ਅੰਮ੍ਰਿਤ ਯੋਜਨਾ ਹੇਠ ਵਿਛਾਈ 133 ਕਿਲੋਮੀਟਰ ਪਾਈਪਲਾਈਨ, ਅਜੇ ਵੀ 500 ਕਿਲੋਮੀਟਰ ਬਦਲਣ ਦੀ ਲੋੜ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਰੋਕਣ ਲਈ ਨਗਰ ਨਿਗਮ ਵੱਲੋਂ ਕੇਂਦਰ ਸਰਕਾਰ ਦੀ ਅੰਮ੍ਰਿਤ ਯੋਜਨਾ ਤਹਿਤ ਵਾਟਰ ਸਪਲਾਈ ਪਾਈਪਲਾਈਨ ਵਿਛਾਉਣ ਦਾ ਕੰਮ ਕੀਤਾ ਗਿਆ। ਕੇਂਦਰ ਸਰਕਾਰ ਨੇ ਲਗਪਗ ਸੱਤ ਸਾਲ ਪਹਿਲਾਂ ਨਗਰ ਨਿਗਮ ਨੂੰ 21.34 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਸੀ। ਇਹ ਕੰਮ ਅਗਲੇ ਦੋ ਸਾਲਾਂ ’ਚ ਪੂਰਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਪਾਈਪਲਾਈਨਾਂ ਬਦਲਣ ਲਈ ਨਿਗਮ ਨੂੰ ਕੋਈ ਹੋਰ ਗ੍ਰਾਂਟ ਨਹੀਂ ਮਿਲੀ। ਨਗਰ ਨਿਗਮ ਸ਼ਹਿਰ ਦੇ 100 ਫੀਸਦੀ ਇਲਾਕਿਆਂ ’ਚ ਪਾਣੀ ਦੀ ਸਪਲਾਈ ਦੇ ਰਿਹਾ ਹੈ। ਮੁਸ਼ਕਲ ਸਿਰਫ ਉਨ੍ਹਾਂ ਇਲਾਕਿਆਂ ’ਚ ਹੈ, ਜਿੱਥੇ ਮੀਂਹ ਦੇ ਦੌਰਾਨ ਪਾਣੀ ਭਰਦਾ ਹੈ ਜਾਂ ਜਿੱਥੇ ਪਾਣੀ ਦੀਆਂ ਪਾਈਪਲਾਈਨਾਂ ਬਹੁਤ ਪੁਰਾਣੀਆਂ ਹੋ ਚੁੱਕੀਆਂ ਹਨ। ਜਦੋਂ ਕੇਂਦਰ ਸਰਕਾਰ ਵੱਲੋਂ ਨਿਗਮ ਨੂੰ ਗ੍ਰਾਂਟ ਭੇਜੀ ਗਈ ਸੀ, ਉਦੋਂ 150 ਕਿੱਲੋਮੀਟਰ ਪਾਈਪਲਾਈਨ ’ਤੇ ਕੰਮ ਹੋਣਾ ਸੀ ਪਰ ਪ੍ਰੋਜੈਕਟ ਮਨਜ਼ੂਰ ਹੋਣ ਤੱਕ ਇਸ ’ਚੋਂ 17 ਕਿੱਲੋਮੀਟਰ ਪਾਈਪਲਾਈਨ ਪਹਿਲਾਂ ਹੀ ਵਿਛਾਈ ਜਾ ਚੁੱਕੀ ਸੀ। ਇਸ ਤਰ੍ਹਾਂ ਨਿਗਮ ਵੱਲੋਂ 133 ਕਿੱਲੋਮੀਟਰ ਪਾਈਪਲਾਈਨ ਵਿਛਾਈ ਗਈ। ਇਸ ’ਚੋਂ ਲਗਪਗ 90 ਕਿੱਲੋਮੀਟਰ ਪਾਈਪਲਾਈਨ ਉਨ੍ਹਾਂ ਇਲਾਕਿਆਂ ’ਚ ਵਿਛਾਈ ਗਈ, ਜਿੱਥੇ ਨਵੀਆਂ ਕਾਲੋਨੀਆਂ ਵਿਕਸਿਤ ਹੋ ਰਹੀਆਂ ਸਨ ਤੇ ਨਵੀਂ ਪਾਈਪਲਾਈਨ ਦੀ ਲੋੜ ਸੀ। 43 ਕਿੱਲੋਮੀਟਰ ਲੰਬੀ ਪੁਰਾਣੀ ਵਾਟਰ ਪਾਈਪਲਾਈਨ ਨੂੰ ਬਦਲਿਆ ਗਿਆ। ਇਹ ਉਹ ਪਾਈਪਲਾਈਨ ਸੀ ਜੋ ਕਾਫੀ ਪੁਰਾਣੀ ਹੋ ਚੁੱਕੀ ਸੀ ਤੇ ਪਾਈਪਾਂ ਗ਼ਲ ਜਾਣ ਕਾਰਨ ਦੂਸ਼ਿਤ ਪੀਣ ਵਾਲੇ ਪਾਣੀ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਸ਼ਹਿਰ ’ਚ ਕਰੀਬ 500 ਕਿੱਲੋਮੀਟਰ ਪਾਈਪਲਾਈਨ ਬਦਲਣ ਦੀ ਲੋੜ ਹੈ। ਇਹ ਪਾਈਪਲਾਈਨ ਬਹੁਤ ਪੁਰਾਣੀਆਂ ਹੋ ਚੁੱਕੀਆਂ ਹਨ ਤੇ ਲੋਕਾਂ ਵੱਲੋਂ ਮੁੱਖ ਪਾਈਪਲਾਈਨ ਤੋਂ ਲਏ ਗਏ ਕਨੈਕਸ਼ਨ ਵੀ ਖਰਾਬ ਹੋ ਚੁੱਕੇ ਹਨ। ਇਹ ਪਾਈਪਲਾਈਨ ਬਦਲਣ ਲਈ ਨਿਗਮ ਨੇ ਡੀਟੇਲ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਹੈ। ਇਹ ਸਰਫੇਸ ਵਾਟਰ ਪ੍ਰੋਜੈਕਟ ਦੇ ਪਾਰਟ-2 ਦਾ ਹਿੱਸਾ ਹੈ। ਸਰਫੇਸ ਵਾਟਰ ਪ੍ਰੋਜੈਕਟ ਪਾਰਟ-1 ਦੇ ਮੁਕੰਮਲ ਹੋਣ ਤੋਂ ਬਾਅਦ ਪਾਰਟ-2 ਸ਼ੁਰੂ ਕੀਤਾ ਜਾਵੇਗਾ। ਇਹ ਪ੍ਰੋਜੈਕਟ ਲਗਪਗ 600 ਕਰੋੜ ਰੁਪਏ ਦਾ ਹੈ। ਇਸ ਲਈ ਫੰਡ ਦਾ ਪ੍ਰਬੰਧ ਕੀਤਾ ਜਾਣਾ ਹੈ। ਫੰਡ ਅਲਾਟ ਨਾ ਹੋਣ ਕਾਰਨ ਇਸ ਦੀ ਯੋਜਨਾ ਅਧਰ ’ਚ ਲਟਕੀ ਹੋਈ ਹੈ।
-------------------------------
ਨਿਗਮ ਫੰਡ ਨਾਲ ਕਈ ਇਲਾਕਿਆਂ ’ਚ ਬਦਲੀ ਗਈ ਪਾਈਪਲਾਈਨ
ਅੰਮ੍ਰਿਤ ਯੋਜਨਾ ਤਹਿਤ ਨਗਰ ਨਿਗਮ ਨੂੰ ਸਾਲ 2020 ’ਚ ਫੰਡ ਮਿਲਿਆ ਸੀ। ਇਹ ਫੰਡ ਖਤਮ ਹੋਣ ਤੋਂ ਬਾਅਦ ਵੀ ਸ਼ਹਿਰ ਦੇ ਕਈ ਇਲਾਕਿਆਂ ’ਚ ਪੁਰਾਣੀਆਂ ਪਾਈਪਾਂ ਬਦਲੀਆਂ ਜਾਂਦੀਆਂ ਰਹੀਆਂ ਹਨ। ਜਿੱਥੇ-ਜਿੱਥੇ ਦੂਸ਼ਿਤ ਪਾਣੀ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ, ਉੱਥੇ ਪਾਈਪਾਂ ਬਦਲਵਾਈਆਂ ਗਈਆਂ। ਇਸ ਦੇ ਬਾਵਜੂਦ ਸ਼ਹਿਰ ਦੇ ਕਈ ਇਲਾਕਿਆਂ ’ਚ ਪਾਈਪਾਂ 40 ਸਾਲ ਤੱਕ ਪੁਰਾਣੀਆਂ ਹੋ ਚੁੱਕੀਆਂ ਹਨ। ਇਹ ਬਸਤੀਆਂ ਤੇ ਸਲੱਮ ਆਬਾਦੀ ਵਾਲੇ ਇਲਾਕੇ ਹਨ। ਇੱਥੇ ਪਾਈਪਾਂ ਬਦਲਣ ਲਈ ਵੱਡੇ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ। ਇਹ ਤੰਗ ਤੇ ਨੀਵੇਂ ਇਲਾਕੇ ਹਨ ਤੇ ਇੱਥੇ ਸੀਵਰੇਜ ਦੀ ਪਾਈਪਲਾਈਨ ਵੀ ਖਰਾਬ ਹੈ। ਸੀਵਰ ਜਾਮ ਹੋਣ ਕਾਰਨ ਗੰਦਾ ਪਾਣੀ ਖਰਾਬ ਪਾਈਪਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ।
---------------------------------
ਦੂਸ਼ਿਤ ਪੀਣ ਵਾਲੇ ਪਾਣੀ ਦਾ ਮਾਮਲਾ ਅਦਾਲਤ ਪੁੱਜਾ
ਰੇਲ ਵਿਹਾਰ ਕਾਲੋਨੀ ’ਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਲੋਕ ਸਥਾਈ ਲੋਕ ਅਦਾਲਤ ਤੱਕ ਵੀ ਪਟੀਸ਼ਨ ਦਾਇਰ ਕਰ ਚੁੱਕੇ ਹਨ। ਕਾਲੋਨੀ ’ਚ ਸਾਫ਼ ਪਾਣੀ ਦੀ ਸਪਲਾਈ ਲਈ ਐਡਵੋਕੇਟ ਮਯਨ ਰਣੌਤ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ’ਚ ਕਿਹਾ ਗਿਆ ਸੀ ਕਿ ਰੇਲ ਵਿਹਾਰ ਕਾਲੋਨੀ ’ਚ ਜਲ ਸਪਲਾਈ ਦੀਆਂ ਪਾਈਪਲਾਈਨਾਂ ਖਰਾਬ ਹੋਣ ਕਾਰਨ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਨਾਲ ਰਲ ਕੇ ਆ ਰਿਹਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਸਾਫ਼ ਪਾਣੀ ਮਿਲਣਾ ਨਾਗਰਿਕਾਂ ਦਾ ਮੁੱਢਲਾ ਹੱਕ ਹੈ।
----------------------------
ਘਰਾਂ ਦੇ ਖਰਾਬ ਕੁਨੈਕਸ਼ਨਾਂ ਕਾਰਨ ਆ ਰਿਹਾ ਗੰਦਾ ਪਾਣੀ
ਨਿਗਮ ਦੀ ਮੁੱਖ ਪਾਈਪਲਾਈਨ ਨਾਲੋਂ ਵੱਧ ਸਮੱਸਿਆ ਲੋਕਾਂ ਦੇ ਘਰਾਂ ਦੇ ਖਰਾਬ ਕੁਨੈਕਸ਼ਨਾਂ ਕਾਰਨ ਪਾਣੀ ਦੂਸ਼ਿਤ ਹੋ ਕੇ ਘਰਾਂ ਤੱਕ ਪੁੱਜਦਾ ਹੈ। ਪੁਰਾਣੇ ਇਲਾਕਿਆਂ ’ਚ ਲੋਕਾਂ ਵੱਲੋਂ ਨਿਗਮ ਦੀ ਪਾਈਪਲਾਈਨ ਤੋਂ ਲਏ ਗਏ ਕੁਨੈਕਸ਼ਨ 40 ਤੋਂ 50 ਸਾਲ ਪੁਰਾਣੇ ਹਨ। ਵੱਡੀ ਗੜਬੜ ਇਨ੍ਹਾਂ ਕੁਨੈਕਸ਼ਨਾਂ ਕਾਰਨ ਵੀ ਹੋ ਰਹੀ ਹੈ। ਇਸ ਲਈ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ। ਇਹ ਕੁਨੈਕਸ਼ਨ ਲੋਕਾਂ ਨੂੰ ਆਪਣੇ ਪੱਧਰ ’ਤੇ ਹੀ ਠੀਕ ਕਰਵਾਉਣੇ ਪੈਣਗੇ। ਦੂਸ਼ਿਤ ਪਾਣੀ ਦੀ ਸ਼ਿਕਾਇਤ ਮਿਲਣ ’ਤੇ ਨਿਗਮ ਵੱਲੋਂ ਕਈ ਇਲਾਕਿਆਂ ’ਚ ਜਾਂਚ ਵੀ ਕੀਤੀ ਗਈ ਹੈ। ਨਿਗਮ ਦੇ ਐੱਸਡੀਓ ਗਗਨਦੀਪ ਨੇ ਦੱਸਿਆ ਕਿ ਸ਼ਹਿਰ ਦੇ ਪੁਰਾਣੇ ਇਲਾਕਿਆਂ ’ਚ ਦੂਸ਼ਿਤ ਪਾਣੀ ਆਉਣ ਦਾ ਇਹ ਇਕ ਵੱਡਾ ਕਾਰਨ ਹੈ। ਜੇ ਲੋਕ ਪੁਰਾਣੇ ਕੁਨੈਕਸ਼ਨ ਠੀਕ ਕਰਵਾ ਲੈਣ ਤਾਂ ਦੂਸ਼ਿਤ ਪਾਣੀ ਨਾਲ ਸਬੰਧਤ ਅੱਧੀਆਂ ਤੋਂ ਵੱਧ ਸ਼ਿਕਾਇਤਾਂ ਖਤਮ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਜ਼ਿਆਦਾਤਰ ਖਰਾਬ ਪਾਈਪਾਂ ਬਦਲ ਦਿੱਤੀਆਂ ਗਈਆਂ ਹਨ ਤੇ ਜਿੱਥੋਂ ਵੀ ਸ਼ਿਕਾਇਤ ਆਉਂਦੀ ਹੈ, ਉੱਥੇ ਤੁਰੰਤ ਪਾਈਪ ਬਦਲਵਾ ਦਿੱਤੀ ਜਾਂਦੀ ਹੈ।