25ਵਾਂ ਉਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਅੱਜ ਤੋਂ
25ਵਾਂ ਉਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ 27 ਨਵੰਬਰ ਤੋਂ
Publish Date: Wed, 26 Nov 2025 07:19 PM (IST)
Updated Date: Wed, 26 Nov 2025 07:23 PM (IST)

-ਟੂਰਨਾਮੈਂਟ ਦਾ ਉਦਘਾਟਨ ਕੁਮਾਰ ਗੌਰਵ ਧਵਨ ਕਮਿਸ਼ਨਰ ਸੀਜੀਐੱਸਟੀ ਕਰਨਗੇ -ਬੀਐੱਸਐੱਫ ਦੇ ਖੇਡ ਮੈਦਾਨ ’ਤੇ ਪਹਿਲੇ ਦਿਨ ਚਾਰ ਟੀਮਾਂ ਵਿਚਾਲੇ ਖੇਡੇ ਜਾਣਗੇ ਮੈਚ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : 25ਵਾਂ ਉਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਹਾਕੀ ਟੂਰਨਾਮੈਂਟ 27 ਨਵੰਬਰ ਤੋਂ 30 ਨਵੰਬਰ ਤੱਕ ਬੀਐੱਸਐੱਫ ਐਸਟਰੋਟਰਫ ਹਾਕੀ ਮੈਦਾਨ ’ਤੇ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਉਲੰਪੀਅਨ ਦਵਿੰਦਰ ਸਿੰਘ ਗਰਚਾ, ਦਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸਤਪਾਲ ਮੁਨਸ਼ੀ ਮੀਤ ਪ੍ਰਧਾਨ, ਉਲੰਪੀਅਨ ਸੰਜੀਵ ਕੁਮਾਰ ਮੀਤ ਪ੍ਰਧਾਨ ਤੇ ਮਹਾਬੀਰ ਸਿੰਘ ਪ੍ਰਬੰਧ ਸਕੱਤਰ ਨੇ ਦੱਸਿਆ ਕਿ ਇਸ ਵਾਰ ਟੂਰਨਾਮੈਂਟ ’ਚ ਦੇਸ਼ ਭਰ ਦੀਆਂ ਸਿਰਕੱਢ 12 ਜੂਨੀਅਰ ਲੜਕਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਟੂਰਨਾਮੈਂਟ ਹਾਕੀ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ ਤੇ ਟੂਰਨਾਮੈਂਟ ਨਾਕ ਆਊਟ ਦੇ ਆਧਾਰ ’ਤੇ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਿੱਸਾ ਲੈਣ ਵਾਲੀਆਂ ਟੀਮਾਂ ’ਚ ਆਰਮੀ ਬੁਆਏਜ਼ ਬੈਂਗਲੁਰੂ, ਦਸਮੇਸ਼ ਕਲੱਬ ਢੁੱਡੀਕੇ, ਹਾਬੜੀ ਕਲੱਬ ਕੈਥਲ, ਜਰਖੜ ਅਕੈਡਮੀ, ਮੇਜਰ ਧਿਆਨ ਚੰਦ ਅਕੈਡਮੀ ਸੈਫਈ, ਸੰਗਰੂਰ ਅਕੈਡਮੀ, ਹਿਮਾਚਲ ਅਕੈਡਮੀ, ਸਾਈ ਦਿੱਲੀ, ਸਾਈਂ ਮਨੀਪੁਰ, ਸੁਰਜੀਤ ਹਾਕੀ ਅਕੈਡਮੀ ਜਲੰਧਰ, ਐੱਸਟੀਸੀ ਕੁਰਕਸ਼ੇਤਰ, ਰਾਊਂਡ ਗਲਾਸ ਹਾਕੀ ਅਕੈਡਮੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦੀ ਸਿਲਵਰ ਜੁਬਲੀ ਹੋਣ ਕਰਕੇ ਉਲੰਪੀਅਨ ਅਜੀਤ ਪਾਲ ਸਿੰਘ ਵੱਲੋਂ ਬਿਹਤਰੀਨ ਗੋਲਕੀਪਰ, ਫੁਲ ਬੈਕ, ਹਫ ਬੈਕ ਤੇ ਫਾਰਵਰਡ ਨੂੰ 10-10 ਹਜ਼ਾਰ ਰੁਪਏ ਨਕਦ ਦਿੱਤੇ ਜਾਣਗੇ। ਟੂਰਨਾਮੈਂਟ ਦਾ ਉਦਘਾਟਨ ਕੁਮਾਰ ਗੌਰਵ ਧਵਨ ਕਮਿਸ਼ਨਰ ਸੀਜੀਐੱਸਟੀ ਜਲੰਧਰ ਬਾਅਦ ਦੁਪਿਹਰ 1 ਕਰਨਗੇ ਜਦਕਿ ਸਾਹਿਬ ਸਿੰਘ ਹੁੰਦਲ ਸਮਾਗਮ ਦੀ ਪ੍ਰਧਾਨਗੀ ਕਰਨਗੇ। 27 ਨਵੰਬਰ ਨੂੰ ਪਹਿਲਾ ਮੁਕਾਬਲਾ ਸਵੇਰੇ 9 ਵਜੇ ਆਰਮੀ ਮੁਆਏਜ਼ ਬੈਂਗਲੂਰ ਤੇ ਦਸਮੇਸ਼ ਕਲੱਬ ਢੁੱਡੀਕੇ ਦਰਮਿਆਨ, ਦੂਜਾ ਮੈਚ ਹਾਬੜੀ ਕਲੱਬ ਕੈਥਲ ਤੇ ਜਰਖੜ ਅਕੈਡਮੀ ਦਰਮਿਆਨ 11 ਵਜੇ, ਤੀਜਾ ਮੁਕਾਬਲਾ ਮੇਜਰ ਧਿਆਨ ਚੰਦ ਅਕੈਡਮੀ ਸੇਫਈ ਤੇ ਸੰਗਰੂਰ ਅਕੈਡਮੀ ਦਰਮਿਆਨ 1 ਵਜੇ, ਚੌਥਾ ਮੈਚ ਹਿਮਾਚਲ ਅਕੈਡਮੀ ਤੇ ਸਾਈਂ ਦਿੱਲੀ ਦਰਮਿਆਨ ਖੇਡਿਆ ਜਾਵੇਗਾ।