ਲਾਡੋਵਾਲ ਟੋਲ ਪਲਾਜ਼ਾ ’ਤੇ ਲੰਬਾ ਜਾਮ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
5 ਕਿਲੋਮੀਟਰ ਤਕ ਲੱਗਿਆ
Publish Date: Sun, 30 Nov 2025 10:52 PM (IST)
Updated Date: Mon, 01 Dec 2025 04:12 AM (IST)

5 ਕਿਲੋਮੀਟਰ ਤਕ ਲੱਗਿਆ ਲੰਬਾ ਜਾਮ, ਰਾਤ 8 ਵਜੇ ਤਕ ਰਿਹਾ ਜਾਰੀ ਜਾਗਰਣ ਸੰਵਾਦਦਾਤਾ, ਫਿਲੌਰ ਲਾਡੋਵਾਲ ਟੋਲ ਪਲਾਜ਼ਾ ’ਤੇ ਸ਼ਨੀਵਾਰ ਤੋਂ ਬਾਅਦ ਅੱਜ ਦੂਜੇ ਦਿਨ ਵੀ 5 ਕਿਲੋਮੀਟਰ ਲੰਬਾ ਜਾਮ ਲੱਗਿਆ, ਜੋ ਟੋਲ ਪਲਾਜ਼ਾ ਤੋਂ ਸ਼ੁਰੂ ਹੋ ਕੇ ਫਿਲੌਰ ਸ਼ਹਿਰ ਤੱਕ ਪਹੁੰਚ ਗਿਆ। ਇਹ ਜਾਮ ਦੁਪਹਿਰ ਦੇ ਸਮੇਂ ਸ਼ੁਰੂ ਹੋਇਆ ਤੇ ਰਾਤ 8 ਵਜੇ ਤੱਕ ਜਾਰੀ ਰਿਹਾ। ਪਿਛਲੇ 2 ਮਹੀਨਿਆਂ ਤੋਂ ਹਰ ਹਫ਼ਤੇ ਦੇ 2 ਦਿਨ ਸ਼ਨੀਵਾਰ ਤੇ ਐਤਵਾਰ ਟੋਲ ਪਲਾਜ਼ਾ ’ਤੇ ਵਾਹਨਾਂ ਦੇ ਜਾਮ ਲੱਗਣ ਦਾ ਸਿਲਸਿਲਾ ਜਾਰੀ ਹੈ। ਜਾਮ ਵਿਚ ਫਸੇ ਲੋਕਾਂ ਦਾ ਗੁੱਸਾ ਭੜਕ ਗਿਆ ਤੇ ਉਹ ਆਪਣੇ ਵਾਹਨਾਂ ਤੋਂ ਬਾਹਰ ਨਿਕਲ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਲੋਕਾਂ ਦੇ ਇਸ ਗੁੱਸੇ ਨੂੰ ਦੇਖਦੇ ਹੋਏ ਥਾਣਾ ਮੁਖੀ ਅਮਨ ਸੈਣੀ ਨੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਸਖਤ ਫਟਕਾਰ ਲਾਈ ਤੇ ਚਿਤਾਵਨੀ ਦਿੱਤੀ ਕਿ ਜੇ ਦੁਬਾਰਾ ਜਾਮ ਲੱਗਾ ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਫ਼ਤੇ ਦੇ 2 ਦਿਨਾਂ ’ਚ ਲੁਧਿਆਣਾ ਤੋਂ ਜਲੰਧਰ ਤੇ ਜਲੰਧਰ ਤੋਂ ਲੁਧਿਆਣਾ ਜਾਣ ਵਾਲੇ ਲੋਕਾਂ ਨੂੰ ਲਾਡੋਵਾਲ ਟੋਲ ਪਲਾਜ਼ਾ ’ਤੇ ਲੰਬੇ ਜਾਮ ’ਚ ਫਸਣ ਦੀ ਸੰਭਾਵਨਾ ਹੁੰਦੀ ਹੈ। ਇਹ ਦਿਨ ਛੁੱਟੀਆਂ ਦੇ ਕਾਰਨ ਵਾਹਨਾਂ ਦੀ ਸੰਖਿਆ ਵਧ ਜਾਂਦੀ ਹੈ ਤੇ ਹਰ ਸ਼ਨੀਵਾਰ ਨੂੰ ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਰਾਧਾ ਸੁਆਮੀ ਸਤਿਸੰਗ ਦੇ ਸ਼ਰਧਾਲੂਆਂ ਦੇ ਵਾਹਨ ਵੀ ਪਲਾਜ਼ਾ ਤੋਂ ਲੰਘਦੇ ਹਨ, ਜਿਸ ਨਾਲ ਵਾਹਨਾਂ ਦੀ ਗਿਣਤੀ ਹੋਰ ਵਧ ਜਾਂਦੀ ਹੈ। ਲਾਡੋਵਾਲ ਟੋਲ ਪਲਾਜ਼ਾ ’ਤੇ ਪਿਛਲੇ ਦੋ ਮਹੀਨਿਆਂ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਹਫ਼ਤੇ ਦੇ ਇਨ੍ਹਾਂ ਦਿਨਾਂ ’ਚ ਜਾਮ ਲੱਗਣਾ ਸ਼ੁਰੂ ਹੋ ਜਾਂਦਾ ਹੈ, ਜੋ ਕਿ ਘੱਟੋ-ਘੱਟ 5 ਕਿਲੋਮੀਟਰ ਤੱਕ ਪਹੁੰਚ ਜਾਂਦਾ ਹੈ ਤੇ ਰਾਤ ਦੇ ਸਮੇਂ ਤੱਕ ਜਾਰੀ ਰਹਿੰਦਾ ਹੈ। ਇਸ ਜਾਮ ’ਚ ਫਸ ਕੇ ਲੋਕਾਂ ਨੂੰ ਨਾ ਸਿਰਫ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਇਹ ਉਨ੍ਹਾਂ ਦੀ ਆਰਥਿਕਤਾ ’ਤੇ ਵੀ ਬੁਰਾ ਅਸਰ ਪਾਉਂਦਾ ਹੈ। ਪ੍ਰਿੰਸਿਪਲ ਸੁਸ਼ੀਲਾ ਕੁਮਾਰੀ ਤੇ ਰੀਨਾ ਤੰਗੜੀ ਨੇ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਤੇ ਇੱਥੇ ਦੇ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਜਾਮ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਵਾਹਨਾਂ ’ਤੇ ਫਾਸਟ ਟੈਗ ਲੱਗੇ ਹੋਏ ਹਨ, ਜਿਸ ਦਾ ਮਤਲਬ ਹੈ ਕਿ ਵਾਹਨ ਪਲਾਜ਼ਾ ’ਤੇ ਬਿਨਾਂ ਰੁਕੇ ਹੌਲੀ-ਹੌਲੀ ਲੰਘ ਜਾਣਗੇ ਪਰ ਅਫਸੋਸ ਫਾਸਟ ਟੈਗ ਹੋਣ ਦੇ ਬਾਵਜੂਦ ਪਲਾਜ਼ਾ ’ਤੇ ਲੱਗੇ ਕੈਮਰੇ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੇ, ਜਿਸ ਕਾਰਨ ਪੁਰਾਣਾ ਸਿਸਟਮ ਚੱਲ ਰਿਹਾ ਹੈ। ਨੀਰਜ ਸ਼ਰਮਾ ਨੇ ਕਿਹਾ ਕਿ ਇਸ ਪੁਰਾਣੇ ਸਿਸਟਮ ਕਾਰਨ ਹੀ ਉੱਥੇ ਹਰ ਰੋਜ਼ ਜਾਮ ਲੱਗਦਾ ਹੈ ਤੇ ਉਹ ਹਰ ਦਿਨ ਇਸ ਜਾਮ ’ਚ ਫਸ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਜਾਮ ਕਾਰਨ ਉਨ੍ਹਾਂ ਦੀ ਗੱਡੀ 2-2 ਘੰਟੇ ਤੱਕ ਫਸ ਜਾਂਦੀ ਹੈ ਤੇ ਉਨ੍ਹਾਂ ਨੇ ਦੇਖਿਆ ਹੈ ਕਿ ਟੋਲ ਪਲਾਜ਼ਾ ’ਤੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈ ਨਾ ਹੀ ਕਿਸੇ ਬਜ਼ੁਰਗ ਜਾਂ ਮਰੀਜ਼ ਲਈ ਬੈਠਣ ਦੀ ਸਹੂਲਤ ਹੈ। ਇਸ ਲੰਬੇ ਜਾਮ ’ਚ ਘੰਟਿਆਂ ਤੱਕ ਜਿੱਥੇ ਵੀਆਈਪੀ ਵਾਹਨ ਫਸੇ ਰਹਿੰਦੇ ਹਨ, ਉੱਥੇ ਮਰੀਜ਼ਾਂ ਨੂੰ ਲੈ ਕੇ ਆ ਰਹੀਆਂ ਐਂਬੂਲੈਂਸਾਂ ਵੀ ਫਸੀਆਂ ਹੋਈਆਂ ਦਿਖਾਈ ਦਿੰਦੀਆਂ ਹਨ। ਹਰ ਰੋਜ਼ ਹੋ ਰਹੀ ਮੁਸ਼ਕਲਾਂ ਤੋਂ ਤੰਗ ਆ ਕੇ ਅੱਜ ਲੋਕਾਂ ਦਾ ਗੁੱਸਾ ਭੜਕ ਗਿਆ ਤੇ ਉਨ੍ਹਾਂ ਨੇ ਵਾਹਨਾਂ ਤੋਂ ਬਾਹਰ ਨਿਕਲ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੁਖੀ ਫਿਲਲੌਰ ਇੰਸ. ਅਮਨ ਸੈਨੀ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਵਿਪਨ ਰਾਏ ਨਾਲ ਫੋਨ ’ਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਫਟਕਾਰ ਲਾਈ ਤੇ ਚਿਤਾਵਨੀ ਦਿੱਤੀ ਕਿ ਜੇ ਦੁਬਾਰਾ ਪਲਾਜ਼ਾ ’ਤੇ ਜਾਮ ਲੱਗਿਆ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਹਫ਼ਤੇ ਪਲਾਜ਼ਾ ਦੇ ਕਰਮਚਾਰੀਆਂ ਦੀ ਨਾਲਾਇਕੀ ਕਾਰਨ ਜੋ ਜਾਮ ਲੱਗਦਾ ਹੈ, ਉਸ ਨਾਲ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਜਾਮ ਨੂੰ ਖੋਲ੍ਹਣ ਲਈ ਉਨ੍ਹਾਂ ਨੂੰ ਆਪਣੀ ਪੂਰੀ ਪੁਲਿਸ ਫੋਰਸ ਲਾਉਣੀ ਪੈਂਦੀ ਹੈ।