350th Shaheedi Diwas : ਜਲੰਧਰ 'ਚ ਪੁੱਜਾ ਨਗਰ ਕੀਰਤਨ ਗਾਰਡ ਆਫ ਆਨਰ ਦੀ ਸਲਾਮੀ ਮਗਰੋਂ ਹੋਇਆ ਰਵਾਨਾ
ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਗੁਰਦਾਸਪੁਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਰੰਭ ਹੋਇਆ ਨਗਰ ਕੀਰਤਨ ਬੀਤੀ ਦੇਰ ਰਾਤ 1.30 ਜਲੰਧਰ ਸ਼ਹਿਰ 'ਚ ਦਾਖ਼ਲ ਹੋਇਆ।
Publish Date: Sat, 22 Nov 2025 12:20 PM (IST)
Updated Date: Sat, 22 Nov 2025 12:23 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ - ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਗੁਰਦਾਸਪੁਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਰੰਭ ਹੋਇਆ ਨਗਰ ਕੀਰਤਨ ਬੀਤੀ ਦੇਰ ਰਾਤ 1.30 ਜਲੰਧਰ ਸ਼ਹਿਰ 'ਚ ਦਾਖ਼ਲ ਹੋਇਆ। ਦਾਸ ਦੇ ਪਹਿਲੇ ਪੜਾਅ ਦੌਰਾਨ ਮਕਸੂਦਾਂ ਵਿਖੇ ਵਾਰਡ 83ਦੀ ਕੌਂਸਲਰ ਜਸਪਾਲ ਕੌਰ, ਆਪ ਆਗੂ ਡਾਕਟਰ ਗੁਰਚਰਨ ਸਿੰਘ ਭੰਮਰਾ ਵਲੋਂ ਅਗਵਾਈ ਕਰਕੇ ਹਲਕਾ ਇੰਚਾਰਜ ਦਿਨੇਸ਼ ਢੱਲ ਸਮੇਤ ਪੁਲਿਸ ਕਮਿਸ਼ਨਰ, ਡੀ.ਸੀ. ਆਦਿ ਅਧਿਕਾਰੀਆਂ ਸਮੇਤ ਇਲਾਕੇ ਦੀ ਸੰਗਤਾਂ ਵੱਲੋਂ ਪੰਜ ਪਿਆਰਿਆਂ ਤੇ ਪਾਲਕੀ ਸਾਹਿਬ 'ਤੇ ਫੁੱਲਾਂ ਦੀ ਵਰਖਾ ਕਰਕੇ ਜੈਕਾਰਿਆਂ ਦੀ ਗੂੰਜ ਨਾਲ ਨਿੱਘਾ ਸਵਾਗਤ ਕੀਤਾ।
ਨਗਰ ਕੀਰਤਨ ਮਕਸੂਦਾਂ ਤੋਂ ਚਾਲੇ ਪਾ ਕੇ ਤੜਕਸਾਰ ਕਪੂਰਥਲਾ ਰੋਡ 'ਤੇ ਸਥਿਤ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਵਿਖੇ ਪਹੁੰਚ ਕੇ ਵਿਸ਼ਰਾਮ ਲਈ ਰੁਕਿਆ। ਜਿੱਥੇ ਡੇਰੇ ਦੇ ਮੁਖੀ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਏ ਸਮੇਤ ਸਮੂਹ ਸੰਗਤਾਂ ਵੱਲੋਂ ਪੰਜ ਪਿਆਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅਤੇ ਫੁੱਲਾਂ ਦੀ ਵਰਖਾ ਕਰਕੇ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ। ਉਪਰੰਤ ਸਵੇਰੇ 8 ਵਜੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਕਰਮਾ ਕਰ ਰਿਹਾ ਹੈ। ਜਿਥੇ ਵੱਖ-ਵੱਖ ਇਲਾਕਿਆਂ ਦੀ ਸੰਗਤ ਵਲੋਂ ਸਵਾਗਤ ਕੀਤਾ ਜਾ ਰਿਹਾ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿੱਦੀਕੀ, ਹਰਜੋਤ ਸਿੰਘ ਲੱਕੀ ਆਦਿ ਵਲੋਂ ਪੁਲਿਸ ਅਲੀ ਮੁਹੱਲਾ ਵਿਖੇ ਸਵਾਗਤ ਕੀਤਾ ਗਿਆ। ਉਪਰੰਤ ਗੁਰੂ ਨਾਨਕ ਮਿਸ਼ਨ ਚੌਂਕ ਵਿਖੇ ਪ੍ਰਧਾਨ ਗੁਰਬਖਸ਼ ਸਿੰਘ ਜੁਨੇਜਾ ਦੀ ਅਗਵਾਈ ਵਿਚ ਸਵਾਗਤ ਕੀਤਾ ਗਿਆ। ਗੁਰੂ ਨਾਨਕ ਮਿਸ਼ਨ ਚੌਕ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ ਆਨਰ ਦੀ ਸਲਾਮੀ ਦਿੱਤੀ ਗਈ।