40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ, 33.5 ਐੱਮਐੱਮ ਬਾਰਿਸ਼ ਤੇ ਗੜੇਮਾਰੀ ਹੋਈ
40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ, 33.5 ਐੱਮਐੱਮ ਵਰਖਾ ਤੇ ਗੜੇਮਾਰੀ ਹੋਈ
Publish Date: Fri, 23 Jan 2026 10:48 PM (IST)
Updated Date: Fri, 23 Jan 2026 10:51 PM (IST)

- ਅੱਜ ਵੀ ਬੱਦਲ ਛਾਏ ਰਹਿਣਗੇ, ਬਾਰਿਸ਼ ਦੇ ਆਸਾਰ, ਵੱਧ ਤੋਂ ਵੱਧ ਤਾਪਮਾਨ ’ਚ 10 ਡਿਗਰੀ ਸੈਲਸੀਅਸ ਦੀ ਗਿਰਾਵਟ ਪੰਜਾਬੀ ਜਾਗਰਣ ਟੀਮ, ਜਲੰਧਰ : ਜ਼ਿਲ੍ਹੇ ’ਚ ਵਿਗੜੇ ਮੌਸਮ ਨੇ ਵੀਰਵਾਰ ਰਾਤ ਤੋਂ ਹੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਰਾਤ ਦੀ ਖਾਮੋਸ਼ੀ ਨੂੰ ਚੀਰਦੀ ਤੇਜ਼ ਬਾਰਿਸ਼ ਸ਼ੁੱਕਰਵਾਰ ਨੂੰ ਸਾਰਾ ਦਿਨ ਜਾਰੀ ਰਹੀ। ਇਸ ਦੌਰਾਨ ਬਾਰਿਸ਼ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਨੇ ਠੰਢ ਵਿਚ ਤਾਂ ਵਾਧਾ ਕੀਤਾ ਪਰ ਸ਼ਹਿਰ ਦੀ ਰਫ਼ਤਾਰ ਨੂੰ ਰੋਕ ਦਿੱਤਾ। ਦਫ਼ਤਰ ਜਾਣ ਵਾਲੇ ਕਰਮਚਾਰੀ ਹੋਣ ਜਾਂ ਸਕੂਲ ਜਾਣ ਵਾਲੇ ਬੱਚੇ ਹਰ ਕੋਈ ਵਿਗੜੇ ਮੌਸਮ ਦੀ ਬੇਰੁਖੀ ਨਾਲ ਪ੍ਰਭਾਵਿਤ ਦਿਸਿਆ। ਸਾਰਾ ਦਿਨ ਆਕਾਸ਼ ਵਿੱਚ ਛਾਏ ਬੱਦਲਾਂ, ਤੇਜ਼ ਹਵਾਵਾਂ ਅਤੇ ਲਗਾਤਾਰ ਬਾਰਿਸ਼ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਅਸਥ-ਵਿਅਸਥ ਰਿਹਾ। ਮੌਸਮ ਵਿਭਾਗ ਵੱਲੋਂ ਮਹਾਨਗਰ ਵਿਚ 33.5 ਐੱਮਐੱਮ ਵਰਖਾ ਦਰਜ ਕੀਤੀ ਗਈ, ਜਦਕਿ ਕਈ ਥਾਵਾਂ ’ਤੇ ਗੜੇਮਾਰੀ ਵੀ ਹੋਈ। ਇਸ ਨਾਲ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਵੱਧ ਤੋਂ ਵੱਧ ਤਾਪਮਾਨ 12.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੇ ਪਿਛਲੇ 24 ਘੰਟਿਆਂ ਦੇ ਤਾਪਮਾਨ ’ਤੇ ਨਜ਼ਰ ਮਾਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਵਿੱਚ 10 ਡਿਗਰੀ ਸੈਲਸੀਅਸ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਸ਼ਨਿਚਰਵਾਰ ਨੂੰ ਧੁੰਦ ਪੈਣ, ਹਵਾਵਾਂ ਚੱਲਣ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ ਐਤਵਾਰ ਨੂੰ ਹਲਕੀ ਧੁੰਦ ਤੋਂ ਬਾਅਦ ਮੌਸਮ ਸਾਫ਼ ਰਹਿਣ ਦੇ ਆਸਾਰ ਹਨ। ਇਸ ਤੋਂ ਇਲਾਵਾ 27 ਜਨਵਰੀ ਤੋਂ ਮੌਸਮ ਮੁੜ ਵਿਗੜ ਸਕਦਾ ਹੈ। ਹਵਾ ਦੀ ਗੁਣਵੱਤਾ ਸੂਚਕਾਂਕ (ਏਅਰ ਕੁਆਲਿਟੀ ਇੰਡੈਕਸ) ਦੀ ਗੱਲ ਕਰੀਏ ਤਾਂ ਇਸ ਵਿੱਚ ਵੀ ਖਾਸ ਸੁਧਾਰ ਦੇਖਣ ਨੂੰ ਮਿਲਿਆ ਹੈ। ਜੋ 24 ਘੰਟੇ ਪਹਿਲਾਂ 200 ਤੋਂ ਉੱਪਰ ਸੀ, ਉਹ ਘਟ ਕੇ 120 ਤਕ ਆ ਗਿਆ। ਘੱਟੋ-ਘੱਟ ਏਕਿਊਆਈ 27 ਦਰਜ ਕੀਤਾ ਗਿਆ, ਜਦਕਿ ਦਿਨ ਭਰ ਬਦਲਦੇ ਹਾਲਾਤਾਂ ਦੇ ਆਧਾਰ ‘ਤੇ ਔਸਤ ਏਕਿਊਆਈ 73 ਦਰਜ ਹੋਇਆ। ਦੂਜੇ ਪਾਸੇ ਦੇਰ ਸ਼ਾਮ ਤਕ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਅਤੇ ਆਸਮਾਨ ਵਿੱਚ ਬੱਦਲ ਵੀ ਛਾਏ ਰਹੇ। ਮੌਸਮ ਮਾਹਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਵੀ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ ਅਤੇ 27 ਜਨਵਰੀ ਤੋਂ ਬਾਅਦ ਮੌਸਮ ਮੁੜ ਬਦਲ ਸਕਦਾ ਹੈ, ਜਿਸ ਕਾਰਨ ਤਾਪਮਾਨ ਵਿੱਚ ਉਤਾਰ-ਚੜ੍ਹਾਅ ਵੇਖਣ ਨੂੰ ਮਿਲੇਗਾ। ਬਾਰਿਸ਼ ਕਾਰਨ ਇਨ੍ਹਾਂ ਥਾਵਾਂ ’ਤੇ ਭਰਿਆ ਪਾਣੀ ਪੀਏਪੀ ਚੌਕ, ਲਾਡੋਵਾਲੀ ਰੋਡ, ਲੱਧੇਵਾਲੀ ਰੋਡ, ਜੰਨਤ ਐਵਿਨਿਊ ਕਾਲੋਨੀ, ਕਰੋਲ ਬਾਗ, ਇਕਹਿਰੀ ਪੁੱਲੀ, ਦੋਮੋਰੀਆ ਪੁੱਲ, ਰਾਮਾਮੰਡੀ, ਦਕੋਹਾ, ਬੱਸ ਸਟੈਂਡ, ਪਰਾਗਪੁਰ, ਬੀਐੱਸਐੱਫ ਚੌਕ, ਪ੍ਰੀਤ ਨਗਰ, ਕੀਰਤੀ ਨਗਰ, ਰਣਜੀਤ ਨਗਰ, ਪੁਲਿਸ ਲਾਈਨ, ਡੀਸੀ ਦਫ਼ਤਰ, ਮਾਸਟਰ ਤਾਰਾ ਸਿੰਘ ਨਗਰ, ਮੋਤਾ ਸਿੰਘ ਨਗਰ, ਕਿਸ਼ਨਪੁਰਾ, ਅਜੀਤ ਨਗਰ ਸਮੇਤ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਥਿਤੀ ਬਣੀ ਰਹੀ। ਕਣਕ ਦੀ ਫ਼ਸਲ ਲਈ ਲਾਹੇਵੰਦ ਬਾਰਿਸ਼ ਤੇ ਮੌਸਮ ਦੀ ਪ੍ਰਤੀਕੂਲ ਸਥਿਤੀ ਨੇ ਖੇਤੀਬਾੜੀ ’ਤੇ ਮਹੱਤਵਪੂਰਨ ਅਸਰ ਪਾਇਆ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਜ਼ਿਲ੍ਹਾ ਮੁੱਖ ਅਫਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਬਾਰਿਸ਼ ਨਾਲ ਖੇਤਾਂ ਵਿਚ ਭੂਜਲ ਪੱਧਰ ਅਤੇ ਮਿੱਟੀ ਦੀ ਨਮੀ ਵਿਚ ਵਾਧਾ ਹੋਇਆ ਹੈ ਪਰ ਇਸ ਮੌਸਮ ਦੌਰਾਨ ਤੇਜ਼ ਹਵਾਵਾਂ ਅਤੇ ਬਾਰਿਸ਼ ਕਾਰਨ ਕੁਝ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਬਾਰਿਸ਼ ਨਾਲ ਮਿੱਟੀ ਵਿੱਚ ਨਮੀ ਵਧੀ ਹੈ, ਜਿਸ ਕਾਰਨ ਕਣਕ ਵਰਗੀਆਂ ਰੱਬੀ ਫ਼ਸਲਾਂ ਦੀ ਵਾਧੇ ਲਈ ਕੁਝ ਰਾਹਤ ਮਿਲੀ ਹੈ। ਕਣਕ ਦੇ ਵਿਕਾਸ ਲਈ ਮਿੱਟੀ ਦੀ ਸਥਿਤੀ ਅਨੁਕੂਲ ਬਣੀ ਹੈ। ਓਧਰ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਨਰਿੰਦਰ ਕਲਸੀ ਨੇ ਦੱਸਿਆ ਕਿ ਆਲੂ, ਟਮਾਟਰ ਅਤੇ ਹੋਰ ਫਲਦਾਰ ਸਬਜ਼ੀਆਂ ਨੂੰ ਤੇਜ਼ ਹਵਾਵਾਂ ਕਾਰਨ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਕੱਟਾਈ, ਛਿੜਕਾਅ ਅਤੇ ਖੇਤ ਦੀ ਤਿਆਰੀ ਵਰਗੇ ਕੰਮ ਸਮੇਂ ਸਿਰ ਕਰਨ ਦੀ ਲੋੜ ਹੈ। ਐਲਰਜੀ ਤੇ ਖੰਘ ਤੋਂ ਮਿਲੇਗੀ ਰਾਹਤ ਸਿਵਲ ਹਸਪਤਾਲ ਦੇ ਡਾ. ਤਰਸੇਮ ਲਾਲ ਨੇ ਕਿਹਾ ਕਿ ਬਾਰਿਸ਼ ਕਾਰਨ ਹਵਾ ਵਿੱਚ ਮੌਜੂਦ ਧੂੜ-ਮਿੱਟੀ ਦੇ ਕਣ ਧੁਲ ਕੇ ਧਰਤੀ ’ਤੇ ਬਹਿ ਗਏ ਹਨ। ਇਸ ਨਾਲ ਹਵਾ ਵਿੱਚ ਤਾਜ਼ਗੀ ਆਈ ਹੈ ਅਤੇ ਐਲਰਜੀ ਤੇ ਖੰਘ ਦੇ ਮਰੀਜ਼ਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਨੇ ਠੰਢ ਤੋਂ ਬਚਾਅ ਲਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਠੰਢ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਨੂੰ ਛਾਤੀ ਦੀਆਂ ਬਿਮਾਰੀਆਂ ਅਤੇ ਨਿਮੋਨੀਆ ਦਾ ਖ਼ਤਰਾ ਬਣਿਆ ਹੋਇਆ ਹੈ। ਬਜ਼ੁਰਗਾਂ ਵਿੱਚ ਜੋੜਾਂ ਦੇ ਦਰਦ ਤੋਂ ਬਚਾਅ ਲਈ ਵੀ ਠੰਢ ਤੋਂ ਸੁਰੱਖਿਅਤ ਰਹਿਣਾ ਬਹੁਤ ਜ਼ਰੂਰੀ ਹੈ।