ਸਿਟੀ ਰੇਲਵੇ ਸਟੇਸ਼ਨ ’ਤੇ ਲੱਗਣਗੀਆਂ 45 ਐੱਲਈਡੀ ਸਕ੍ਰੀਨਾਂ
ਸਿਟੀ ਰੇਲਵੇ ਸਟੇਸ਼ਨ ’ਤੇ ਲੱਗਣਗੀਆਂ 45 ਐੱਲਈਡੀ ਸਕ੍ਰੀਨਾਂ, ਯਾਤਰੀਆਂ ਨੂੰ ਮਿਲੇਗੀਆਂ ਰੇਲ ਸੁਵਿਧਾਵਾਂ ਬਾਰੇ ਜਾਣਕਾਰੀਆਂ
Publish Date: Wed, 26 Nov 2025 08:27 PM (IST)
Updated Date: Thu, 27 Nov 2025 04:06 AM (IST)

ਯਾਤਰੀਆਂ ਨੂੰ ਮਿਲੇਗੀਆਂ ਰੇਲ ਸੁਵਿਧਾਵਾਂ ਬਾਰੇ ਜਾਣਕਾਰੀਆਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਟੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀਆਂ ਸੁਵਿਧਾਵਾਂ ਨੂੰ ਧਿਆਨ ’ਚ ਰੱਖਦਿਆਂ 45 ਐੱਲਈਡੀ ਸਕ੍ਰੀਨਾਂ ਲਗਾਈਆਂ ਜਾਣਗੀਆਂ। ਇਨ੍ਹਾਂ ’ਤੇ ਯਾਤਰੀਆਂ ਨੂੰ ਰੇਲ ਨਾਲ ਸਬੰਧਤ ਸੁਵਿਧਾਵਾਂ, ਸਮੱਸਿਆਵਾਂ ਬਾਰੇ ਹੈਲਪਲਾਈਨ ਨੰਬਰਾਂ ਸਮੇਤ ਹੋਰ ਮਹੱਤਵਪੂਰਨ ਜਾਣਕਾਰੀਆਂ ਲਗਾਤਾਰ ਡਿਸਪਲੇ ਹੁੰਦੀਆਂ ਰਹਿਣਗੀਆਂ। ਇਨ੍ਹਾਂ ਐੱਲਸੀਡੀਜ਼ ਰਾਹੀਂ ਰੇਲਵੇ ਆਪਣੀ ਆਮਦਨੀ ’ਚ ਵੀ ਵਾਧਾ ਕਰੇਗਾ, ਕਿਉਂਕਿ ਇਨ੍ਹਾਂ ’ਤੇ ਵੱਖ-ਵੱਖ ਕੰਪਨੀਆਂ ਦੇ ਵਿਗਿਆਪਨ ਵੀ ਚਲਾਏ ਜਾਣਗੇ। ਇਹ ਸਕ੍ਰੀਨਾਂ ਸਟੇਸ਼ਨ ਦੇ ਅੰਦਰ, ਯਾਨੀ ਕਿ ਪਲੇਟਫਾਰਮ ਨੰਬਰ 1, 2 ਤੇ 3 ’ਤੇ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਤਿੰਨ ਵੱਡੀਆਂ ਸਕ੍ਰੀਨਾਂ ਸਟੇਸ਼ਨ ਦੀ ਮੁੱਖ ਐਂਟਰੀ ’ਤੇ ਵੀ ਲਗਾਈਆਂ ਜਾਣਗੀਆਂ। ਇਨ੍ਹਾਂ ਨੂੰ ਲਗਾਉਣ ਦਾ ਕੰਮ ਇਲੈਕਟ੍ਰਿਕ ਵਿਭਾਗ ਦੀਆਂ ਟੀਮਾਂ ਵੱਲੋਂ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਤੇ ਕੁਨੈਕਸ਼ਨ ਵੀ ਦਿੱਤੇ ਜਾ ਰਹੇ ਹਨ। ਇਨ੍ਹਾਂ ਸਕ੍ਰੀਨਾਂ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਟ੍ਰੇਨਾਂ ਦੀਆਂ ਅਪਡੇਟਸ ਪਹੁੰਚ, ਰਵਾਨਗੀ, ਟਾਈਮ ਟੇਬਲ ਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਰੀਅਲ ਟਾਇਮ ’ਚ ਮੁਹੱਈਆ ਕਰਵਾਉਣਾ ਹੈ। ਇਸ ਨਾਲ ਯਾਤਰੀਆਂ ਨੂੰ ਸਹੂਲਤ ਮਿਲੇਗੀ ਤੇ ਉਹ ਆਪਣੀ ਯਾਤਰਾ ਦੀ ਯੋਜਨਾ ਹੋਰ ਸੁਗਮ ਤਰੀਕੇ ਨਾਲ ਬਣਾ ਸਕਣਗੇ। ਸਟੇਸ਼ਨਾਂ ’ਤੇ ਖ਼ਾਸ ਕਰ ਕੇ ਵੱਡੇ ਸਟੇਸ਼ਨਾਂ ’ਤੇ ਇਨਫਰਮੇਸ਼ਨ ਡਿਸਪਲੇ ਸਿਸਟਮ ਦੀ ਮਹੱਤਤਾ ਵੱਧਦੀ ਜਾ ਰਹੀ ਹੈ। ਰੇਲਵੇ ਵੱਲੋਂ ਇਕ ਹੋਰ ਬੋਤਲ-ਕਰਸ਼ਰ ਮਸ਼ੀਨ ਵੀ ਲਗਾਈ ਗਈ ਹੈ, ਜਿਸ ਨੂੰ ਚਾਲੂ ਕਰਨ ਲਈ ਬਿਜਲੀ ਦਾ ਕਨੈਕਸ਼ਨ ਦਿੱਤਾ ਜਾਣਾ ਬਾਕੀ ਹੈ। ਦੋ ਹੋਰ ਮਸ਼ੀਨਾਂ ਪਹਿਲਾਂ ਹੀ ਲੱਗੀਆਂ ਹਨ ਇਕ ਟਿਕਟ ਕਾਊਂਟਰਾਂ ਤੇ ਜਨਰਲ ਵੇਟਿੰਗ ਏਰੀਏ ’ਚ ਤੇ ਦੂਜੀ ਪਲੇਟਫਾਰਮ ਨੰਬਰ 1 ’ਤੇ ਵੈਟਿੰਗ ਹਾਲ ਦੇ ਅੱਗੇ। ਦੂਜੀ ਪਾਸੇ ਏਸੀ ਵੈਟਿੰਗ ਹਾਲ ਦਾ ਨਿਰਮਾਣ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ ਤੇ ਅੰਦਰ ਪਲਾਸਟਰ ਤੇ ਹੋਰ ਰਿਪੇਅਰਿੰਗ ਦਾ ਕੰਮ ਹੋ ਰਿਹਾ ਹੈ। ਸਟੇਸ਼ਨ ਦਾ ਮੁੜ-ਨਿਰਮਾਣ ਕੰਮ ਕੁਝ ਮਹੀਨਿਆਂ ’ਚ ਸ਼ੁਰੂ ਹੋਣਾ ਹੈ ਪਰ ਇਸ ਤੋਂ ਪਹਿਲਾਂ ਹੀ ਯਾਤਰੀਆਂ ਦੀਆਂ ਸੁਵਿਧਾਵਾਂ ਲਈ ਨਵੀਆਂ ਪ੍ਰਣਾਲੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਦੇ ਮੁਤਾਬਕ ਇਹ ਸਾਰੀਆਂ ਸੁਵਿਧਾਵਾਂ ਕੰਪਨੀਆਂ ਨਾਲ ਕਾਂਟ੍ਰੈਕਟ ਤਹਿਤ ਪਹਿਲਾਂ ਹੀ ਲਾਗੂ ਕਰ ਦਿੱਤੀਆਂ ਜਾਣਗੀਆਂ, ਤਾਂ ਕਿ ਬਿਲਡਿੰਗ ਟੁੱਟਣ ਸਮੇਂ ਇਨ੍ਹਾਂ ਨੂੰ ਆਸਾਨੀ ਨਾਲ ਹਟਾਇਆ ਜਾ ਸਕੇ। ਫਿਲਹਾਲ ਰੇਲਵੇ ਸਟੇਸ਼ਨ ਦੇ ਨਿਰਮਾਣ ਦੀ ਸ਼ੁਰੂਆਤ ਮੁੱਖ ਬਿਲਡਿੰਗ ਦੀ ਬਜਾਏ ਜੀਆਰਪੀ ਥਾਣੇ ਦੇ ਅੱਗੇ ਡਾਕਘਰ ਦੀ ਬਿਲਡਿੰਗ ਦੇ ਨੇੜਲੇ ਏਰੀਏ ਨੂੰ ਤੋੜ ਕੇ ਹੋਵੇਗੀ। ਜਿੱਥੇ ਡਿਸਪਲੇ ਸਕ੍ਰੀਨਾਂ ਲਗਣੀਆਂ ਹਨ, ਉੱਥੇ ਇਸ ਨਿਰਮਾਣ ਕਾਰਜ ਦਾ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਸਟੇਸ਼ਨ ਦਾ ਨਿਰਮਾਣ ਤਿੰਨ ਫੇਜ਼ਾਂ ’ਚ ਕਰਨਾ ਹੈ। ਇਸ ਦੌਰਾਨ ਜੀਆਰਪੀ ਥਾਣੇ ਦੇ ਨਾਲ ਲੱਗਦੀਆਂ ਯੂਨੀਅਨਾਂ ਦੇ ਦਫਤਰ ਵੀ ਰਾਹ ਤੋਂ ਹਟਾਏ ਜਾਣਗੇ।