ਜਾਸ, ਜਲੰਧਰ : ਸ਼ਹਿਰ

ਜਾਸ, ਜਲੰਧਰ : ਸ਼ਹਿਰ ’ਚ ਕੁੱਤਿਆਂ ਦੀ ਦਹਿਸ਼ਤ ਘੱਟ ਨਹੀਂ ਹੋ ਰਹੀ। ਹਸਪਤਾਲ ’ਚ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁੱਤੇ ਦੇ ਸ਼ਿਕਾਰ ਹੋਣ ਵਾਲੇ ਮਰੀਜ਼ਾਂ ’ਚ ਬੱਚਿਆਂ ਦੀ ਗਿਣਤੀ ਵੀ ਵਧ ਰਹੀ ਹੈ। ਸਿਵਲ ਹਸਪਤਾਲ ’ਚ ਹਰ ਰੋਜ਼ ਔਸਤ 36 ਨਵੇਂ ਕੁੱਤਿਆਂ ਦੇ ਵੱਢਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਸੱਤ ਬੱਚੇ ਵੀ ਸ਼ਾਮਲ ਹਨ। ਪਿਛਲੇ ਸਾਲ ਸਭ ਤੋਂ ਜ਼ਿਆਦਾ ਮਾਮਲੇ ਮਾਰਚ ਮਹੀਨੇ ਵਿਚ 1060 ਰਿਪੋਰਟ ਕੀਤੇ ਗਏ। ਕੁੱਤਿਆਂ ਦੀ ਦਹਿਸ਼ਤ ਦੇ ਮਾਮਲਿਆਂ ਦਾ ਸੁਪਰੀਮ ਕੋਰਟ ਨੇ ਵੀ ਸਖ਼ਤ ਨੋਟਿਸ ਲਿਆ ਹੈ ਪਰ ਸਥਾਨਕ ਪੱਧਰ ’ਤੇ ਨਗਰ ਨਿਗਮ ਇਸ ਮਾਮਲੇ ’ਚ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਿਹਾ ਹੈ।
10 ਸਾਲ ਦੀ ਨੰਦਨੀ ਕੁੱਤਾ ਦੇ ਵੱਢਣ ਮਗਰੋਂ ਸਿਵਲ ਹਸਪਤਾਲ ’ਚ ਆਪਣੇ ਪਰਿਵਾਰ ਦੇ ਨਾਲ ਟੀਕਾਕਰਨ ਕਰਵਾਉਣ ਲਈ ਪੁੱਜੀ। ਉਸ ਨੇ ਕਿਹਾ ਕਿ ਉਹ ਖੇਡ ਰਹੀ ਸੀ ਤੇ ਅਚਾਨਕ ਕੁੱਤੇ ਨੇ ਹਮਲਾ ਕਰਕੇ ਉਸ ਨੂੰ ਨੋਚ ਲਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਫੌਰੀ ਮੌਕੇ ’ਤੇ ਪੁੱਜ ਗਏ ਤੇ ਬੱਚੇ ਨੂੰ ਸੁਰੱਖਿਅਤ ਕੀਤਾ।
ਸੰਜੀਵ ਪਾਸਵਾਨ ਦਾ ਕਹਿਣਾ ਹੈ ਕਿ ਉਹ ਲੰਮਾ ਪਿੰਡ ’ਚ ਰਹਿੰਦੇ ਹਨ। ਦੋ ਦਿਨ ਪਹਿਲਾਂ ਉਹ ਮੋਟਰਸਾਈਕਲ ’ਤੇ ਕੰਮ ਤੋਂ ਵਾਪਸ ਆ ਰਹੇ ਸਨ, ਜਦੋਂ ਰਸਤੇ ’ਚ ਕੁੱਤਿਆਂ ਨੇ ਹਮਲਾ ਕਰ ਦਿੱਤਾ। ਬਹੁਤ ਬਚਾਅ ਕੀਤਾ ਪਰ ਇਕ ਕੁੱਤੇ ਨੇ ਉਨ੍ਹਾਂ ਦੀ ਲੱਤ ’ਤੇ ਵੱਢਿਆ। ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਕੁੱਤਿਆਂ ਦੇ ਵੱਢਣ ਦੇ ਮਾਮਲੇ ਵੀ ਵਧ ਰਹੇ ਹਨ। ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਗੰਭੀਰਤਾ ਨਾਲ ਹੱਲ ਕਰਨ ਦੀ ਲੋੜ ਹੈ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ’ਚ ਇਸ ਸਬੰਧੀ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ। ਹੁਣ ਵਿਭਾਗ ਵੱਲੋਂ ਇਹ ਸਹੂਲਤ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ (ਆਰੋਗਿਆ ਕੇਂਦਰਾਂ) ’ਚ ਦਿੱਤੀ ਜਾ ਰਹੀ ਹੈ। ਮਰੀਜ਼ਾਂ ਨੂੰ ਆਪਣੇ ਘਰ ਦੇ ਨੇੜੇ ਹੀ ਇਸ ਸਹੂਲਤ ਦਾ ਲਾਭ ਉਠਾਉਣਾ ਚਾਹੀਦਾ ਹੈ।
ਸੇਵਾਮੁਕਤ ਮਾਈਕ੍ਰੋਬਾਇਓਲੋਜਿਸਟ ਡਾ. ਦਵਿੰਦਰ ਬਿਮਰਾ ਦਾ ਕਹਿਣਾ ਹੈ ਕਿ ਜੇ ਕੁੱਤਾ ਵੱਢੇ ਜਾਂ ਨੋਚੇ ਤਾਂ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਤੁਰੰਤ ਡਾਕਟਰ ਦੀ ਸਲਾਹ ਮੁਤਾਬਕ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਵਿਭਾਗ ਵੱਲੋਂ ਹੁਣ ਕੁੱਤਿਆਂ ਦੇ ਵੱਢਣ ਮਗਰੋਂ ਪਹਿਲੇ ਦਿਨ ਐਂਟੀ ਰੈਬਿਜ਼ ਦੀ ਡੋਜ਼ ਲਾਉਣ ਮਗਰੋਂ ਤੀਜੇ, ਸੱਤਵੇਂ ਅਤੇ 21ਵੇਂ ਦਿਨ ਟੀਕਾਕਰਨ ਕੀਤਾ ਜਾਂਦਾ ਹੈ।
---
ਸਾਵਧਾਨੀਆਂ
- ਜ਼ਖ਼ਮ ਨੂੰ 10-15 ਮਿੰਟ ਤੱਕ ਵਗਦੇ ਪਾਣੀ ਤੇ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।
- ਜ਼ਖ਼ਮ 'ਤੇ ਐਂਟੀਸੈਪਟਿਕ ਲੋਸ਼ਨ ਜਾਂ ਕ੍ਰੀਮ ਲਾਓ।
- ਮਿਰਚ, ਹਲਦੀ, ਚੂਨਾ, ਤੇਲ ਆਦਿ ਕੁਝ ਵੀ ਨਾ ਲਗਾਓ।
- ਜੇ ਖੂਨ ਜ਼ਿਆਦਾ ਵੱਗਦਾ ਹੋਵੇ ਤਾਂ ਸਾਫ਼ ਕੱਪੜੇ ਨਾਲ ਹਲਕਾ ਦਬਾਓ।
- ਜ਼ਖ਼ਮ ’ਤੇ ਪੱਟੀ ਬਹੁਤ ਕਸ ਕੇ ਨਾ ਬੰਨ੍ਹੋ।
- ਜ਼ਰੂਰਤ ਹੋਵੇ ਤਾਂ ਰੈਬਿਜ਼ ਇਮਿਊਨੋਗਲੋਬੁਲਿਨ (ਆਰਆਈਜੀ) ਟੀਕਾਕਰਨ ਕਰਵਾਓ।
- ਟਿਟਨਸ ਦਾ ਟੀਕਾ ਲਗਵਾਓ।
- ਜੇ ਪਾਲਤੂ ਕੁੱਤਾ ਹੈ ਤਾਂ 10 ਦਿਨ ਤੱਕ ਉਸ ਦੀ ਨਿਗਰਾਨੀ ਕਰੋ।
- ਜੇ ਜ਼ਖ਼ਮ ਡੂੰਘਾ ਹੋਵੇ ਤਾਂ ਤੁਰੰਤ ਹਸਪਤਾਲ ਜਾਓ।
---
ਪਸ਼ੂ ਪਾਲਣ ਵਿਭਾਗ ਦੇ ਸੇਵਾਮੁਕਤ ਡਾਇਰੈਕਟਰ ਡਾ. ਜੀਐੱਸ ਬੇਦੀ ਦਾ ਕਹਿਣਾ ਹੈ ਕਿ ਜਦੋਂ ਕੁੱਤਿਆਂ ਨੂੰ ਡਰਾਇਆ ਜਾਂਦਾ ਹੈ ਤਾਂ ਉਹ ਆਪਣੇ ਬਚਾਅ ਲਈ ਹਮਲਾ ਕਰਦੇ ਹਨ। ਸੈਰ ਕਰਦੇ ਸਮੇਂ ਜ਼ਿਆਦਾਤਰ ਲੋਕ ਹੱਥਾਂ ’ਚ ਡੰਡਾ ਲੈ ਕੇ ਤੁਰਦੇ ਹਨ। ਉਨ੍ਹਾਂ ਨੂੰ ਡੰਡੇ ਦੀ ਬਜਾਏ ਬਿਸਕੁਟ ਰੱਖਣੇ ਚਾਹੀਦੇ ਹਨ ਤਾਂ ਕਿ ਕੁੱਤੇ ਨਾਲ ਦੋਸਤੀ ਹੋਵੇ।
ਪਿਛਲੇ ਸਾਲ ਦਾ ਅੰਕੜਾ
ਮਹੀਨਾ ਨਵਾਂ ਪੁਰਾਣਾ
ਮਾਰਚ 1060 2987
ਅਪ੍ਰੈਲ 878 2999
ਮਈ 930 2783
ਜੂਨ 825 2816
ਜੁਲਾਈ 887 3118
ਅਗਸਤ 810 3120
ਸਤੰਬਰ 703 2515
ਅਕਤੂਬਰ 758 2627
ਨਵੰਬਰ 692 2524
ਦਸੰਬਰ 989 3238
--------------------
ਨਿਗਮ ਦਾ ਸਟੀਰਲਾਈਜ਼ੇਸ਼ਨ ਪ੍ਰੋਜੈਕਟ ਮੱਠਾ, ਸ਼ੈਲਟਰ ਹੋਮ ਦੀ ਯੋਜਨਾ ਵੀ ਕਮਜ਼ੋਰ
ਜਾਸ, ਜਲੰਧਰ : ਆਵਾਰਾ ਕੁੱਤਿਆਂ ਤੋਂ ਲੋਕਾਂ ਦੀ ਸੁਰੱਖਿਆ ਲਈ ਨਗਰ ਨਿਗਮ ਦਾ ਸਟੀਰਲਾਈਜ਼ੇਸ਼ਨ ਪ੍ਰੋਜੈਕਟ ਕਈ ਸਾਲਾਂ ਤੋਂ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਨਗਰ ਨਿਗਮ ਨੇ ਸਾਲ 2018 ’ਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ ਅਤੇ ਹਰ ਸਾਲ 10,000 ਕੁੱਤਿਆਂ ਦੇ ਆਪ੍ਰੇਸ਼ਨ ਦਾ ਟੀਚਾ ਰੱਖਿਆ ਸੀ। ਪਹਿਲੇ ਦੋ ਸਾਲਾਂ ਵਿਚ ਪ੍ਰੋਜੈਕਟ ਵਧੀਆ ਚੱਲਿਆ ਪਰ ਫਿਰ ਇਹ ਲੀਹੋਂ ਲੱਥ ਗਿਆ। 8 ਸਾਲਾਂ ’ਚ ਹੁਣ ਤੱਕ ਸਿਰਫ 40,000 ਕੁੱਤਿਆਂ ਦੇ ਆਪ੍ਰੇਸ਼ਨ ਹੋਏ ਹਨ ਅਤੇ ਇਸ ਸਬੰਧੀ ਲੋਕਾਂ ਵਿਚ ਇਹ ਵੀ ਖ਼ਦਸ਼ਾ ਹੈ ਕਿ ਆਪ੍ਰੇਸ਼ਨ ਸਹੀ ਤਰੀਕੇ ਨਾਲ ਹੋ ਰਹੇ ਹਨ ਜਾਂ ਨਹੀਂ। ਹਾਲਾਂਕਿ ਹੁਣ ਆਪ੍ਰੇਸ਼ਨ ਕਰਨ ਦੀ ਸਮਰੱਥਾ ਵਧਾਉਣ ਲਈ ਨਵਾਂ ਆਪ੍ਰੇਸ਼ਨ ਥੀਏਟਰ ਬਣਾਇਆ ਜਾ ਰਿਹਾ ਹੈ ਤੇ ਕੁੱਤਿਆਂ ਨੂੰ ਰੱਖਣ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਸੁਪਰੀਮ ਕੋਰਟ ਨੇ ਹਮਲਾਵਰ ਕੁੱਤਿਆਂ ਨੂੰ ਸ਼ਹਿਰ ਦੀਆਂ ਗਲੀਆਂ ਤੋਂ ਦੂਰ ਰੱਖਣ ਲਈ ਸ਼ੈਲਟਰ ਹੋਮ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਨੂੰ ਵੀ ਲਗਪਗ 6 ਮਹੀਨੇ ਹੋ ਚੁੱਕੇ ਹਨ ਪਰ ਹਾਲੇ ਤੱਕ ਨਗਰ ਨਿਗਮ ਨੇ ਕੋਈ ਯੋਜਨਾ ਸ਼ੁਰੂ ਨਹੀਂ ਕੀਤੀ। ਸਾਲ 2018 ’ਚ ਜਦੋਂ ਸਟੀਰਲਾਈਜ਼ੇਸ਼ਨ ਪ੍ਰੋਜੈਕਟ ਸ਼ੁਰੂ ਹੋਇਆ ਸੀ ਤਾਂ ਕਿਹਾ ਗਿਆ ਸੀ ਕਿ ਸ਼ਹਿਰ ਵਿਚ ਲਗਪਗ 50,000 ਕੁੱਤੇ ਹਨ, ਪਰ ਹੁਣ ਇਹ ਅੰਦਾਜ਼ਾ ਹੈ ਕਿ ਇਹ ਗਿਣਤੀ ਇਕ ਲੱਖ ਤੋਂ ਸਵਾ ਲੱਖ ਹੋ ਸਕਦੀ ਹੈ। ਨਵੇਂ ਨਿਯਮਾਂ ਅਨੁਸਾਰ, ਇਨ੍ਹਾਂ ਵਿੱਚੋਂ 90 ਫ਼ੀਸਦੀ ਦੇ ਆਪ੍ਰੇਸ਼ਨਾਂ ਦੀ ਲੋੜ ਹੈ।
ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹਮਲਾਵਰ ਕੁੱਤਿਆਂ ਨੂੰ ਸੜਕਾਂ ਤੋਂ ਚੁੱਕ ਕੇ ਸ਼ੈਲਟਰ ਹੋਮ ’ਚ ਸ਼ਿਫਟ ਕਰਨਾ ਲਾਜ਼ਮੀ ਹੈ। ਇਸ ਲਈ ਸ਼ਹਿਰ ’ਚ ਨਗਰ ਨਿਗਮ ਨੂੰ ਸ਼ੈਲਟਰ ਹੋਮ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ।
--------
ਕੁੱਤਿਆਂ ਦੇ ਵੱਢਣ ਦੇ ਕੁਝ ਵੱਡੇ ਮਾਮਲੇ
- ਅਗਸਤ 2022: ਕਾਦੇਸ਼ਾਹ ਚੌਕ ਨੇੜੇ ਦੋ ਬੱਚਿਆਂ ਨੂੰ ਕੁੱਤਿਆਂ ਨੇ ਵੱਢਿਆ।
- ਅਪ੍ਰੈਲ 2023 : ਵਿਕਰਮਪੁਰਾ ’ਚ ਮਾਤਾ ਚਿੰਤਾਪੁਰਣੀ ਮੰਦਰ ਨੇੜੇ ਸਵੀਟ ਸ਼ਾਪ ਦੇ ਮਾਲਕ ’ਤੇ ਕੁੱਤਿਆਂ ਦਾ ਹਮਲਾ।
- ਫਰਵਰੀ 2024 : ਅਸ਼ੋਕ ਨਗਰ ਵਿਚ 65 ਸਾਲ ਦੀ ਬਜ਼ੁਰਗ ਔਰਤ ’ਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕੀਤਾ।
- ਅਕਤੂਬਰ 2024 : ਪੱਕਾ ਬਾਗ ’ਚ ਔਰਤ ਦੀਆਂ ਲੱਤਾਂ ’ਤੇ ਕੁੱਤਿਆਂ ਨੇ ਵੱਢਿਆ।
- 5 ਅਪ੍ਰੈਲ 2025: ਵਡਾਲਾ ਚੌਕ ਨੇੜੇ ਟਾਵਰ ਐਨਕਲੇਵ ’ਚ 6 ਸਾਲਾ ਬੱਚੇ ਨੂੰ ਕੁੱਤਿਆਂ ਨੇ ਨੋਚਿਆ
- ਜੁਲਾਈ 2025 : ਨਿਊ ਹਰਬੰਸ ਨਗਰ ਦਾ ਵਾਸੀ ਕੁੱਤਿਆਂ ਦੇ ਹਮਲੇ ਨਾਲ ਸਕੂਟਰ ਤੋਂ ਡਿੱਗਿਆ, ਸਿਰ ’ਤੇ ਸੱਟਾਂ ਲੱਗਣ ਕਾਰਨ ਕਈ ਦਿਨ ਆਈਸੀਯੂ ’ਚ ਰਹੇ।