ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ’ਚ 44.6 ਫੀਸਦੀ ਵੋਟਿੰਗ

- ਗਲਤ ਬੈਲਟ ਪੇਪਰਾਂ ਕਾਰਨ ਆਦਮਪੁਰ ’ਚ ਵੋਟਿੰਗ ਰੁਕੀ, ਸ਼ਾਹਕੋਟ ’ਚ ਇੱਕ ਕਾਂਗਰਸੀ ਜ਼ਖ਼ਮੀ
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਕੀਤੇ ਗਏ ਪੱਕੇ ਇੰਤਜ਼ਾਮਾਂ ਦਰਮਿਆਨ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਸੁਚੱਜੇ, ਸੁਤੰਤਰ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋਈਆਂ। ਇਨ੍ਹਾਂ ਚੋਣਾਂ ’ਚ 44.6 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਲੰਧਰ ਈਸਟ ’ਚ 43.93 ਫ਼ੀਸਦੀ, ਆਦਮਪੁਰ ’ਚ 44.04 ਫ਼ੀਸਦੀ, ਭੋਗਪੁਰ ’ਚ 46.13 ਫ਼ੀਸਦੀ, ਜਲੰਧਰ ਵੈਸਟ ’ਚ 43.57 ਫ਼ੀਸਦੀ, ਲੋਹੀਆਂ ਖ਼ਾਸ ’ਚ 52.69 ਫ਼ੀਸਦੀ, ਮਿਹਤਪੁਰ ’ਚ 45.76 ਫ਼ੀਸਦੀ, ਨੂਰਮਹਿਲ ’ਚ 48.84 ਫ਼ੀਸਦੀ, ਫਿਲੌਰ ’ਚ 41.45 ਫ਼ੀਸਦੀ, ਸ਼ਾਹਕੋਟ ’ਚ 49.06 ਫ਼ੀਸਦੀ, ਰੁਰਕਾ ਕਲਾਂ ’ਚ 43.76 ਫ਼ੀਸਦੀ ਤੇ ਨਕੋਦਰ ’ਚ 45.86 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਡੀਸੀ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨੂੰ ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ’ਚ ਸਹਿਯੋਗ ਦੇਣ ਲਈ ਵੋਟਰਾਂ, ਵੋਟਿੰਗ ਤੇ ਸੁਰੱਖਿਆ ਕਰਮਚਾਰੀਆਂ, ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਤੇ ਗਿਣਤੀ ਪੂਰੀ ਹੋਣ ਤੋਂ ਬਾਅਦ ਨਤੀਜੇ ਐਲਾਣ ਦਿੱਤੇ ਜਾਣਗੇ।
- ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਜ਼ਖ਼ਮੀ ਦਾ ਹਾਲਚਾਲ ਪੁੱਛਿਆ, ਜ਼ਖ਼ਮੀ ਕਾਂਗਰਸੀ ਵਰਕਰ ਨੇ ‘ਆਪ’ ਵਰਕਰਾਂ ’ਤੇ ਹਮਲੇ ਦੇ ਦੋਸ਼ ਲਾਏ
- ਪਿੰਡ ਨਰੰਗਪੁਰ ਹੰਸੀ ’ਚ ਝਗੜੇ ਦੌਰਾਨ ਇੱਕ ਕਾਂਗਰਸੀ ਵਰਕਰ ਜ਼ਖ਼ਮੀ, ਹਸਪਤਾਲ ’ਚ ਦਾਖ਼ਲ
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਐਤਵਾਰ ਨੂੰ ਮਿਹਤਪੁਰ ਦੇ ਜ਼ੋਨ ਨੰਬਰ 9 ਸਿੰਘਪੁਰ ਦੇ ਬੂਥ ਨਰੰਗਪੁਰ ਹੰਸੀ ’ਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਰਕਰਾਂ ਦਰਮਿਆਨ ਹੋਏ ਝਗੜੇ ’ਚ ਇਕ ਕਾਂਗਰਸੀ ਵਰਕਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ’ਚ ਦਾਖ਼ਲ ਕਰਵਾਇਆ ਗਿਆ। ਪੀੜਤ ਕਾਂਗਰਸੀ ਵਰਕਰ ਜਤਿੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਉਹ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਦਾ ਪੋਲਿੰਗ ਏਜੰਟ ਸੀ। ਉਨ੍ਹਾਂ ਕਿਹਾ ਕਿ ਸਵੇਰੇ ਲਗਭਗ 11:30 ਵਜੇ ਕਿਸੇ ਗੱਲ ਨੂੰ ਲੈ ਕੇ ‘ਆਪ’ ਵਰਕਰਾਂ ਨੇ ਪਹਿਲਾਂ ਪੋਲਿੰਗ ਬੂਥ ਦੇ ਅੰਦਰ ਉਸ ਨਾਲ ਗਾਲੀ-ਗਲੋਚ ਕੀਤੀ। ਜਦੋਂ ਉਹ ਬੂਥ ਤੋਂ ਬਾਹਰ ਆਇਆ ਤਾਂ ਉਸ ਨੂੰ ਘੇਰ ਕੇ ਧੱਕਾ-ਮੁੱਕੀ ਕੀਤੀ ਗਈ। ਇਸ ਦੌਰਾਨ ਪਿੰਡਵਾਸੀ ਇਕੱਠੇ ਹੋ ਗਏ ਤੇ ‘ਆਪ’ ਵਰਕਰਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ‘ਆਪ’ ਵਰਕਰਾਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ। ਇਸ ਮੌਕੇ ਪੀੜਤ ਵਰਕਰ ਦਾ ਹਾਲਚਾਲ ਪੁੱਛਣ ਲਈ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਿਵਲ ਹਸਪਤਾਲ ਪਹੁੰਚੇ ਤੇ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਗੁੰਡਾਗਰਦੀ ਦੇ ਜ਼ਰੀਏ ਸੱਤਾ ਹਾਸਲ ਕਰਨਾ ਚਾਹੁੰਦੇ ਹਨ।
- ਡੀਸੀ ਵੱਲੋਂ ਜਲੰਧਰ ’ਚ ਸੁਚੱਜੇ ਢੰਗ ਨਾਲ ਚੋਣ ਕਰਵਾਉਣ ਲਈ ਸੂਝਵਾਨ ਵੋਟਰਾਂ ਤੇ ਸਮੂਹ ਚੋਣ ਅਮਲੇ ਦਾ ਧੰਨਵਾਦ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹੇ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਨਿਰਪੱਖ, ਸ਼ਾਂਤਮਈ ਤੇ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸੂਝਵਾਨ ਵੋਟਰਾਂ, ਚੋਣ ਤੇ ਸੁਰੱਖਿਆ ਅਮਲੇ, ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਦਾ ਧੰਨਵਾਦ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੋਣਾਂ ਦੇ ਮੱਦੇਨਜ਼ਰ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਸੀ, ਤਾਂ ਜੋ ਲੋਕਾਂ ਨੂੰ ਆਪਣੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕਰਨ ਸਮੇਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜ਼ਿਲ੍ਹੇ ਦੇ ਸੂਝਵਾਨ ਤੇ ਬਹਾਦਰ ਵੋਟਰਾਂ ਦਾ ਇਕ ਵਾਰ ਫਿਰ ਧੰਨਵਾਦ ਕੀਤਾ, ਜਿਨ੍ਹਾਂ ਨੇ ਇਕ ਵਾਰ ਫਿਰ ਆਪਣੇ ਮਤਦਾਨ ਦੀ ਨਿਰਪੱਖ ਤੇ ਨਿਡਰ ਤੌਰ ’ਤੇ ਵਰਤੋਂ ਕਰ ਕੇ ਸ਼ਾਨਦਾਰ ਰਵਾਇਤ ਨੂੰ ਕਾਇਮ ਰੱਖਿਆ। ਉਨ੍ਹਾਂ ਦੱਸਿਆ ਕਿ ਵੋਟ ਪਾਉਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਨੇਪਰੇ ਚੜੀ ਤੇ ਕਿਸੇ ਵੀ ਵਿਧਾਨਸਭਾ ਹਲਕੇ ਦੇ ਪੋਲਿੰਗ ਬੂਥ ’ਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਤੇ ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 4 ਵਜੇ ਮੁਕੰਮਲ ਹੋਇਆ। ਉਨ੍ਹਾਂ ਫਿਰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 1209 ਪੋਲਿੰਗ ਬੂਥਾਂ ਉੱਪਰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਵੋਟਾਂ ਪੁਆਉਣ ਲਈ ਵੱਡੇ ਪੱਧਰ ’ਤੇ ਸਿਵਲ ਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ।