਤੀ ਸਖ਼ਤ ਹੋਇਆ ਹੈ ਤੇ ਉਸ ਨੇ ਵਸੂਲੀ ਵਧਾਉਣ ਲਈ 5 ਵਿਸ਼ੇਸ਼ ਟੀਮਾ ਬਣਾਈਆਂ ਹਨ। ਬ੍ਰਾਂਚ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜਿਸ ਇਲਾਕੇ ਦੇ ਇੰਸਪੈਕਟਰ ਦੀ ਵਸੂਲੀ ਘੱਟ ਹੋਵੇਗੀ ਤਾਂ ਉਸ ਦੀ ਅਤੇ ਉਸ ਨਾਲ ਚੱਲਣ ਵਾਲੇ ਸੇਵਾਦਾਰ ਦੀ ਬਦਲੀ ਦੂਜੀ ਬ੍ਰਾਂਚ ’ਚ ਕਰ ਦਿੱਤੀ ਜਾਵੇਗੀ। ਬੁੱਧਵਾਰ ਨੂੰ ਇਸ ਸਬੰਧੀ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਨੇ ਪ੍ਰਾਪਰਟੀ ਟੈਕਸ ਬ੍ਰਾਂਚ ਦੀ ਮੀਟਿੰਗ ਬੁਲਾਈ, ਜਿਸ ’ਚ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ, ਸੁਪਰਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ, ਰਾਜੀਵ ਰਿਸ਼ੀ ਤੇ ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ ਆਦਿ ਸ਼ਾਮਲ ਹੋਏ। ਮੀਟਿੰਗ ’ਚ ਪ੍ਰਾਪਰਟੀ ਟੈਕਸ ਬ੍ਰਾਂਚ ਦੀ ਹੁਣ ਤੱਕ ਦੀ ਹੋਈ ਵਸੂਲੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ’ਚ ਕਮਰਸ਼ੀਅਲ ਪ੍ਰਾਪਰਟੀਆਂ ਤੋਂ ਵਸੂਲੀ ਤੇਜ਼ੀ ਨਾਲ ਕਰਨ ਦੀ ਹਦਾਇਤ ਕੀਤੀ ਗਈ ਅਤੇ ਉਨ੍ਹਾਂ ਦੀ ਬਕਾਇਦਾ ਚੈਕਿੰਗ ਦੇ ਹੁਕਮ ਦਿੱਤੇ ਗਏ। ਸ਼ਹਿਰ ’ਚ ਟੈਕਸਯੋਗ ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂ ਦੀ ਗਿਣਤੀ 1,85,000 ਹੈ, ਜਿਨ੍ਹਾਂ ’ਚੋਂ ਸਿਰਫ 85,000 ਲੋਕ ਹੀ ਪ੍ਰਾਪਰਟੀ ਟੈਕਸ ਭਰ ਰਹੇ ਹਨ ਜਦੋਂਕਿ 1 ਲੱਖ ਦੇ ਕਰੀਬ ਲੋਕ ਟੈਕਸ ਨਹੀਂ ਭਰ ਰਹੇ। ਇਨ੍ਹਾਂ ਵਿਚ ਬਹੁਤੇ ਰਿਹਾਇਸ਼ੀ ਜਾਇਦਾਦਾਂ ਦੇ ਟੈਕਸਯੋਗ ਲੋਕ ਸ਼ਾਮਲ ਹਨ। --- ਘਰ-ਘਰ ਜਾਣਗੀਆਂ ਟੀਮਾਂ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਜਿਹੜੀਆਂ 5 ਟੀਮਾਂ ਬਣਾਈਆਂ ਗਈਆਂ ਹਨ, ਉਹ ਹੁਣ ਕਮਰਸ਼ੀਅਲ ਦੇ ਨਾਲ ਨਾਲ ਘਰਾਂ ਦੇ ਪ੍ਰਾਪਰਟੀ ਟੈਕਸ ਦੀ ਚੈਕਿੰਗ ਵੀ ਕਰੇਗੀ। ਇਹ ਪਤਾ ਲੱਗਾ ਹੈ ਕਿ ਘਰੇਲੂ ਪ੍ਰਾਪਰਟੀ ਟੈਕਸ ਦੇ ਵੀ ਕਈ ਡਿਫਾਲਟਰ ਹਨ ਅਤੇ ਉਨ੍ਹਾਂ ਦਾ ਘਰ-ਘਰ ਜਾ ਕੇ ਹੀ ਪਤਾ ਲਾਇਆ ਜਾਏਗਾ। ਮੌਜੂਦਾ ਸਮੇ ਦੌਰਾਨ ਘਰਾਂ ਦੇ ਬਾਹਰ ਹੁਣ ਯੂਆਈਡੀ ਪਲੇਟਾਂ ਲੱਗ ਚੁਕੀਆਂ ਹਨ ਅਤੇ ਉਂਨ੍ਹਾਂ ਦੀ ਸਹਾਇਤਾ ਨਾਲ ਚੈਕਿੰਗ ਸਟਾਫ ਨੂੰ ਪਤਾ ਚਲ ਜਾਏਗਾ ਕਿ ਸੰਬਧਤ ਘਰ ਦਾ ਪ੍ਰਾਪਰਟੀ ਟੈਕਸ ਕਦੋਂ ਦਾ ਬਕਾਇਆ ਹੈ ਅਤੇ ਉਸ ਤੋਂ ਮੌਕੇ ਤੇ ਹੀ ਵਸੂਲੀ ਕਰਨ ਦੀ ਕੋਸ਼਼ਿਸ਼ ਕੀਤੀ ਜਾਵੇਗੀ ਅਤੇ ਉਹ ਮੌਕੇ ’ਤੇ ਅਦਾਇਗੀ ਨਹੀਂ ਕਰਦਾ ਤਾਂ ਉਸ ਨੂੰ ਬਕਾਇਦਾ ਨੋਟਿਸ ਦਿੱਤਾ ਜਾਵੇਗਾ, ਜਿਸ ’ਚ 3 ਦਿਨ ਦਾ ਸਮਾਂ ਟੈਕਸ ਦੀ ਅਦਾਇਗੀ ਕਰਨ ਦਾ ਦਿੱਤਾ ਜਾਏਗਾ। --- ਚੰਡੀਗੜ੍ਹ ਤੋਂ ਆਈ ਡਿਫਾਲਟਰਾਂ ਦੀ ਸੂਚੀ ਪ੍ਰਾਪਰਟੀ ਟੈਕਸ ਬ੍ਰਾਂਚ ਨੂੰ ਦੋ ਹਫਤੇ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਤੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਸੂਚੀ ਵੀ ਭੇਜੀ ਗਈ ਸੀ ਤੇ ਡਿਫਾਲਟਰਾਂ ਤੋਂ ਤੇਜ਼ੀ ਨਾਲ ਟੈਕਸ ਵਸੂਲੀ ’ਤੇ ਜ਼ੋਰ ਦਿੱਤਾ ਗਿਆ ਸੀ ਤੇ ਹਦਾਇਤ ਕੀਤੀ ਗਈ ਸੀ ਡਿਫਾਲਟਰਾਂ ਦੀਆਂ ਕਮਰਸ਼ੀਅਲ ਇਮਾਰਤਾਂ ਦੀ ਸੀਲਿੰਗ ਕੀਤੀ ਜਾਵੇ, ਜਿਸ ਨੂੰ ਦੇਖਦੇ ਹੋਏ ਹੀ ਨਿਗਮ੍ਰ ਪ੍ਰਸ਼ਾਸਨ ਸਖਤ ਹੋਇਆ ਹੈ ਅਤੇ ਸੰਯੁਕਤ ਕਮਿਸ਼ਨਰ ਨੇ ਚਿਤਾਵਨੀ ਦਿੱਤੀ ਹੈ ਕਿ 31 ਜਨਵਰੀ ਤਕ ਜਿਨ੍ਹਾਂ ਇੰਸਪਿੈਕਟਰਾਂ ਦੀ ਵਸੂਲੀ ਘਟ ਹੋਈ ਤਾਂ ਉਨ੍ਹਾਂ ਦਾ ਤਬੁਾਦਲਾ ਦੂਜੀ ਬ੍ਰਾਂਚ ’ਚ ਕਰ ਦਿੱਤਾ ਜਾਏਗਾ। --- ਬਜਟ ਟੀਚਾ 80 ਕਰੋੜ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਬ੍ਰਾਂਚ ਦਾ ਸਾਲ 2025-26 ਦਾ ਬਜਟ ਟੀਚਾ 80 ਕਰੋੜ ਰੱਖਿਆ ਹੈ, ਜਿਸ ਨੂੰ ਪੂਰਾ ਕਰਨ ਦਾ ਯਤਨ ਕਰਨ ਲਈ ਹੀ 5 ਵਿਸ਼ੇਸ਼ ਵਸੂਲੀ ਟੀਮਾਂ ਕਾਇਮ ਕੀਤੀਆਂ ਗਈਆਂ ਹਨ। ਇਸ ਸਮੇਂ ਪ੍ਰਾਪਰਟੀ ਟੈਕਸ ਦੀ ਵਸੂਲੀ ਲਗਪਗ 45 ਕਰੋੜ ਰੁਪਏ ਦੀ ਹੋ ਚੁੱਕੀ ਹੈ ਅਤੇ 31 ਮਾਰਚ ਤੱਕ ਦਾ ਸਮਾਂ ਟੈਕਸ ਬ੍ਰਾਂਚ ਕੋਲ ਹੈ। --- ਕੌਂਸਲਰਾਂ ਤੇ ਹਲਕਾ ਇੰਚਾਰਜਾਂ ਦਾ ਸਹਿਯੋਗ ਜ਼ਰੂਰੀ ਮੀਟਿੰਗ ’ਚ ਪਾ੍ਪਰਟੀ ਟੈਕਸ ਦੀ ਵਸੂਲੀ ਲਈ ਸੰਯੁਕਤ ਕਮਿਸ਼ਨਰ ਨੇ ਵਾਰਡ ਕੌਂਸਲਰਾਂ ਅਤੇ ਹਲਕਾ ਇੰਚਾਰਜਾਂ ਤੋਂ ਵੀ ਸਹਿਯੋਗ ਲੈਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਨੇ ਟੈਕਸ ਬ੍ਰਾਂਚ ਨੂੰ ਕਿਹਾ ਹੈ ਕਿ ਟੈਕਸ ਦੀ ਵਸੂਲੀ ਲਈ ਹਰ ਵਾਰਡ ਦੇ ਕੌਂਸਲਰ ਅਤੇ ਹਲਕਾ ਇੰਚਾਰਜ ਨੂੰ ਭਰੋਸੇ ’ਚ ਲੈ ਕੇ ਉਨ੍ਹਾਂ ਦੇ ਸਹਿਯੋਗ ਨਾਲ ਵਸੂਲੀ ਕੀਤੀ ਜਾਵੇ। ਅਜਿਹਾ ਕਰਨ ਨਾਲ ਲੋਕ ਟੈਕਸ ਦੀ ਅਦਾਇਗੀ ਕਰਨ ’ਚ ਨਾਂਹ-ਨੁੱਕਰ ਨਹੀਂ ਕਰਨਗੇ।