ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਪਰਿਵਾਰ ਨੇ ਲਾਇਆ ਧਰਨਾ
ਅਮਨਦੀਪ ਦੀ ਮਾਂ ਨੇ
Publish Date: Fri, 21 Nov 2025 10:01 PM (IST)
Updated Date: Sat, 22 Nov 2025 04:13 AM (IST)

ਅਮਨਦੀਪ ਦੀ ਮਾਂ ਨੇ ਮੰਗੇਤਰ ਦੇ ਪਰਿਵਾਰ ਤੇ ਕੌਂਸਲਰ ਪਤੀ ’ਤੇ ਲਾਇਆ ਸੋਸ਼ਣ ਦੋਸ਼ ਪੁਲਿਸ ਨੇ ਕਾਰਵਾਈ ਦਾ ਦਿੱਤਾ ਭਰੋਸਾ ਜਾਗਰਣ ਸੰਵਾਦਦਾਤਾ, ਜਲੰਧਰ ਜਲੰਧਰ ਦੇ ਭਾਰਗੋ ਕੈਂਪ ਨਿਊ ਸੁਰਾਜਗੰਜ ’ਚ ਕੁਝ ਦਿਨ ਪਹਿਲਾਂ ਇਕ ਨੌਜਵਾਨ ਨੇ ਕੁੜੀ ਦੇ ਵਿਆਹ ਤੋਂ ਇਨਕਾਰ ਕਰਨ ਕਾਰਨ ਆਤਮ-ਹੱਤਿਆ ਕਰ ਲਈ ਸੀ। ਮਰਹੂਮ ਨੌਜਵਾਨ ਅਮਨਦੀਪ ਦੀ ਮਾਂ ਅੰਜਲੀ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮੰਗੇਤਰ ਕਸ਼ਿਸ਼, ਉਸ ਦੇ ਮਾਤਾ-ਪਿਤਾ, ਨਾਨੀ ਤੇ ਕੌਂਸਲਰ ਪਤੀ ਸੁਦੇਸ਼ ਭਗਤ ਸਮੇਤ ਕਈ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਪਰ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੀੜਤ ਪਰਿਵਾਰ ’ਚ ਰੋਸ ਬਣਿਆ ਹੋਇਆ ਹੈ। ਵੀਰਵਾਰ ਨੂੰ ਮਰਹੂਮ ਦੇ ਪਰਿਵਾਰ ਤੇ ਇਲਾਕਾ ਵਾਸੀਆਂ ਨੇ ਭਾਰਗੋ ਕੈਂਪ ਚੌਕ ’ਚ ਧਰਨਾ ਦੇ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਸਿਰਫ ਕੇਸ ਦਰਜ ਕਰ ਕੇ ਖਾਨਾਪੂਰੀ ਕੀਤੀ ਹੈ ਪਰ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਧਰਨੇ ਦੌਰਾਨ ਮਰਹੂਮ ਦੀ ਮਾਂ ਅੰਜਲੀ ਨੇ ਦੱਸਿਆ ਕਿ ਉਸ ਦਾ ਪੁੱਤਰ ਲੰਬੇ ਸਮੇਂ ਤੋਂ ਮਾਨਸਿਕ ਤਣਾਅ ’ਚ ਸੀ। ਉਸ ਨੇ ਕਈ ਵਾਰੀ ਪਰਿਵਾਰ ਨੂੰ ਦੱਸਿਆ ਸੀ ਕਿ ਉਸ ਦੀ ਮੰਗੇਤਰ ਕਸ਼ਿਸ਼ ਦਾ ਪਰਿਵਾਰ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕਰ ਰਿਹਾ ਤੇ ਲਗਾਤਾਰ ਉਸ ਨੂੰ ਅਪਮਾਨਿਤ ਕਰ ਰਿਹਾ ਹੈ। ਅੰਜਲੀ ਨੇ ਦੋਸ਼ ਲਾਇਆ ਕਿ ਕਸ਼ਿਸ਼ ਦੇ ਮਾਤਾ-ਪਿਤਾ ਰੇਖਾ ਤੇ ਹੈਪੀ, ਨਾਲ ਹੀ ਉਸ ਦੀ ਨਾਨੀ, ਅਮਨਦੀਪ ਨੂੰ ਅਕਸਰ ਤਾਅਨੇ ਮਾਰਦੇ ਰਹੇ। ਇਸ ਤੋਂ ਇਲਾਵਾ ਕੌਂਸਲਰ ਪਤੀ ਸੁਦੇਸ਼ ਭਗਤ ਨਾਲ ਮਿਲ ਕੇ ਕਸ਼ਿਸ਼ ਵੀ ਅਮਨਦੀਪ ’ਤੇ ਰਿਸ਼ਤਾ ਤੋੜਨ ਦਾ ਦਬਾਅ ਬਣਾ ਰਹੀ ਸੀ। ਲਗਾਤਾਰ ਤਣਾਅ ਤੇ ਸੋਸ਼ਣ ਕਾਰਨ ਅਮਨਦੀਪ ਨੇ ਆਤਮ-ਹੱਤਿਆ ਕਰ ਲਈ। ਪਰਿਵਾਰ ਨੇ ਬੁੱਧਵਾਰ ਦੁਪਹਿਰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਕਰੀਬ ਇਕ ਘੰਟੇ ਤੱਕ ਧਰਨਾ ਚੱਲਿਆ, ਜਿਸ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਧਰਨੇ ਦੀ ਜਾਣਕਾਰੀ ਮਿਲਦੇ ਹੀ ਭਾਰਗੋ ਕੈਂਪ ਥਾਣੇ ਦੇ ਐੱਸਐੱਚਓ ਮੋਹਨ ਮੌਕੇ ’ਤੇ ਪਹੁੰਚੇ ਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੁਲਿਸ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇ ਮਾਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਸਥਾਨਾਂ ’ਤੇ ਛਾਪੇ ਮਾਰੇ ਗਏ ਪਰ ਅਜੇ ਤੱਕ ਹੱਥ ਨਹੀਂ ਲੱਗੇ ਹਨ। ਐੱਸਐੱਚਓ ਦਾ ਕਹਿਣਾ ਹੈ ਕਿ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।