ਮਲਟੀ ਡਰੱਗ ਥੈਰੇਪੀ ਨਾਲ ਕੁਸ਼ਟ ਰੋਗ ਦਾ 100% ਇਲਾਜ ਸੰਭਵ
ਮਲਟੀ ਡਰੱਗ ਥੈਰੇਪੀ ਨਾਲ ਕੁਸ਼ਟ ਰੋਗ ਦਾ 100 ਫੀਸਦੀ ਇਲਾਜ ਸੰਭਵ : ਡਾ. ਦਲਜੀਤ ਸਿੰਘ
Publish Date: Fri, 30 Jan 2026 08:19 PM (IST)
Updated Date: Fri, 30 Jan 2026 08:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਾਤਮਾ ਗਾਂਧੀ ਦੇ ਬਲੀਦਾਨ ਨੂੰ ਸਮਰਪਿਤ ਵਿਸ਼ਵ ਲੈਪਰੋਸੀ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਕੁਸ਼ਟ ਆਸ਼ਰਮ ’ਚ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ। ਇਹ ਸਮਾਗਮ ਆਈਐੱਮਏ ਦੇ ਸਹਿਯੋਗ ਨਾਲ ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਦਲਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਮਹਾਤਮਾ ਗਾਂਧੀ ਦੀ ਪ੍ਰਤਿਮਾ ‘ਤੇ ਸ਼ਰਧਾ-ਸੁਮਨ ਭੇਟ ਕਰਦੇ ਹੋਏ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਸਿਹਤ ਵਿਭਾਗ, ਸਹਾਰਾ ਸੇਵਾ ਸਮਿਤੀ ਸਿਵਲ ਹਸਪਤਾਲ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ, ਫਲ ਅਤੇ ਹੋਰ ਜ਼ਰੂਰਤ ਦਾ ਸਾਮਾਨ ਵੰਡਿਆ ਗਿਆ। ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਦਲਜੀਤ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਸ਼ਟ ਰੋਗ ਮਾਈਕ੍ਰੋਬੈਕਟੀਰੀਅਮ ਲੈਪਰਾ ਨਾਮਕ ਜੀਵਾਣੂ ਰਾਹੀਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਜੇ ਸਰੀਰ ‘ਤੇ ਸੁੰਨਤਾ ਵਾਲਾ ਤਾਂਬੇ ਜਾਂ ਹਲਕੇ ਗੁਲਾਬੀ ਰੰਗ ਦਾ ਚਟਾਕ ਨਜ਼ਰ ਆਵੇ ਤਾਂ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਸਮੇਂ ਸਿਰ ਇਲਾਜ ਸ਼ੁਰੂ ਹੋਣ ਨਾਲ ਅੰਗਹੀਣਤਾ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਲਟੀ ਡਰੱਗ ਥੈਰੇਪੀ ਰਾਹੀਂ ਕੁਸ਼ਟ ਰੋਗ ਦਾ 100 ਫੀਸਦੀ ਇਲਾਜ ਸੰਭਵ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹਰ ਸਾਲ ਕਰੀਬ 60 ਨਵੇਂ ਕੁਸ਼ਟ ਰੋਗ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਇਸ ਮੌਕੇ ਜ਼ਿਲ੍ਹਾ ਸਹਾਇਕ ਸਿਹਤ ਅਫ਼ਸਰ ਡਾ. ਮੀਰਾ, ਐੱਸਐੱਮਓ ਪੀਪੀ ਯੂਨਿਟ ਡਾ. ਇੰਦੂ, ਆਈਐੱਮਏ ਜਲੰਧਰ ਦੇ ਪ੍ਰਧਾਨ ਡਾ. ਧੀਰਜ ਭਾਟੀਆ, ਡਾ. ਗੁਰਤੇਜ ਸਿੰਘ ਪਰਮਾਰ, ਡਾ. ਜੰਗਪ੍ਰੀਤ ਮੁਲਤਾਨੀ, ਡਾ. ਰਾਜੇਸ਼ ਸੱਚਰ, ਡਾ. ਵੰਦਨਾ ਲਾਲਵਾਨੀ, ਅਸੀਮ ਸ਼ਰਮਾ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਹਰਿੰਦਰ ਦੁਸਾਂਝ ਐੱਨਐੱਮਐੱਸ ਤੇ ਸਹਾਰਾ ਸੇਵਾ ਸਮਿਤੀ ਤੋਂ ਪ੍ਰਧਾਨ ਹਰਬੰਸ ਗਗਨੇਜਾ, ਕੰਵਲ ਜੈਨ, ਸਤੀਸ਼ ਕਪੂਰ, ਮਹੇਸ਼ ਚੰਦਰ ਤੇ ਅਰੁਣ ਕੁਮਾਰ ਨੇ ਵੀ ਸ਼ਿਰਕਤ ਕੀਤੀ।