ਗੱਡੀਆਂ ਦੀ ਮੁਰੰਮਤ ਦਾ ਖਰਚ ਬਜਟ ਤੋਂ ਵੱਧ, ਨਿਗਮ ਕਮਿਸ਼ਨਰ ਸਖ਼ਤ
ਜਾਗਰਣ ਸੰਵਾਦਦਾਤਾ, ਜਲੰਧਰਨਗਰ ਨਿਗਮ
Publish Date: Fri, 05 Dec 2025 09:30 PM (IST)
Updated Date: Sat, 06 Dec 2025 04:15 AM (IST)

ਜਾਗਰਣ ਸੰਵਾਦਦਾਤਾ, ਜਲੰਧਰ ਨਗਰ ਨਿਗਮ ਦੀ ਵਰਕਸ਼ਾਪ ’ਚ ਗੱਡੀਆਂ ਦੀ ਮੁਰੰਮਤ ਦਾ ਖਰਚ ਨਿਰਧਾਰਿਤ ਬਜਟ ਤੋਂ ਵੱਧ ਹੋ ਗਿਆ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕਿੰਨਾ ਬਜਟ ਰੱਖਿਆ ਗਿਆ ਸੀ ਪਰ ਸਾਲ 2025-26 ਲਈ ਗੱਡੀਆਂ ਦੀ ਮੁਰੰਮਤ ਲਈ ਜੋ ਬਜਟ ਰੱਖਿਆ ਗਿਆ ਸੀ ਉਹ ਨਵੰਬਰ ਮਹੀਨੇ ਤੱਕ ਹੀ ਪਾਰ ਹੋ ਗਿਆ ਹੈ। ਇਸ ਸਮੇਂ ਸਾਲ ਦੇ ਖਤਮ ਹੋਣ ’ਚ 4 ਮਹੀਨੇ ਬਾਕੀ ਹਨ। ਕਮਿਸ਼ਨਰ ਸੰਦੀਪ ਰਿਸ਼ੀ ਨੇ ਹੁਕਮ ਦਿੱਤਾ ਹੈ ਕਿ ਹੁਣ ਜੋ ਵੀ ਗੱਡੀਆਂ ਦੀ ਮੁਰੰਮਤ ਹੋਵੇਗੀ, ਉਸ ਦਾ ਜੌਬ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਕੰਮ ਟੈਕਨੀਸ਼ੀਅਨ ਦੇਵੇਂਦਰ ਸੈਣੀ ਦੇਖਣਗੇ। ਜੌਬ ਕਾਰਡ ਜਾਰੀ ਕਰਨ ਲਈ ਵਰਕਸ਼ਾਪ ’ਚ ਕੰਪਿਊਟਰ ਲਾਇਆ ਜਾਵੇਗਾ। ਇਸ ਤੋਂ ਪਹਿਲਾਂ ਵੀ ਨਿਗਮ ਦੀ ਵਰਕਸ਼ਾਪ ’ਚ ਗੱਡੀਆਂ ਦੀ ਮੁਰੰਮਤ ਦਾ ਖਰਚ ਲੱਗਭਗ 7 ਗੁਣਾ ਵੱਧ ਹੋ ਗਿਆ ਸੀ। 2 ਸਾਲ ਪਹਿਲਾਂ ਨਗਰ ਨਿਗਮ ਦੀਆਂ ਗੱਡੀਆਂ ’ਤੇ ਲੱਗਭਗ 6 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਸਨ, ਜਦਕਿ ਬਜਟ 95 ਲੱਖ ਰੁਪਏ ਦਾ ਸੀ। ਇਸ ’ਚ ਕਾਫੀ ਗੜਬੜ ਹੋਈ ਸੀ। ਕਈ ਠੇਕੇਦਾਰਾਂ ਦੇ ਭੁਗਤਾਨ ਰੋਕੇ ਗਏ ਸਨ ਪਰ ਦਬਾਅ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਹੁਕਮ ਜਾਰੀ ਕੀਤਾ ਹੈ ਕਿ ਨਿਗਮ ਦੀਆਂ ਗੱਡੀਆਂ ਨੂੰ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਨਗਰ ਨਿਗਮ ਦੇ ਨਿਰਦੇਸ਼ਾਂ ਮੁਤਾਬਕ ਹੀ ਕੀਤੀ ਜਾਵੇਗੀ। ਇਸ ਦੀ ਜਾਣਕਾਰੀ ਨਗਰ ਨਿਗਮ ਹਰ ਰੋਜ਼ ਸ਼ਾਮ ਨੂੰ ਪੈਟਰੋਲ ਪੰਪ ਨੂੰ ਭੇਜੇਗਾ ਤੇ ਉਸੇ ਮੁਤਾਬਕ ਅਗਲੇ ਦਿਨ ਸਵੇਰੇ ਗੱਡੀਆਂ ਨੂੰ ਡੀਜ਼ਲ ਮਿਲੇਗਾ, ਜਿਸ ਗੱਡੀ ਦੀ ਡਿਟੇਲ ਨਗਰ ਨਿਗਮ ਨਹੀਂ ਭੇਜੇਗਾ, ਉਸ ਨੂੰ ਡੀਜ਼ਲ ਨਹੀਂ ਮਿਲੇਗਾ। ਉਨ੍ਹਾਂ ਇਹ ਵੀ ਹੁਕਮ ਦਿੱਤਾ ਹੈ ਕਿ ਪੈਟਰੋਲ ਪੰਪ ’ਤੇ ਨਗਰ ਨਿਗਮ ਦਾ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਰਹੇਗਾ। ਪੰਜਾਬ ਐਗਰੋ ਦੇ ਪੈਟਰੋਲ ਪੰਪ ’ਤੇ ਜਿਸ ਗੱਡੀ ’ਚ ਤੇਲ ਭਰਿਆ ਜਾਵੇਗਾ, ਉਸ ਦੀ ਡਿਟੇਲ ਹਰ ਰੋਜ਼ ਸ਼ਾਮ ਨੂੰ ਨਗਰ ਨਿਗਮ ਦੀ ਮੰਗ ਮੁਤਾਬਕ ਭੇਜੀ ਜਾਵੇਗੀ। ਬਾਕਸ-- ਕਈ ਸ਼ਾਖਾਵਾਂ ’ਚ ਟ੍ਰਾਂਸਫਰਾਂ ਦਾ ਵਿਰੋਧ, ਇਕ ਯੂਨੀਅਨ ਨੇ ਕੂੜਾ ਲਿਫਟਿੰਗ ਰੋਕੀ ਨਗਰ ਨਿਗਮ ਦੀ ਡਰਾਈਵਰ ਤੇ ਟੈਕਨੀਕਲ ਵਰਕਰ ਯੂਨੀਅਨ ਨੇ ਕੂੜਾ ਚੁੱਕਣ ਦਾ ਕੰਮ ਰੋਕ ਦਿੱਤਾ ਹੈ। ਯੂਨੀਅਨ ਦੇ ਪ੍ਰਧਾਨ ਸ਼ਮੀ ਲੂਥਰ ਦਾ ਦੋਸ਼ ਹੈ ਕਿ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ’ਚ ਦਬਾਅ ’ਚ ਆਰਡਰ ਦਿੱਤੇ ਜਾ ਰਹੇ ਹਨ। ਇਹ ਆਰਡਰ ਕਰਮਚਾਰੀਆਂ ਦੇ ਹਿੱਤਾਂ ਦੇ ਖ਼ਿਲਾਫ਼ ਹਨ। ਇਸ ਵਿਰੋਧ ’ਚ ਉਨ੍ਹਾਂ ਨੇ ਅੱਜ ਗੱਡੀਆਂ ’ਚ ਡੀਜ਼ਲ ਨਹੀਂ ਭਰਿਆ ਤੇ ਕੂੜਾ ਉਠਾਉਣ ਦਾ ਕੰਮ ਰੋਕ ਦਿੱਤਾ ਹੈ। ਸ਼ਮੀ ਲੂਥਰ ਨੇ ਕਿਹਾ ਕਿ ਜਦ ਤੱਕ ਸਾਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਕੁਝ ਲੋਕਾਂ ਦੇ ਆਰਡਰ ’ਤੇ ਸ਼ਾਖਾਵਾਂ ’ਚ ਆਰਡਰ ਦਿੱਤੇ ਜਾ ਰਹੇ ਹਨ ਤਦ ਤੱਕ ਉਹ ਕੰਮ ਨਹੀਂ ਕਰਨਗੇ। ਇਸ ਮੌਕੇ ’ਤੇ ਲੂਥਰ, ਬੰਟੂ ਸੱਭਰਵਾਲ, ਰਿੰਪੀ ਕਲਿਆਣ, ਰਾਜਨ, ਕਲਿਆਣ, ਮਨਦੀਪ, ਮਿੱਠੂ, ਸਿਕੰਦਰ ਖੋਸਲਾ, ਹਿਤੇਸ਼ ਨਾਹਰ, ਸੁਨੀਲ ਦੱਤ, ਬੌਬੀ, ਵਿਨੋਦ ਗਿੱਲ, ਮਨੀਸ਼ ਬਾਬਾ ਆਦਿ ਮੌਜੂਦ ਰਹੇ।