ਰਿਚੀ ਟਰੈਵਲਜ਼ ਦੇ ਲੈਪਟਾਪ ਤੇ ਮੋਬਾਈਲ ਨੂੰ ਈਡੀ ਨੇ ਫੋਰੈਂਸਿਕ ਜਾਂਚ ਲਈ ਭੇਜਿਆ
- ਹਵਾਲੇ ਰਾਹੀਂ ਕਰੋੜਾਂ
Publish Date: Fri, 19 Dec 2025 07:40 PM (IST)
Updated Date: Fri, 19 Dec 2025 07:43 PM (IST)
- ਹਵਾਲੇ ਰਾਹੀਂ ਕਰੋੜਾਂ ਦਾ ਲੈਣ-ਦੇਣ ਕਰਨ ਦੇ ਦੋਸ਼ਾਂ ਦੀ ਹੋ ਰਹੀ ਜਾਂਚ
ਜਾਗਰਣ ਸੰਵਾਦਦਾਤਾ, ਜਲੰਧਰ : ਰਿਚੀ ਟਰੈਵਲਜ਼ ’ਤੇ ਵੀਰਵਾਰ ਰਾਤ 11 ਵਜੇ ਤਕ ਚੱਲੀ ਜਾਂਚ ਤੋਂ ਬਾਅਦ ਈਡੀ ਦੀ ਟੀਮ ਸ਼ੁੱਕਰਵਾਰ ਸਵੇਰੇ 6 ਵਜੇ ਫਿਰ ਉਨ੍ਹਾਂ ਦੇ ਦਫ਼ਤਰ ਪਹੁੰਚੀ। ਇਸ ਤੋਂ ਪਹਿਲਾਂ ਈਡੀ ਨੇ ਵੀਰਵਾਰ ਨੂੰ ਰਿਚੀ ਟਰੈਵਲਜ਼ ਦੇ ਦਫ਼ਤਰ ਅਤੇ ਘਰ ਦੀ ਜਾਂਚ ਕਰ ਕੇ ਰਿਕਾਰਡ ਜਬਤ ਕਰ ਲਿਆ ਸੀ। ਰਿਚੀ ਟਰੈਵਲਜ਼ ਸੰਚਾਲਕਾਂ ਦੇ ਫੜੇ ਗਏ ਮੋਬਾਈਲ ਅਤੇ ਲੈਪਟਾਪ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਦਿੱਲੀ ਦੇ ਟਰੈਵਲ ਏਜੰਟ ਤੋਂ 4.62 ਕਰੋੜ, 313 ਕਿਲੋ ਚਾਂਦੀ ਅਤੇ 6 ਕਿਲੋ ਸੋਨੇ ਦੇ ਬਿਸਕਟ ਮਿਲਣ ਤੋਂ ਬਾਅਦ ਈਡੀ ਨੇ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ।
ਈਡੀ ਸਾਰੇ ਟਰੈਵਲ ਏਜੰਟਾਂ ਦਾ ਦਿੱਲੀ ਦੇ ਏਜੰਟ ਨਾਲ ਲਿੰਕ ਕੱਢ ਰਹੀ ਹੈ, ਜੋ ਡੰਕੀ ਦੇ ਧੰਦੇ ਨਾਲ ਜੁੜੇ ਰਹੇ ਹਨ। ਜਲੰਧਰ ਦੇ ਰਿਚੀ ਟਰੈਵਲਜ਼ ’ਤੇ ਵੀ ਡੰਕੀ ਦੇ ਲਏ ਹਵਾਲੇ ਰਾਹੀਂ ਕਰੋੜਾਂ ਦਾ ਲੈਣ-ਦੇਣ ਕਰਨ ਦੇ ਦੋਸ਼ ਹਨ। ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਲੋਕਾਂ ਦੀਆਂ ਪੁਲਿਸ ਨੂੰ ਕੀਤੀਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਈਡੀ ਨੇ ਡੰਕੀ ਨੈੱਟਵਰਕ ’ਤੇ ਸ਼ਿਕੰਜਾ ਕੱਸਿਆ ਹੈ। ਪੀੜਤਾਂ ਨੇ ਅਮਰੀਕਾ ਜਾਣ ਲਈ ਡੰਕੀ ਲਗਾਉਣ ਲਈ 45 ਤੋਂ 50 ਲੱਖ ਰੁਪਏ ਖਰਚ ਕੀਤੇ ਸਨ। ਅਮਰੀਕਾ ਤੋਂ 330 ਲੋਕਾਂ ਨੂੰ ਡਿਪੋਰਟ ਕਰਨ ਤੋਂ ਬਾਅਦ ਡੰਕੀ ਨੈੱਟਵਰਕ ’ਤੇ ਸਵਾਲ ਉੱਠੇ ਤਾਂ ਈਡੀ ਨੂੰ ਦਿੱਲੀ ਵਿਚ ਵੱਡੀ ਸਫਲਤਾ ਮਿਲੀ ਹੈ।
ਜਾਂਚ ਵਿਚ ਈਡੀ ਨੂੰ ਪਤਾ ਲੱਗਾ ਕਿ ਲੋਕਾਂ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਲਈ ਟਰੈਵਲ ਏਜੰਟ, ਬਿਚੌਲੀਆ, ਡੰਕਰ, ਵਿਦੇਸ਼ਾਂ ਵਿਚ ਮੌਜੂਦ ਉਨ੍ਹਾਂ ਦੇ ਸਾਥੀ, ਹਵਾਲਾ ਆਪ੍ਰੇਟਰ ਅਤੇ ਰਹਿਣ-ਖਾਣ ਦੀਆਂ ਸਹੂਲਤਾਂ ਉਪਲਬਧ ਕਰਵਾਉਂਦੇ ਸਨ ਅਤੇ ਅਮਰੀਕਾ ਜਾਣ ਵਾਲਿਆਂ ਨੂੰ ਬੁਰੇ ਹਾਲਾਤਾਂ ਵਿਚ ਫਸਾ ਕੇ ਉਨ੍ਹਾਂ ਤੋਂ ਪੈਸਾ ਟਰਾਂਸਫਰ ਕਰਵਾਉਂਦੇ ਸਨ। ਈਡੀ ਨੇ 9 ਜੁਲਾਈ ਅਤੇ 11 ਜੁਲਾਈ ਨੂੰ ਛਾਪੇਮਾਰੀ ਤੋਂ ਬਾਅਦ 18 ਦਸੰਬਰ ਨੂੰ ਵੱਡੀ ਕਾਰਵਾਈ ਕੀਤੀ ਹੈ। ਰਿਚੀ ਟਰੈਵਲਜ਼ ਦੇ ਮੈਨੇਜਿੰਗ ਡਾਇਰੈਕਟਰ ਸਤਪਾਲ ਸਿੰਘ ਮੁਲਤਾਨੀ ਦਾ ਪਰਿਵਾਰ ਚੰਗੀ ਰਾਜਨੀਤਿਕ ਪਕੜ ਰੱਖਦਾ ਹੈ ਅਤੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਨਾਲ ਵੀ ਉਨ੍ਹਾਂ ਦਾ ਤਾਲਮੇਲ ਰਿਹਾ ਹੈ। ਈਡੀ ਨੇ ਰਿਚੀ ਟਰੈਵਲਜ਼ ਤੋਂ ਕੀ ਬਰਾਮਦ ਕੀਤਾ ਹੈ, ਇਹ ਹਾਲੇ ਤਕ ਜਨਤਕ ਨਹੀਂ ਕੀਤਾ ਗਿਆ।