ਹਾਈਟੈੱਕ ਹੋਵੇਗੀ ਥਾਣੇ ਤੇ ਚੌਕੀਆਂ ਦੀ ਪੁਲਿਸ : ਡੀਐੱਸਪੀ ਭਰਤ ਮਸੀਹ
ਜਾਸ, ਫਿਲੌਰ, ਫਿਲੌਰ ਸਬ-ਡਵੀਜ਼ਨ
Publish Date: Fri, 12 Dec 2025 11:52 PM (IST)
Updated Date: Sat, 13 Dec 2025 04:10 AM (IST)

ਜਾਸ, ਫਿਲੌਰ, ਫਿਲੌਰ ਸਬ-ਡਵੀਜ਼ਨ ’ਚ ਪੈਣ ਵਾਲੇ ਤਿੰਨੋ ਥਾਣਿਆਂ ਤੇ ਚੌਕੀਆਂ ਦੀ ਪੁਲਿਸ ਨੂੰ ਹਾਈਟੈੱਕ ਕੀਤਾ ਜਾਵੇਗਾ। ਨਾਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਕੋਲ ਨਸ਼ਾ ਤਸਕਰਾਂ ਤੇ ਅਪਰਾਧੀਆਂ ਦਾ ਰਿਕਾਰਡ ਤੇ ਤਸਵੀਰਾਂ ਹੋਣਗੀਆਂ। ਅੱਜ ਡੀਐੱਸਪੀ ਫਿਲੌਰ ਭਰਤ ਮਸੀਹ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲੌਰ, ਬਿਲਗਾ ਤੇ ਗੋਰਇਆ ਦੇ ਤਿੰਨੋ ਥਾਣਿਆਂ ਦੇ ਇੰਚਾਰਜਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਥਾਣਿਆਂ ਤੇ ਚੌਕੀਆਂ ’ਚ ਜੇ ਕੋਈ ਨਸ਼ਾ ਤਸਕਰ ਜਾਂ ਵੱਡਾ ਅਪਰਾਧੀ ਹੋਵੇ, ਜੋ ਜੇਲ ’ਚ ਹੋਵੇ ਜਾਂ ਜਮਾਨਤ ’ਤੇ ਬਾਹਰ ਆ ਚੁੱਕਾ ਹੋਵੇ, ਤਾਂ ਉਸ ਦਾ ਪੂਰਾ ਰਿਕਾਰਡ ਤੇ ਤਸਵੀਰਾਂ ਉਨ੍ਹਾਂ ਕੋਲ ਹੋਣੀਆਂ ਚਾਹੀਦੀਆਂ ਹਨ। ਦੂਜਾ ਹਾਈਟੈੱਕ ਨਾਕੇ ’ਤੇ ਜੋ ਪੁਲਿਸ ਤਾਇਨਾਤ ਹੈ, ਉਨ੍ਹਾਂ ਕੋਲ ਵੀ ਅਪਰਾਧੀਆਂ ਦਾ ਇਕ ਤਸਵੀਰ ਸਹਿਤ ਰਜਿਸਟਰ ਹੋਣਾ ਚਾਹੀਦਾ ਹੈ, ਜਿਸ ਨਾਲ ਜਦੋਂ ਉਹ ਵਾਹਨਾਂ ਦੀ ਜਾਂਚ ਕਰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਪਤਾ ਲੱਗ ਜਾਵੇਗਾ ਕਿ ਗੱਡੀ ’ਚ ਨਸ਼ਾ ਤਸਕਰ ਜਾਂ ਕੋਈ ਵੱਡਾ ਅਪਰਾਧੀ ਮੌਜੂਦ ਹੈ, ਉਹ ਕਿੱਥੋਂ ਆਇਆ ਹੈ ਤੇ ਕਿੱਥੇ ਜਾ ਰਿਹਾ ਹੈ। ਇਸ ਨਾਲ ਇਕ ਪਾਸੇ ਪੁਲਿਸ ਨੂੰ ਉਸ ਦੀਆਂ ਗਤੀਵਿਧੀਆਂ ਦਾ ਤੁਰੰਤ ਪਤਾ ਲੱਗੇਗਾ, ਦੂਜੇ ਪਾਸੇ ਅਪਰਾਧੀ ਨੂੰ ਇਹ ਅਹਿਸਾਸ ਹੋਵੇਗਾ ਕਿ ਉਸ ਦੀ ਹਰ ਗਤੀਵਿਧੀ ’ਤੇ ਪੁਲਿਸ ਦੀ ਨਜ਼ਰ ਹੈ। ਡੀਐੰਸਪੀ ਭਰਤ ਮਸੀਹ ਨੇ ਥਾਣਾ ਮੁਕੀਆਂ ਨੂੰ ਨਿਰਦੇਸ਼ ਦਿੱਤੇ ਕਿ ਜਦੋਂ ਵੀ ਉਹ ਨਾਕਾਬੰਦੀ ਕਰ ਕੇ ਵਾਹਨਾਂ ਦੀ ਜਾਂਚ ਕਰਦੇ ਹਨ ਤਾਂ ਬਕਾਇਦਾ ਉਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ। ਇਸ ਨਾਲ ਜੇ ਕੋਈ ਗੈਂਗਸਟਰ ਉੱਥੋਂ ਲੰਘਦਾ ਹੈ ਤਾਂ ਉਸ ਨੂੰ ਅਪਰਾਧ ਕਰਨ ਤੋਂ ਪਹਿਲਾਂ ਡਰ ਰਹੇਗਾ ਕਿ ਜਿਸ ਨਾਕੇ ਤੋਂ ਉਹ ਲੰਘ ਰਿਹਾ ਹੈ, ਉੱਥੇ ਦੀ ਪੁਲਿਸ ਕੋਲ ਉਸ ਦਾ ਪੂਰਾ ਰਿਕਾਰਡ ਹੈ, ਜੇ ਉਹ ਅਪਰਾਧ ਕਰਦਾ ਹੈ ਤਾਂ ਉਹ ਫੜਿਆ ਜਾਵੇਗਾ। ਡੀਐੰਸਪੀ ਨੇ ਇਲਾਕਾ ਵਾਸੀਆਂ ਤੋਂ ਅਪੀਲ ਕੀਤੀ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ’ਚ 24 ਘੰਟੇ ਹਾਜ਼ਰ ਹੈ, ਜੇ ਉਨ੍ਹਾਂ ਨੂੰ ਆਪਣੇ ਆਸ-ਪਾਸ ਕੁਝ ਵੀ ਗਲਤ ਹੁੰਦਾ ਦਿਖਾਈ ਦੇਵੇ ਤਾਂ ਉਹ ਇਸ ਨੂੰ ਲੁਕਾਉਣ ਦੀ ਬਜਾਏ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣ। ਪੁਲਿਸ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖੇਗੀ। ਉਨ੍ਹਾਂ ਕਿਹਾ ਕਿ ਸਮੇਂ ’ਤੇ ਮਿਲਣ ਵਾਲੀ ਜਾਣਕਾਰੀ ਨਾਲ ਵੱਡੇ ਤੋਂ ਵੱਡੇ ਅਪਰਾਧ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕੋਈ ਆਮ ਵਿਅਕਤੀ ਪੁਲਿਸ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੰਦਾ ਹੈ ਤਾਂ ਅੱਗੇ ਬੈਠਾ ਪੁਲਿਸ ਮੁਲਾਜ਼ਮ ਜਾਣਕਾਰੀ ਦੇਣ ਵਾਲੇ ਦਾ ਨਾਂ ਤੇ ਪਤਾ ਪੁੱਛਣ ਦੇ ਨਾਲ-ਨਾਲ ਉਸ ਵਿਅਕਤੀ ਦੀਆਂ ਜਾਣਕਾਰੀਆਂ ਇਕੱਠੀਆਂ ਕਰਨ ਲੱਗ ਜਾਂਦਾ ਹੈ, ਜਿਸ ਨਾਲ ਜਾਣਕਾਰੀ ਦੇਣ ਵਾਲਾ ਵਿਅਕਤੀ ਘਬਰਾਹਟ ਮਹਿਸੂਸ ਕਰਦਾ ਹੈ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਕੰਮ ਨੂੰ ਹੋਰ ਆਸਾਨ ਬਣਾਉਣ ਤੇ ਜਨਤਾ ਦਾ ਸਹਿਯੋਗ ਕਰਨ, ਜਦੋਂ ਜਨਤਾ ਦੇਖੇਗੀ ਕਿ ਪੁਲਿਸ ਉਨ੍ਹਾਂ ਦੇ ਸਹਿਯੋਗ ਨੂੰ ਸਵੀਕਾਰ ਕਰ ਰਹੀ ਹੈ ਤਾਂ ਉਹ ਖ਼ੁਦ ਪੁਲਿਸ ਨੂੰ ਸਹਿਯੋਗ ਦੇਣਗੇ।