ਸਾਢੇ ਤਿੰਨ ਘੰਟੇ ਸਿਹਤ ਸੇਵਾਵਾਂ ਠੱਪ ਰਹਿਣ ਨਾਲ ਮਰੀਜ਼ ਹੋਏ ਪਰੇਸ਼ਾਨ
-ਸਿਰਫ਼ 550 ਦੇ ਕਰੀਬ
Publish Date: Fri, 21 Nov 2025 09:45 PM (IST)
Updated Date: Fri, 21 Nov 2025 09:46 PM (IST)

-ਸਿਰਫ਼ 550 ਦੇ ਕਰੀਬ ਮਰੀਜ਼ਾਂ ਦੀਆਂ ਬਣੀਆਂ ਓਪੀਡੀ ਪਰਚੀਆਂ ਜਾਸ, ਜਲੰਧਰ : ਮਰੀਜ਼ ਦੇ ਪਰਿਵਾਰਕ ਮੈਂਬਰਾਂ ਤੇ ਡਾਕਟਰ ਵਿਚਾਲੇ ਹੋਏ ਵਿਵਾਦ ਮਗਰੋਂ ਡਾਕਟਰਾਂ ਨੇ ਸ਼ੁੱਕਰਵਾਰ ਨੂੰ ਕਰੀਬ ਸਾਢੇ ਤਿੰਨ ਘੰਟੇ ਕੰਮਕਾਜ ਠੱਪ ਰੱਖਿਆ। ਮਰੀਜ਼ਾਂ ਨੂੰ ਸਿਹਤ ਸੇਵਾਵਾਂ ਨਾ ਮਿਲਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਨੂੰ ਓਪੀਡੀ ’ਚ ਸਿਰਫ 550 ਦੇ ਕਰੀਬ ਹੀ ਪਰਚੀਆਂ ਬਣ ਸਕੀਆਂ, ਜਦਕਿ ਹਰ ਰੋਜ਼ ਔਸਤ 1250 ਦੇ ਕਰੀਬ ਮਰੀਜ਼ ਓਪੀਡੀ ’ਚ ਆਉਂਦੇ ਹਨ। ਨਾਲ ਹੀ ਮੈਡੀਕਲ ਕਰਵਾਉਣ ਵਾਲੇ ਬਿਨੈਕਾਰਾਂ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸਿਵਲ ਹਸਪਤਾਲ, ਪੁਲਿਸ, ਮੁਲਜ਼ਮਾਂ ਤੇ ਪੀਸੀਐੱਮਐੱਸ ਡਾਕਟਰਸ ਐਸੋਸੀਏਸ਼ਨ ਦੀ ਬੈਠਕ ਹੋਈ ਤੇ ਦੋਹਾਂ ਧਿਰਾਂ ’ਚ ਸਮਝੌਤਾ ਹੋਣ ਮਗਰੋਂ ਸਿਹਤ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਗਈਆਂ। ਸ਼ੁੱਕਰਵਾਰ ਨੂੰ ਸਵੇਰੇ ਕਰੀਬ 10 ਵਜੇ ਸਿਵਲ ਹਸਪਤਾਲ ’ਚ ਡਾਕਟਰਾਂ ਨੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਐਮਰਜੈਂਸੀ ’ਚ ਤਾਇਨਾਤ ਡਾਕਟਰ ’ਤੇ ਮਾੜੇ ਸਲੂਕ ਦੇ ਦੋਸ਼ਾਂ ਤੇ ਪੁਲਿਸ ਕੋਲ ਮਾਮਲਾ ਦਰਜ ਕਰਵਾਉਣ ਦੇ ਵਿਰੋਧ ’ਚ ਕੰਮਕਾਜ ਬੰਦ ਕਰ ਕੇ ਸਿਹਤ ਸੇਵਾਵਾਂ ਠੱਪ ਰੱਖੀਆਂ। ਇਸ ਮਗਰੋਂ ਮਰੀਜ਼ਾਂ ਨੂੰ ਓਪੀਡੀ ਤੇ ਵਾਰਡਾਂ ’ਚ ਸਿਹਤ ਸੇਵਾਵਾਂ ਲਈ ਇੰਤਜ਼ਾਰ ਕਰਨਾ ਪਿਆ। ਜ਼ਿਆਦਾਤਰ ਮਰੀਜ਼ ਓਪੀਡੀ ’ਚੋਂ ਬੇਰੰਗ ਪਰਤ ਗਏ। ਟ੍ਰੋਮਾ ਸੈਂਟਰ ਦੇ ਆਈਸੀਯੂ ਵਿਚ ਦਾਖਲ ਮਰੀਜ਼ ਪਵਨ ਕੁਮਾਰ ਨੇ ਕਿਹਾ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਦਾਖਲ ਹਨ। ਸ਼ੁੱਕਰਵਾਰ ਨੂੰ ਵਾਰਡ ’ਚ ਡਾਕਟਰ ਨਹੀਂ ਪੁੱਜਾ ਤੇ ਉਨ੍ਹਾਂ ਨੂੰ ਸ਼ੂਗਰ ਦਾ ਟੀਕਾ ਵੀ ਨਹੀਂ ਲੱਗ ਸਕਿਆ। ਇਸ ਮਾਮਲੇ ’ਤੇ ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ। ਓਪੀਡੀ ’ਚ ਆਏ ਭਗਤ ਰਾਮ ਨੇ ਕਿਹਾ ਕਿ ਪਰਚੀ ਬਣਾਉਣ ਮਗਰੋਂ ਟੈਸਟ ਲਈ ਸੈਂਪਲ ਦਿੱਤੇ ਤੇ ਉਸ ਤੋਂ ਬਾਅਦ ਹੜਤਾਲ ਕਾਰਨ ਉਨ੍ਹਾਂ ਨੂੰ ਸਾਢੇ ਤਿੰਨ ਘੰਟੇ ਇੰਤਜ਼ਾਰ ਕਰਨ ਮਗਰੋਂ ਸੇਵਾਵਾਂ ਮਿਲੀਆਂ। ਸਿਵਲ ਹਸਪਤਾਲ ਦੇ ਐੱਮਐੱਸ ਦਫਤਰ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਏਡੀਸੀਪੀ ਆਕਰਸ਼ੀ ਜੈਨ, ਥਾਣਾ-4 ਦੀ ਇੰਚਾਰਜ ਅਨੂੰ, ਸਿਵਲ ਸਰਜਨ ਡਾ. ਰਾਜੇਸ਼ ਗਰਗ ਤੇ ਕਾਰਜਕਾਰੀ ਐੱਮਐੱਸ ਡਾ. ਸਤਿੰਦਰ ਜੀਤ ਸਿੰਘ ਬਜਾਜ ਪੁੱਜੇ। ਉਨ੍ਹਾਂ ਨੇ ਸ਼ਿਕਾਇਤਕਰਤਾ ਰਾਜਿੰਦਰ ਸ਼ਰਮਾ, ਡਾ. ਪ੍ਰਵੀਨ ਯਾਦਵ ਤੇ ਹੋਰ ਸਾਥੀਆਂ ਨਾਲ ਰਲ ਕੇ ਬੈਠਕ ਕੀਤੀ। ਕਰੀਬ ਤਿੰਨ ਘੰਟੇ ਦੀ ਬੈਠਕ ਮਗਰੋਂ ਦੋਵਾਂ ਧਿਰਾਂ ’ਚ ਸਮਝੌਤਾ ਹੋਇਆ ਤੇ ਸਿਹਤ ਸੇਵਾਵਾਂ ਮੁੜ ਸ਼ੁਰੂ ਕਰਵਾਈਆਂ। ਰਾਜਿੰਦਰ ਸ਼ਰਮਾ ਨੇ ਕਿਹਾ ਕਿ ਪਿਛਲੇ ਦਿਨ ਉਹ ਰਾਤ ਨੂੰ ਆਪਣੇ ਜਾਣ-ਪਛਾਣ ਵਾਲੇ ਦਾ ਪਰਚਾ ਕਟਵਾਉਣ ਆਏ ਸਨ ਤੇ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਸੀ। ਇਸ ਤੋਂ ਇਲਾਵਾ ਬਦਇੰਤਜ਼ਾਮੀ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ ਸੀ।