10ਵਾਂ ਜੇਪੀਜੀਏ ਕਿਸਾਨ ਮੇਲਾ ਸਫਲਤਾਪੂਰਵਕ ਸੰਪੰਨ

10ਵਾਂ ਜੇਪੀਜੀਏ ਕਿਸਾਨ ਮੇਲਾ ਸਫਲਤਾਪੂਰਵਕ ਸੰਪੰਨ
-ਮੱਕੀ ਦੀ ਥਾਂ ਮੂੰਗਫਲੀ ਦੀ ਖੇਤੀ ਕਰਨ ਲਈ ਪ੍ਰੇਰਿਆ
-ਲੱਕੀ ਡਰਾਅ ’ਚ ਫਰਾਮਟਰੈਕ ਟਰੈਕਟਰ ਦਾ ਜੇਤੂ ਰਿਹਾ ਸੰਤੋਖ ਸਿੰਘ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਦੋ ਦਿਨਾਂ 10ਵਾਂ ਜੇਪੀਜੀਏ ਕਿਸਾਨ ਮੇਲਾ ਸਫਲਤਾਪੂਰਵਕ ਸੰਪਨ ਹੋਇਆ। ਪਹਿਲੀ ਵਾਰ ਨਕੋਦਰ ਵਿਖੇ ਹੋਏ ਇੰਨੇ ਵੱਡੇ ਕਿਸਾਨ ਮੇਲੇ ’ਚ ਹਜ਼ਾਰਾਂ ਦੀ ਗਿਣਤੀ ’ਚ ਮਾਝਾ, ਮਾਲਵਾ, ਦੋਆਬਾ ਤੇ ਹਰਿਆਣਾ ਤੋਂ ਕਿਸਾਨ ਸ਼ਾਮਿਲ ਹੋਏ। ਦੂਸਰੇ ਦਿਨ ਦੇ ਸੈਮੀਨਾਰ ’ਚ ਮੂੰਗਫਲੀ ਦੀ ਖੇਤੀ ਦੇ ਮਾਹਰ ਮਾਸਟਰ ਜਰਨੈਲ ਸਿੰਘ ਨੇ ਲੋਕਾਂ ਨੂੰ ਆਲੂ ਤੋਂ ਬਾਅਦ ਮੂੰਗਫਲੀ ਦੀ ਖੇਤੀ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਬਦਲਦੇ ਵਾਤਾਵਰਨ ਨਾਲ ਸਾਨੂੰ ਆਪਣੀਆਂ ਫਸਲਾਂ ਵੀ ਬਦਲਣੀਆ ਪੈਣਗੀਆਂ ਜੇਕਰ ਅਸੀ ਲਾਹੇਵੰਦ ਖੇਤੀ ਚਾਹੁੰਦੇ ਹਾਂ। ਡੇਅਰੀ ਪਾਲਨ ਨੂੰ ਕਿਵੇਂ ਸਹਾਇਕ ਧੰਦੇ ਵਜੋਂ ਸਫਲਤਾਪੂਰਕ ਚਲਾਈਏ ਇਸ ਬਾਰੇ ਗਡਵਾਸੂ ਦੇ ਡਾਕਟਰ ਆਰਐੱਸ ਗਰੇਵਾਲ ਨੇ ਕਿਸਾਨਾਂ ਨੂੰ ਲੋੜੀਂਦੀ ਜਾਣਕਾਰੀ ਦਿੱਤੀ। ਕਿਸਾਨ ਮੇਲੇ ’ਚ 150 ਤੋਂ ਵੀ ਵੱਧ ਆਈਆਂ ਕੰਪਨੀਆਂ ਦਾ ਮੇਲਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।
ਕਿਸਾਨ ਮੇਲੇ ’ਚ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਸਾਬਕਾ ਮੰਤਰੀ ਤੇ ਵਿਧਾਇਕ ਜਲੰਧਰ ਕੈਂਪ ਪਰਗਟ ਸਿੰਘ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮੇਂ ਦੀ ਨਜ਼ਾਕਤ ਸਮਝਦਿਆਂ ਖੇਤੀ ’ਚ ਵੱਡੇ ਬਦਲਾਅ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਸਮਾਰਟ ਫਾਰਮਿੰਗ ਦਾ ਹੈ। ਕੁਦਰਤੀ ਖੇਤੀ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਕਿਸਾਨ ਮੇਲੇ ਦੌਰਾਨ ਕੱਢੇ ਗਏ ਲੱਕੀ ਡਰਾਅ ’ਚ ਪਹਿਲੇ ਨੰਬਰ ‘ਤੇ ਫਰਾਮਟਰੈਕ ਟਰੈਕਟਰ ਦਾ ਜੇਤੂ ਸੰਤੋਖ ਸਿੰਘ ਮੁਹੱਲਾ ਸੋਢਲ ਜਲੰਧਰ ਰਿਹਾ, ਦੂਸਰੇ ਨੰਬਰ ’ਤੇ ਸ਼ਕਤੀਮਾਨ ਰੋਟਾਵੇਟਰ ਦਾ ਜੇਤੂ ਮਨਜਿੰਦਰ ਸਿੰਘ ਨਕੋਦਰ ਤੇ ਤੀਸਰੇ ’ਤੇ ਖਿੰਡਾ ਬੂਮ ਸਪਰੇਅ ਦਾ ਜੇਤੂ ਜਸਕਰਨਜੀਤ ਸਿੰਘ ਬਿੱਲੀ ਵੜੈਚ ਰਿਹਾ।
ਇਸ ਮੌਕੇ ਇਨਾਮਾਂ ਦੀ ਵੰਡ ਪ੍ਰਧਾਨ ਗੁਰਰਾਜ ਸਿੰਘ ਨਿੱਝਰ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ’ਚ ਸਮੂਹ ਮੇਲਾ ਕਮੇਟੀ ਵੱਲੋਂ ਕੀਤੀ ਗਈ। ਪ੍ਰਧਾਨ ਗੁਰਰਾਜ ਸਿੰਘ ਨਿੱਝਰ ਨੇ ਕਿਹਾ ਕਿ ਹੁਣ ਹਰ ਸਾਲ ਕਿਸਾਨ ਮੇਲਾ ਨਕੋਦਰ ਦੀ ਦਾਣਾ ਮੰਡੀ ’ਚ ਕਰਵਾਇਆ ਜਾਇਆ ਕਰੇਗਾ। ਇਸ ਸਬੰਧੀ ਫੈਸਲਾ ਆਉਣ ਵਾਲੀ ਮੀਟਿੰਗ ’ਚ ਨਿਰਧਾਰਿਤ ਕੀਤਾ ਜਾਵੇਗਾ ਕਿ ਦਸੰਬਰ ਜਾਂ ਸਤੰਬਰ ’ਚੋਂ ਕਿਹੜਾ ਮਹੀਨਾ ਰੱਖਣਾ ਹੈ। ਉਨ੍ਹਾਂ ਕਿਹਾ ਕਿ ਨਕੋਦਰ ਵਿਖੇ ਮਾਲਵਾ, ਮਾਝਾ ਤੇ ਦੋਆਬਾ ਦੇ ਕਿਸਾਨਾਂ ਲਈ ਪਹੁੰਚ ਬਹੁਤ ਸੋਖਾਲੀ ਹੈ। ਇਥੇ ਪਾਰਕਿੰਗ ਦੀ ਵਿਵਸਥਾ ਵੀ ਬਹੁਤ ਸਫਲ ਰਹੀ ਜੋ ਪਿਛਲੇ ਮੇਲਿਆਂ ਦੌਰਾਨ ਸਭ ਤੋਂ ਵੱਡੀ ਸਮੱਸਿਆ ਸੀ। ਮੇਲੇ ਦੀ ਸਮਾਪਤੀ ਮੌਕੇ ਵਾਈਸ ਪ੍ਰਧਾਨ ਅਸ਼ਵਿੰਦਰ ਸਿੰਘ ਨੀਟੂ ਨੇ ਨਕੋਦਰ ’ਚ ਹੋਏ ਪਹਿਲੀ ਵਾਰ ਕਿਸਾਨ ਮੇਲੇ ਨੂੰ ਸਫਲ ਕਰਨ ਲਈ ਸਮੂਹ ਕਿਸਾਨਾਂ, ਜਥੇਬੰਦੀਆਂ, ਸਰਕਾਰੀ ਪ੍ਰਸ਼ਾਸਨ, ਮਾਰਕਿਟ ਕਮੇਟੀ, ਕੰਪਨੀਆਂ ਤੇ ਸਾਰੇ ਹੀ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ।