ਦਸੂਹਾ ਦੇ ਨੌਜਵਾਨ ਦੀ ਇਟਲੀ ’ਚ ਸ਼ੱਕੀ ਹਾਲਤ ’ਚ ਮੌਤ
ਕਈ ਉਮੀਦਾਂ ਨਾਲ ਗਿਆ
Publish Date: Sun, 18 Jan 2026 09:06 PM (IST)
Updated Date: Mon, 19 Jan 2026 04:21 AM (IST)

ਕਈ ਉਮੀਦਾਂ ਨਾਲ ਗਿਆ ਸੀ ਟਵਿੰਕਲ, ਪਿੰਡ ’ਚ ਸ਼ੋਕ ਦੀ ਲਹਿਰ ਸੰਵਾਦ ਸਹਿਯੋਗੀ, ਜਾਗਰਣ, ਦਸੂਹਾ: ਦਸੂਹਾ ਦੇ ਪਿੰਡ ਖੋਲੇ ਦੇ ਇਕ ਨੌਜਵਾਨ ਦੀ ਇਟਲੀ ’ਚ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਹੈ। ਮ੍ਰਿਤਕ ਦਾ ਪਛਾਣ 24 ਸਾਲਾ ਟਵਿੰਕਲ ਰੰਧਾਵਾ ਦੇ ਰੂਪ ’ਚ ਹੋਈ ਹੈ, ਜੋ ਪਿੰਡ ਖੋਲੇ, ਤਹਿਸੀਲ ਦਸੂਹਾ ਦਾ ਰਹਿਣ ਵਾਲਾ ਸੀ। ਮੌਤ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ। ਜਾਣਕਾਰੀ ਅਨੁਸਾਰ ਟਵਿੰਕਲ ਰੰਧਾਵਾ ਲੱਗਭਗ 6 ਮਹੀਨੇ ਪਹਿਲਾਂ ਚੰਗੇ ਭਵਿੱਖ ਦੀ ਉਮੀਦ ’ਚ ਕਰਜ਼ਾ ਲੈ ਕੇ ਇਟਲੀ ਗਿਆ ਸੀ। ਉਹ ਇਟਲੀ ਦੇ ਸ਼ਹਿਰ ਲੀਡੋ ਦਾ ਲਾਵੀਨੀਆ ’ਚ ਕੰਮ ਕਰ ਰਿਹਾ ਸੀ ਤੇ ਉਥੇ ਦੋ ਹੋਰ ਪੰਜਾਬੀ ਨੌਜਵਾਨਾਂ ਨਾਲ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਪੀੜਤ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਬਲਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ 16 ਜਨਵਰੀ ਨੂੰ ਪਰਿਵਾਰ ਨੂੰ ਇਟਲੀ ਤੋਂ ਫੋਨ ਆਇਆ, ਜਿਸ ’ਚ ਟਵਿੰਕਲ ਦੀ ਮੌਤ ਦੀ ਖਬਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਟਲੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਟਵਿੰਕਲ ਨਾਲ ਰਹਿਣ ਵਾਲੇ ਨੌਜਵਾਨਾਂ ਤੋਂ ਪੁੱਛਗਿੱਛ ਕਰ ਰਹੀ ਹੈ। ਮ੍ਰਿਤਕ ਦੇ ਪਿਤਾ ਜਗੀਰ ਸਿੰਘ ਤੇ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਹਨ ਤੇ ਟਵਿੰਕਲ ਛੋਟਾ ਪੁੱਤਰ ਸੀ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੇ ਕਰਜ਼ਾ ਲੈ ਕੇ ਟਵਿੰਕਲ ਨੂੰ ਇਟਲੀ ਭੇਜਿਆ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਟਵਿੰਕਲ ਨਾਲ ਫੋਨ ’ਤੇ ਗੱਲ ਹੋਈ ਸੀ, ਉਹ ਬਹੁਤ ਖੁਸ਼ ਸੀ। ਉਸ ਦੀ ਅਚਾਨਕ ਮੌਤ ਦੀ ਖਬਰ ਨੇ ਉਨ੍ਹਾਂ ਨੂੰ ਸ਼ੱਕ ਕਰਨ ’ਤੇ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਸ ਨਾਲ ਕੁਝ ਗਲਤ ਹੋਇਆ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਇਟਲੀ ਦੀ ਸਰਕਾਰ ਨਾਲ ਸੰਪਰਕ ਕਰੇ ਤੇ ਮੌਤ ਦੇ ਅਸਲੀ ਕਾਰਨਾਂ ਦੀ ਪੂਰੀ ਜਾਂਚ ਕਰੇ। ਇਸ ਦੇ ਨਾਲ, ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਟਵਿੰਕਲ ਰੰਧਾਵਾ ਦੀ ਲਾਸ਼ ਜਲਦੀ ਭਾਰਤ ਲਿਆਂਦੀ ਜਾਵੇ।